ਕੈਪਟਨ ਸਰਕਾਰ ਵੱਲੋਂ ਅੰਮ੍ਰਿਤਸਰ ‘ਚ ਪਾਰਟੀਸ਼ਨ ਮਿਊਜ਼ੀਅਮ ਦਾ ਦੂਜੀ ਵਾਰ ਉਦਘਾਟਨ

ਕੈਪਟਨ ਸਰਕਾਰ ਵੱਲੋਂ ਅੰਮ੍ਰਿਤਸਰ ‘ਚ ਪਾਰਟੀਸ਼ਨ ਮਿਊਜ਼ੀਅਮ ਦਾ ਦੂਜੀ ਵਾਰ ਉਦਘਾਟਨ

ਕੈਪਸ਼ਨ-ਅੰਮ੍ਰਿਤਸਰ ਵਿੱਚ ਪਾਰਟੀਸ਼ਨ ਮਿਊਜ਼ੀਅਮ ਦੇ ਉਦਘਾਟਨ ਮੌਕੇ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਫ਼ਿਲਮਸਾਜ਼ ਗੁਲਜ਼ਾਰ। 

ਅੰਮ੍ਰਿਤਸਰ/ਬਿਊਰੋ ਨਿਊਜ਼ :
ਭਾਰਤ-ਪਾਕਿ ਵੰਡ ਦੀ ਯਾਦ ਵਿੱਚ ਬਣਾਏ ਦੇਸ਼ ਦੇ ਪਹਿਲੇ ਅਜਾਇਬਘਰ (ਪਾਰਟੀਸ਼ਨ ਮਿਊਜ਼ੀਅਮ) ਦਾ ਪੰਜਾਬ ਸਰਕਾਰ ਵੱਲੋਂ ਦੂਜੀ ਵਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਘੇ ਕਵੀ ਤੇ ਫ਼ਿਲਮਸਾਜ਼ ਗੁਲਜ਼ਾਰ ਤੇ ਹੋਰਨਾਂ ਨੇ ਵੰਡ ਦੇ ਤਜਰਬੇ ਸਾਂਝੇ ਕੀਤੇ।
ਟਾਊਨ ਹਾਲ ਦੀ ਸਦੀ ਪੁਰਾਣੀ ਇਮਾਰਤ ਵਿੱਚ ਸਥਾਪਤ ਇਸ ਅਜਾਇਬਘਰ ਦਾ ਉਦਘਾਟਨ ਪਹਿਲਾਂ ਪਿਛਲੇ ਵਰ੍ਹੇ 24 ਅਕਤੂਬਰ ਨੂੰ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕੀਤਾ ਸੀ ਅਤੇ ਇਸ ਵਾਰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਦੂਜੀ ਵਾਰ ਉਦਘਾਟਨ ਕੀਤਾ ਹੈ। ਇਹ ਅਜਾਇਬਘਰ ਪੰਜਾਬ ਸਰਕਾਰ ਦੇ ਸਹਿਯੋਗ ਨਾਲ ‘ਦਿ ਆਰਟਸ ਐਂਡ ਕਲਚਰਲ ਹੈਰੀਟੇਜ ਟਰੱਸਟ’ ਵੱਲੋਂ ਸਥਾਪਤ ਕੀਤਾ ਗਿਆ ਹੈ। ਉਦਘਾਟਨੀ ਰਸਮ ਤੋਂ ਬਾਅਦ ਵੰਡ ਵੇਲੇ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਰੱਖਿਆ ਗਿਆ।
ਕੈਪਟਨ ਨੇ ਆਪਣੀਆਂ ਯਾਦਾਂ ਤਾਜ਼ੀਆਂ ਕਰਦਿਆਂ ਆਖਿਆ ਕਿ ਉਸ ਵੇਲੇ ਉਹ ਅੱਲ੍ਹੜ ਉਮਰ ਵਿੱਚ ਸਨ। ਸ਼ਿਮਲਾ ਸਥਿਤ ਆਪਣੇ ਬੋਰਡਿੰਗ ਸਕੂਲ ਤੋਂ ਰੇਲ ਗੱਡੀ ਰਾਹੀਂ ਘਰ ਪਰਤ ਰਹੇ ਸਨ ਤੇ ਰਸਤੇ ਵਿੱਚ ਇੱਕ ਸਟੇਸ਼ਨ ‘ਤੇ ਉਨ੍ਹਾਂ ਨੇ ਲਾਸ਼ਾਂ ਪਈਆਂ ਦੇਖੀਆਂ ਸਨ। ਉਹ ਗੱਲ ਉਨ੍ਹਾਂ ਨੂੰ ਅੱਜ ਤੱਕ ਨਹੀਂ ਭੁੱਲੀ। ਉਨ੍ਹਾਂ ਨੇ  ਆਪਣੀ ਮਾਂ ਮਹਿੰਦਰ ਕੌਰ ਵੱਲੋਂ ਦੇਸ਼ ਵੰਡ ਵੇਲੇ ਕੀਤੇ ਕੰਮ ਨੂੰ ਵੀ ਚੇਤੇ ਕੀਤਾ। ਰਾਜ ਮਾਤਾ ਨੇ ਉਸ ਵੇਲੇ ਸ਼ਰਨਾਰਥੀ ਕੁੜੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਸੀ।
ਉਘੇ ਲੇਖਕ ਗੁਲਜ਼ਾਰ ਨੇ ਵੰਡ ਵੇਲੇ ਦੀ ਹੱਡ ਬੀਤੀ ਆਪਣੀ ਰਚਨਾ ਰਾਹੀਂ ਸਾਂਝੀ ਕੀਤੀ। ਗੁਲਜ਼ਾਰ ਨੇ ਕਿਹਾ ਕਿ ਉਹ ਅਜਿਹਾ ਵੇਲਾ ਸੀ ਜਦੋਂ ਹਰ ਕੋਈ ਆਪਣਾ ਆਪ ਬਚਾਉਣ ਲਈ ਭੱਜ ਰਿਹਾ ਸੀ। ਉਨ੍ਹਾਂ ਦੀ ਮਾਂ ਨੇ ਵੀ ਆਪਣੇ ਸਾਰੇ ਗਹਿਣੇ ਚੁੱਕੇ ਤੇ ਛੋਟੀ ਭੈਣ ਨੂੰ ਘਰੋਂ ਤੁਰਨ ਤੋਂ ਪਹਿਲਾਂ ਦੁੱਧ ਪਿਆਇਆ। ਉਨ੍ਹਾਂ ਨੇ ਖ਼ੁਦ ਇੱਕ ਭਮੀਰੀ ਤੇ ਲਾਟੂ ਜੇਬ ਵਿੱਚ ਰੱਖ ਲਿਆ। ਰਸਤੇ ਵਿੱਚ ਲੋਕਾਂ ਦੀਆਂ ਚੀਕਾਂ ਸੁਣ ਰਹੀਆਂ ਸਨ ਤੇ ਪਤਾ ਹੀ ਨਹੀਂ ਲੱਗਿਆ ਕਿ ਉਹ ਕਦੋਂ ਪਰਿਵਾਰ ਤੋਂ ਵਿਛੜ ਗਏ। ਉਨ੍ਹਾਂ ਦਾ ਬਚਪਨ ਗੁਆਚ ਗਿਆ ਪਰ ਨਾਲ ਲਿਆਂਦਾ ਲਾਟੂ ਤੇ ਭਮੀਰੀ ਅੱਜ ਵੀ ਉਨ੍ਹਾਂ ਨੂੰ ਬਚਪਨ ਦੀ ਯਾਦ ਦਿਵਾਉਂਦੇ ਹਨ। ਉਹ 70 ਸਾਲ ਮਗਰੋਂ ਆਪਣਾ ਘਰ ਦੇਖਣ ਪਾਕਿਸਤਾਨ ਗਏ ਸਨ ਪਰ ਉਦੋਂ ਤੱਕ ਬਹੁਤ ਕੁਝ ਬਦਲ ਚੁੱਕਾ ਸੀ।
ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਅਜਾਇਬਘਰ ਦੇ ਬਾਨੀ ਮੇਘਨਾਦ ਦੇਸਾਈ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ਵੰਡ ਨਾਲ ਪ੍ਰਭਾਵਿਤ ਕਈ ਲੋਕ ਦੁਨੀਆ ਛੱਡ ਚੁੱਕੇ ਹਨ ਅਤੇ ਕਈ ਜ਼ਿੰਦਗੀ ਦੇ ਆਖਰੀ ਪੜਾਅ ‘ਤੇ ਪੁੱਜ ਗਏ ਹਨ। ਇਨ੍ਹਾਂ ਲੋਕਾਂ ਨਾਲ ਹੀ ਇਹ ਯਾਦਾਂ ਤੇ ਪੀੜ ਵੀ ਖ਼ਤਮ ਹੋ ਜਾਵੇਗੀ ਪਰ ਇਸ ਅਜਾਇਬਘਰ ਨੇ ਇਨ੍ਹਾਂ ਯਾਦਾਂ ਨੂੰ ਸਾਂਭ ਲਿਆ ਹੈ। ਇਸ ਵੰਡ ਤੋਂ ਸਬਕ ਲੈਣ ਦੀ ਲੋੜ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਲਾਤ ਪੈਦਾ ਨਾ ਹੋਣ। ਸਮਾਗਮ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਟਰੱਸਟ ਦੀ ਮੁਖੀ ਕਿਸ਼ਵਰ ਦੇਸਾਈ, ਸੋਹੇਲ ਸੇਠ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਗੁਲਜ਼ਾਰ ਦੀ ਵੰਡ ਸਬੰਧੀ ਕਿਤਾਬ ‘ਫੁਟ ਪ੍ਰਿੰਟਸ ਆਫ਼ ਜ਼ੀਰੋ ਲਾਈਨ’ ਵੀ ਜਾਰੀ ਕੀਤੀ ਗਈ।
ਮਜੀਠੀਆ ਬੋਲੇ- ਅਜਾਇਬਘਰ ਸੁਖਬੀਰ ਦੀ ਦੇਣ :
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਵਿਧਾਇਕ ਬਿਕਰਮ ਮਜੀਠੀਆ ਨੇ ਆਖਿਆ ਕਿ ਇਸ ਤੱਥ ਨੂੰ ਕੋਈ ਝੁਠਲਾ ਨਹੀਂ ਸਕਦਾ ਕਿ ਇਹ ਅਜਾਇਬਘਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਤਿਆਰ ਕਰਾਇਆ ਗਿਆ ਸੀ ਤੇ ਇਸ ਦਾ ਪਿਛਲੇ ਸਾਲ 24 ਅਕਤੂਬਰ ਨੂੰ ਉਦਘਾਟਨ ਕੀਤਾ ਗਿਆ ਸੀ। ਅਕਾਲੀ ਦਲ ਨੂੰ ਇਸ ਦੇ ਦੁਬਾਰਾ ਉਦਘਾਟਨ ‘ਤੇ ਨਾਰਾਜ਼ਗੀ ਨਹੀਂ ਹੈ ਪਰ ਕਾਂਗਰਸ ਸਰਕਾਰ ਇਸ ਪ੍ਰੋਜੈਕਟ ‘ਤੇ ਆਪਣੀ ਮਾਲਕੀ ਹੱਕ ਜਤਾ ਰਹੀ ਹੈ, ਜੋ ਜਾਇਜ਼ ਨਹੀਂ ਹੈ।
ਲੰਗਰ ‘ਤੇ ਸੂਬਾਈ ਜੀਐਸਟੀ ਬਾਰੇ ਟਾਲਾ ਵੱਟ ਗਏ ਕੈਪਟਨ :
ਗੁਰਦੁਆਰਿਆਂ ਵਿੱਚ ਲੰਗਰ ਅਤੇ ਪ੍ਰਸਾਦ ਨੂੰ ਜੀਐਸਟੀ ਤੋਂ ਛੋਟ ਦੇਣ ਦੇ ਮੁੱਦੇ ‘ਤੇ ਗੇਂਦ ਕੇਂਦਰ ਸਰਕਾਰ ਦੇ ਪਾਲੇ ਵਿੱਚ ਸੁੱਟਦਿਆਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਖਿਆ ਕਿ ਇਹ ਮੁੱਦਾ ਉਹ ਪਹਿਲਾਂ ਹੀ ਕੇਂਦਰੀ ਵਿੱਤ ਮੰਤਰੀ ਕੋਲ ਰੱਖ ਚੁੱਕੇ ਹਨ ਅਤੇ ਇਸ ਦੀ ਪੈਰਵੀ ਵੀ ਕਰ ਰਹੇ ਹਨ। ਇਸ ਸਬੰਧੀ ਫ਼ੈਸਲਾ ਕੇਂਦਰ ਸਰਕਾਰ ਨੇ ਹੀ ਕਰਨਾ ਹੈ। ਸੂਬਾਈ ਜੀਐਸਟੀ ਤੋਂ ਛੋਟ ਦੇਣ ਬਾਰੇ ਸਵਾਲ ਨੂੰ ਮੁੱਖ ਮੰਤਰੀ ਨੇ ਅਣਸੁਣਿਆ ਕਰ ਦਿੱਤਾ। ਉਨ੍ਹਾਂ ਆਖਿਆ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਇਸ ਮੁਦੇ ‘ਤੇ ਸੂਬਾ ਸਰਕਾਰ ਦੀ ਆਲੋਚਨਾ ਦੀ ਥਾਂ ਕੇਂਦਰ ਕੋਲੋਂ ਜੀਐਸਟੀ ਤੋਂ ਛੋਟ ਦਿਵਾਉਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਮੰਤਰੀ ਨੂੰ ਚਿੱਠੀ ਭੇਜ ਕੇ ਸੂਬਾਈ ਜੀਐਸਟੀ ਤੋਂ ਛੋਟ ਦੇਣ ਦੀ ਮੰਗ ਕੀਤੀ ਜਾ ਚੁੱਕੀ ਹੈ। ਕੈਪਟਨ ਨੇ ਦੋਸ਼ ਲਾਇਆ ਕਿ ਫ਼ਸਲੀ ਕਰਜ਼ਿਆਂ ਦੀ ਮੁਆਫ਼ੀ ਅਤੇ ਹੋਰ ਮਾਮਲਿਆਂ ਸਬੰਧੀ ਅਕਾਲੀ ਆਗੂ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਟੀ ਹੱਕ ਕਮੇਟੀ ਦੀ ਰਿਪੋਰਟ ਬਾਰੇ ਉਨ੍ਹਾਂ ਆਖਿਆ ਕਿ ਕਮੇਟੀ ਕਿਸਾਨ ਭਾਈਚਾਰੇ ਨਾਲ ਸਬੰਧਤ ਹੋਰ ਮੁੱਦਿਆਂ ‘ਤੇ ਕੰਮ ਕਰ ਰਹੀ ਹੈ ਅਤੇ ਛੇਤੀ ਹੀ ਰਿਪੋਰਟ ਪੇਸ਼ ਕਰੇਗੀ।