ਪਨੀਰਸੇਲਵਮ ਦੀ ਬਗ਼ਾਵਤ ਮਗਰੋਂ ਵਿਧਾਇਕਾਂ ਨੂੰ ਅਣਦੱਸੀ ਥਾਂ ਲੈ ਗਈ ਸ਼ਸ਼ੀਕਲਾ

ਪਨੀਰਸੇਲਵਮ ਦੀ ਬਗ਼ਾਵਤ ਮਗਰੋਂ ਵਿਧਾਇਕਾਂ ਨੂੰ ਅਣਦੱਸੀ ਥਾਂ ਲੈ ਗਈ ਸ਼ਸ਼ੀਕਲਾ

ਕੈਪਸ਼ਨ—ਚੇਨੱਈ ਵਿੱਚ ਬੁੱਧਵਾਰ ਨੂੰ ਆਪਣੇ ਗ੍ਰਹਿ ਵਿਖੇ ਕੀਤੀ ਪ੍ਰੈਸ ਕਾਨਫਰੰਸ ਮੌਕੇ ਸੰਬੋਧਨ ਕਰਦੇ ਹੋਏ ਤਾਮਿਲ ਨਾਡੂ ਦੇ ਮੁੱਖ ਮੰਤਰੀ ਓ. ਪਨੀਰਸੇਲਵਮ।

ਚੇਨਈ/ਬਿਊਰੋ ਨਿਊਜ਼ :
ਮੁੱਖ ਮੰਤਰੀ ਓ ਪਨੀਰਸੇਲਵਮ ਵੱਲੋਂ ਬਗ਼ਵਤ ਕਰਨ ਮਗਰੋਂ ਅੰਨਾ ਡੀਐਮਕੇ ਦੀ ਜਨਰਲ ਸਕੱਤਰ ਵੀ.ਕੇ. ਸ਼ਸ਼ੀਕਲਾ ਨੇ ਜ਼ਾਹਰਾ ਤੌਰ ਉਤੇ ਵਿਧਾਇਕਾਂ ਦੀ ਬਹੁਗਿਣਤੀ ਨੂੰ ਆਪਣੇ ਪੱਖ ਵਿੱਚ ਕਰ ਲਿਆ। ਉਧਰ ਰਾਜਪਾਲ ਵਿੱਦਿਆਸਾਗਰ ਰਾਓ ਨੇ ਚੇਨਈ ਪਹੁੰਚਣ ਦਾ ਸੰਕੇਤ ਦਿੱਤਾ ਹੈ। ਦੂਜੇ ਪਾਸੇ ਸ੍ਰੀ ਪਨੀਰਸੇਲਵਮ ਨੇ ਦਾਅਵਾ ਕੀਤਾ ਕਿ ਤਾਮਿਲਨਾਡੂ ਵਿਧਾਨ ਸਭਾ ਵਿੱਚ ਭਰੋਸੇ ਦੇ ਵੋਟ ਸਮੇਂ ਵਿਧਾਇਕ ਉਸ ਦਾ ਸਾਥ ਦੇਣਗੇ।
ਬਗ਼ਾਵਤੀ ਸੁਰ ਉੱਠਣ ਤੋਂ ਬਾਅਦ ਸ਼ਸ਼ੀਕਲਾ ਨੇ ਆਪਣੀ ਤਾਕਤ ਦਿਖਾਉਣ ਲਈ ਪਾਰਟੀ ਹੈੱਡਕੁਆਰਟਰ ਉਤੇ ਵਿਧਾਇਕਾਂ ਦੀ ਮੀਟਿੰਗ ਸੱਦੀ ਅਤੇ ਬਾਅਦ ਵਿੱਚ ਉਹ ਵਿਧਾਇਕਾਂ ਨੂੰ ਬੱਸਾਂ ਵਿੱਚ ਬਿਠਾ ਕੇ ਕਿਸੇ ਅਣਦੱਸੀ ਥਾਂ ਲੈ ਗਏ। ਰਿਪੋਰਟਾਂ ਹਨ ਕਿ ਜੇ ਸ਼ਸ਼ੀਕਲਾ ਨੂੰ ਸਹੁੰ ਚੁਕਾਉਣ ਵਿੱਚ ਰਾਜਪਾਲ ਦੇਰੀ ਕਰਨਗੇ ਤਾਂ ਅੰਨਾ ਡੀਐਮਕੇ ਵਿਧਾਇਕਾਂ ਨੂੰ ਰਾਸ਼ਟਰਪਤੀ ਸਾਹਮਣੇ ਪੇਸ਼ ਕਰ ਸਕਦੀ ਹੈ। ਹਾਲਾਂਕਿ ਇਨ੍ਹਾਂ ਰਿਪੋਰਟਾਂ ਦੀ    ਪੁਸ਼ਟੀ ਨਹੀਂ ਹੋ ਸਕੀ। ਸ਼ਸ਼ੀਕਲਾ ਨੇ ਵਿਧਾਇਕਾਂ ਨੂੰ ਕਿਹਾ ਕਿ ਪਨੀਰਸੇਲਵਮ ਨੇ ਪਾਰਟੀ ਨਾਲ ਧੋਖਾ ਕੀਤਾ ਅਤੇ ਇਸ ਦਾ ਪੂਰੀ ਤਰ੍ਹਾਂ ਡੀਐਮਕੇ ਵਿੱਚ ਰਲੇਵਾਂ ਕਰ ਦਿੱਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕੁਝ ਦਿਨਾਂ ਤੋਂ ਪਨੀਰਸੇਲਵਮ ਦੀਆਂ ਕਾਰਵਾਈਆਂ ਦੀ ਕਨਸੋਅ ਮਿਲ ਰਹੀ ਸੀ। ਕੱਟੜ ਵਿਰੋਧੀ ਡੀਐਮਕੇ ਉਤੇ ਪਾਰਟੀ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਾਉਂਦਿਆਂ ਸ਼ਸ਼ੀਕਲਾ ਨੇ ਕਿਹਾ ਕਿ ਅੰਨਾ ਡੀਐਮਕੇ ਵਿੱਚ ‘ਗੱਦਾਰੀ’ ਦੀ ਕਦੇ ਜਿੱਤ ਨਹੀਂ ਹੋਵੇਗੀ ਅਤੇ ਕੋਈ ਵੀ ਪਾਰਟੀ ਨੂੰ ਵੰਡ ਨਹੀਂ ਸਕੇਗਾ।
ਦੂਜੇ ਪਾਸੇ ਪਨੀਰਸੇਲਵਮ ਨੇ ਕਿਹਾ ਹੈ ਕਿ ਜੈਲਲਿਤਾ ਦੀ ਸਿਹਤ ਤੇ ਮੌਤ ਬਾਰੇ ‘ਸ਼ੰਕਿਆਂ’ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਹੇਠ ਜਾਂਚ ਕਮਿਸ਼ਨ ਬਣਾਇਆ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਬਹੁਗਿਣਤੀ ਵਿਧਾਇਕਾਂ ਦਾ ਸਮਰਥਨ ਹੈ ਅਤੇ ਉਹ ਢੁਕਵੇਂ ਸਮੇਂ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰਨਗੇ। ਸ੍ਰੀ ਪਨੀਰਸੇਲਵਮ ਨੇ ਡੀਐਮਕੇ ਨਾਲ ਗੰਢ-ਤੁੱਪ ਦੇ ਦੋਸ਼ਾਂ ਤੋਂ ਇਨਕਾਰ ਕੀਤਾ। ਇਸ ਦੌਰਾਨ ਡੀਐਮਕੇ ਦੇ ਕਾਰਜਕਾਰੀ ਪ੍ਰਧਾਨ ਐਮ.ਕੇ. ਸਟਾਲਿਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਅੰਨਾ ਡੀਐਮਕੇ ਦੇ ਅੰਦਰੂਨੀ ਝਗੜਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉੱਧਰ ਕਾਂਗਰਸ ਨੇ ਦੋਸ਼ ਲਾਇਆ ਕਿ ਭਾਜਪਾ ਤਾਮਿਲਨਾਡੂ ਦੇ ਵਿਵਾਦ ਦਾ ਲਾਹਾ ਲੈਣ ਦੀ ਤਾਕ ਵਿੱਚ ਹੈ। ਉਸ ਨੇ ਰਾਜਪਾਲ ਨੂੰ ਸੂਬੇ ਵਿੱਚ ਨਾ ਜਾਣ ਲਈ ਆਖਿਆ ਹੈ।