ਉੱਤਰੀ ਕੋਰੀਆ ਨੇ ਕੀਤੀ ਮਿਜ਼ਾਇਲ ਦਾਗਣ ਦੀ ਤਿਆਰੀ

ਉੱਤਰੀ ਕੋਰੀਆ ਨੇ ਕੀਤੀ ਮਿਜ਼ਾਇਲ ਦਾਗਣ ਦੀ ਤਿਆਰੀ

ਸਿਓਲ/ਬਿਊਰੋ ਨਿਊਜ਼:
ਉੱਤਰ ਕੋਰੀਆ ਵੱਲੋਂ ਇਕ ਹੋਰ ਮਿਜ਼ਾਈਲ ਦਾਗ਼ੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਖਣੀ ਕੋਰੀਆ ਨੇ ਇਸ ਦਾ ਖ਼ਦਸ਼ਾ ਜਤਾਉਂਦਿਆਂ ਆਪਣੀ ਫ਼ੌਜ ਨੂੰ ਚੌਕਸ ਕਰ ਦਿੱਤਾ ਹੈ। ਪਯੋਂਗਯੈਂਗ ਵੱਲੋਂ ਸਭ ਤੋਂ ਵੱਡਾ ਪਰਮਾਣੂ ਪ੍ਰੀਖਣ ਕੀਤੇ ਜਾਣ ਤੋਂ ਬਾਅਦ ਦੱਖਣੀ ਕੋਰੀਆ ‘ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਹਨ। ਰੱਖਿਆ ਮੰਤਰਾਲੇ ਨੇ ਕਿਹਾ ਕਿ ਦੱਖਣੀ ਕੋਰੀਆ ਅਤੇ ਅਮਰੀਕਾ ਵੱਲੋਂ ਉਪਰਲੇ ਇਲਾਕਿਆਂ ਸਬੰਧੀ ਰੱਖਿਆ ਮਿਜ਼ਾਈਲ ਲਾਂਚਰ ਹੋਰ ਤਾਇਨਾਤ ਕੀਤੇ ਜਾਣਗੇ ਜਿਨ੍ਹਾਂ ਨੂੰ ਲੈ ਕੇ ਪੇਈਚਿੰਗ ਨਾਰਾਜ਼ ਸੀ।
ਇਹ ਐਲਾਨ ਉਸ ਸਮੇਂ ਹੋਇਆ ਹੈ ਜਦੋਂ ਸਿਓਲ ਨੇ ਅਭਿਆਸ ਵਜੋਂ ਤੜਕੇ ਕਈ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ। ਤਸਵੀਰਾਂ ‘ਚ ਛੋਟੀ ਦੂਰੀ ਦੀਆਂ ਮਿਜ਼ਾਈਲਾਂ ਹਿਊਨਮੂ ਨੂੰ ਆਸਮਾਨ ‘ਚ ਦਾਗ਼ਿਆ ਦਿਖਾਇਆ ਗਿਆ ਹੈ। ਉੱਤਰ ਕੋਰੀਆ ਨੇ ਐਤਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਹਾਈਡਰੋਜਨ ਬੰਬ ਧਮਾਕਾ ਕੀਤਾ ਹੈ ਅਤੇ ਇਸ ਨੂੰ ਮਿਜ਼ਾਈਲ ‘ਚ ਫਿਟ ਕੀਤਾ ਜਾ ਸਕਦਾ ਹੈ।ਸਰਹੱਦ ਪਾਰ ਰੇਡੀਏਸ਼ਨ ਦੇ ਨਹੀਂ ਮਿਲੇ ਅੰਸ਼: ਚੀਨ: ਚੀਨ ਅਤੇ ਜਪਾਨ ਨੇ ਸੋਮਵਾਰ ਨੂੰ ਕਿਹਾ ਕਿ ਉੱਤਰ ਕੋਰੀਆ ਵੱਲੋਂ ਕੀਤੇ ਗਏ ਪਰਮਾਣੂ ਪ੍ਰੀਖਣ ਕਰਕੇ ਰੇਡੀਏਸ਼ਨ ਦੇ ਕੋਈ ਅੰਸ਼ ਨਹੀਂ ਮਿਲੇ ਹਨ। ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਜ਼ਮੀਨਦੋਜ਼ ਧਮਾਕੇ ਮਗਰੋਂ ਇਸ ‘ਚੋਂ ਰੇਡੀਏਸ਼ਨ ਲੀਕ ਹੋਈ ਹੋਵੇਗੀ।
ਉੱਤਰ ਕੋਰੀਆ ਦੇ ਇਰਾਦਿਆਂ ਨੂੰ ਜਾਣਨ ‘ਚ ਨਾਕਾਮ ਰਹੇ: ਅਮਰੀਕਾ, ਜਪਾਨ ਅਤੇ ਦੱਖਣੀ ਕੋਰੀਆ ਵੱਲੋਂ ਲਾਈਆਂ ਗਿਣਤੀਆਂ-ਮਿਣਤੀਆਂ ਉੱਤਰ ਕੋਰੀਆ ਦੇ ਮਾਮਲੇ ‘ਚ ਨਾਕਾਮ ਸਾਬਿਤ ਹੋਈਆਂ।
ਆਰਮਜ਼ ਕੰਟਰੋਲ ਐਸੋਸੀਏਸ਼ਨ (ਏਸੀਏ) ਨੇ ਕਿਹਾ ਕਿ ਉੱਤਰ ਕੋਰੀਆ ਵੱਲੋਂ ਕੀਤਾ ਗਿਆ ਤਾਜ਼ਾ ਪ੍ਰੀਖਣ ਪੂਰਬੀ ਏਸ਼ੀਆ ‘ਚ ਖ਼ਤਰੇ ਦੀ ਘੰਟੀ ਹੈ। ਉਨ੍ਹਾਂ ਕਿਹਾ ਕਿ ਉੱਤਰ ਕੋਰੀਆ ਦੇ ਪਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮ ‘ਤੇ ਨੱਥ ਪਾਉਣ ‘ਚ ਦੇਰੀ ਦੇ ਨਤੀਜੇ ਵਜੋਂ ਉਹ ਇਹ ਹਥਿਆਰ ਹਾਸਲ ਕਰ ਸਕਿਆ ਹੈ। ਏਸੀਏ ਮੁਤਾਬਕ ਜੌਰਜ ਬੁਸ਼ ਅਤੇ ਬਰਾਕ ਓਬਾਮਾ ਸਮੇਤ ਕਈ ਸਰਕਾਰਾਂ ਦੀਆਂ ਗਿਣਤੀਆਂ ਮਿਣਤੀਆਂ ਅਸਫ਼ਲ ਹੋ ਗਈਆਂ।