ਜਬਰ-ਜਨਾਹ ਕੇਸ ‘ਚ ਪੱਤਰਕਾਰ ਤਰੁਣ ਤੇਜਪਾਲ ਖ਼ਿਲਾਫ਼ ਦੋਸ਼ ਆਇਦ

ਜਬਰ-ਜਨਾਹ ਕੇਸ ‘ਚ ਪੱਤਰਕਾਰ ਤਰੁਣ ਤੇਜਪਾਲ ਖ਼ਿਲਾਫ਼ ਦੋਸ਼ ਆਇਦ

ਪਣਜੀ/ਬਿਊਰੋ ਨਿਊਜ਼ :
ਸਾਲ 2013 ਦੇ ਕਥਿਤ ਜਬਰ ਜਨਾਹ ਕੇਸ ਵਿੱਚ ਗੋਆ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਤਹਿਲਕਾ ਰਸਾਲੇ ਦੇ ਬਾਨੀ ਤਰੁਣ ਤੇਜਪਾਲ ਖ਼ਿਲਾਫ਼ ਜਬਰ ਜਨਾਹ ਅਤੇ ਗ਼ੈਰਕਾਨੂੰਨੀ ਤੌਰ ‘ਤੇ ਬੰਦੀ ਬਣਾ ਕੇ ਰੱਖਣ ਦੇ ਦੋਸ਼ ਆਇਦ ਕੀਤੇ ਹਨ। ਇਸ ਕੇਸ ਦੀ ਸੁਣਵਾਈ 21 ਨਵੰਬਰ ਤੋਂ ਸ਼ੁਰੂ ਹੋਵੇਗੀ। ਤਰੁਣ ਤੇਜਪਾਲ ਦੇ ਵਕੀਲ ਨੇ ਗੋਆ ਦੀ ਮਾਪੁਸਾ ਅਦਾਲਤ ਵਿੱਚ ਅਪੀਲ ਕੀਤੀ ਕਿ ਸੁਣਵਾਈ ਹਾਲੇ ਮੁਲਤਵੀ ਰੱਖੀ ਜਾਵੇ ਕਿਉਂਕਿ ਦੋਸ਼ ਆਇਦ ਕੀਤੇ ਜਾਣ ਨੂੰ ਚੁਣੌਤੀ ਦਿੰਦੀ ਇੱਕ ਪਟੀਸ਼ਨ, ਜਿਹੜੀ ਕਿ ਗੋਆ ਦੀ ਬੰਬੇ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਹੈ, ਕਿਸੇ ਕੰਢੇ ਨਹੀਂ ਲੱਗੀ ਹੈ। ਜੱਜ ਨੇ ਅਪੀਲ ਰੱਦ ਕਰਦਿਆਂ ਤੇਜਪਾਲ ਖ਼ਿਲਾਫ਼ ਦੋਸ਼ ਆਇਦ ਕਰਨ ਨੂੰ ਮਨਜ਼ੂਰੀ ਦੇ ਦਿੱਤੀ। ਤੇਜਪਾਲ ਨੇ ਦਲੀਲ ਦਿੱਤੀ ਕਿ ਉਹ ਦੋਸ਼ੀ ਨਹੀਂ ਹੈ ਅਤੇ ਇਸ ਨਾਲ ਸੁਣਵਾਈ ਦਾ ਰਾਹ ਪੱਧਰਾ ਹੋ ਗਿਆ।
ਤਹਿਲਕਾ ਦੇ ਸਾਬਕਾ ਸੰਪਾਦਕ ‘ਤੇ ਸੰਨ 2013 ਵਿੱਚ ਗੋਆ ਦੇ ਇੱਕ ਪੰਜ ਤਾਰਾ ਹੋਟਲ ਦੀ ਲਿਫਟ ਵਿੱਚ ਇੱਕ ਸਾਬਕਾ ਸਹਿਕਰਮੀ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਸਨ। ਇਸ ਤੋਂ ਪਹਿਲਾਂ ਇਸ ਹਫ਼ਤੇ ਗੋਆ ਵਿੱਚ ਬੰਬੇ ਹਾਈ ਕੋਰਟ ਨੇ ਤੇਜਪਾਲ ਖ਼ਿਲਾਫ਼ ਦੋਸ਼ ਆਇਦ ਕੀਤੇ ਜਾਣ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ। ਹਾਈ ਕੋਰਟ ਨੇ ਜ਼ਿਲ੍ਹਾ ਅਦਾਲਤ ਨੂੰ ਹਾਲ ਦੀ ਘੜੀ ਇਸ ਕੇਸ ਸਬੰਧੀ ਸਬੂਤਾਂ ਦੀ ਜਾਂਚ ਤੋਂ ਵਰਜ ਦਿੱਤਾ ਸੀ।