ਰਾਜਦੂਤ ਕੈਨੈਥ ਆਈਨ ਜਸਟਰ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਰਾਜਦੂਤ ਕੈਨੈਥ ਆਈਨ ਜਸਟਰ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ/ਬਿਊਰੋ ਨਿਊਜ਼ :
ਭਾਰਤ  ‘ਚ ਅਮਰੀਕੀ ਰਾਜਦੂਤ ਕੈਨੈਥ ਆਈਨ ਜਸਟਰ ਮਹਾਰਾਜਾ ਰਣਜੀਤ ਸਿੰਘ ਚਾਕ ਤੋਂ ਵਿਰਾਸਤੀ ਮਾਰਗ ਹੁੰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਗਏ ਤੇ ਸ੍ਰੀ ਦਰਬਾਰ ਸਾਹਿਬ ਵਿਚ ਨਤਮਸਤਕ ਹੋਏ। ਰਸਤੇ ਵਿਚ ਉਨ੍ਹਾਂ ਸ਼ਰਧਾਲੂਆਂ ਨਾਲ ਸੈਲਫ਼ੀਆਂ ਵੀ ਲਈਆਂ। ਉਨ੍ਹਾਂ ਸ਼ਰਧਾ ਸਹਿਤ ਇਸ ਪਾਵਨ ਅਸਥਾਨ ‘ਤੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।
ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਦੇ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੇ ਪਰਿਕਰਮਾ ਦੌਰਾਨ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਇਥੇ ਸਥਿਤ ਹੋਰ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਸਮੇਂ ਹੋਏ ਅਨੂਠੇ ਅਨੁਭਵ ਨੂੰ ਸੂਚਨਾ ਕੇਂਦਰ ਦੀ ਯਾਤਰੂ ਪੁਸਤਕ ਵਿਚ ਦਰਜ ਕਰਦਿਆਂ ਉਨ੍ਹਾਂ ਲਿਖਿਆ ਕਿ ਇਹ ਅਸਥਾਨ ਬੇਹੱਦ ਸ਼ਾਨਦਾਰ ਤੇ ਮਨਮੋਹਕ ਹੈ ਤੇ ਉਨ੍ਹਾਂ ਦੀ ਇਹ ਯਾਤਰਾ ਯਾਦਗਾਰੀ ਹੈ।
ਦਰਸ਼ਨ ਕਰਨ ਉਪਰੰਤ ਮਿਸਟਰ ਜਸਟਰ ਨੂੰ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਸੁੰਦਰ ਮਾਡਲ ਤੇ ਸਿੱਖ ਇਤਿਹਾਸ ਦੀਆਂ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ।