ਭਾਰਤ ਤੇ ਇਜ਼ਰਾਈਲ ਵਿਚਾਲੇ ਸਾਈਬਰ ਸੁਰੱਖਿਆ ਸਮੇਤ ਅਹਿਮ ਖੇਤਰਾਂ ‘ਚ ਸਹਿਯੋਗ ਬਾਰੇ ਸਮਝੌਤੇ

ਭਾਰਤ ਤੇ ਇਜ਼ਰਾਈਲ ਵਿਚਾਲੇ ਸਾਈਬਰ ਸੁਰੱਖਿਆ ਸਮੇਤ ਅਹਿਮ ਖੇਤਰਾਂ ‘ਚ ਸਹਿਯੋਗ ਬਾਰੇ ਸਮਝੌਤੇ

ਨਵੀਂ ਦਿੱਲੀ/ਬਿਊਰੋ ਨਿਊਜ਼:
ਭਾਰਤ ਅਤੇ ਇਜ਼ਰਾਈਲ ਨੇ ਸਾਈਬਰ ਸੁਰੱਖਿਆ ਸਮੇਤ ਅਹਿਮ ਖੇਤਰਾਂ ‘ਚ ਸਹਿਯੋਗ ਲਈ 9 ਸਮਝੌਤਿਆਂ ‘ਤੇ ਅੱਜ ਦਸਤਖ਼ਤ ਕੀਤੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਇਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਅਤੇ ਅਤਿਵਾਦ ਵਿਰੋਧੀ ਰਣਨੀਤਕ ਖੇਤਰਾਂ ‘ਚ ਸਬੰਧ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ। ਸ੍ਰੀ ਮੋਦੀ ਨੇ ਇਜ਼ਰਾਇਲੀ ਰੱਖਿਆ ਕੰਪਨੀਆਂ ਨੂੰ ਭਾਰਤ ‘ਚ ਸਾਂਝੇ ਉਤਪਾਦਨ ਦਾ ਸੱਦਾ ਵੀ ਦਿੱਤਾ। ਨੇਤਨਯਾਹੂ ਨਾਲ ਸਾਂਝੇ ਤੌਰ ‘ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ,”ਭਾਰਤ ਅਤੇ ਇਜ਼ਰਾਈਲ ਖੇਤੀਬਾੜੀ, ਤਕਨਾਲੋਜੀ ਅਤੇ ਸੁਰੱਖਿਆ ਜਿਹੇ ਖੇਤਰਾਂ ‘ਚ ਸਹਿਯੋਗ ਦੇ ਮੌਜੂਦਾ ਥੰਮ੍ਹਾਂ ਨੂੰ ਹੋਰ ਮਜ਼ਬੂਤ ਕਰਨਗੇ।” ਸ੍ਰੀ ਮੋਦੀ ਨੂੰ ‘ਇਨਕਲਾਬੀ’ ਆਗੂ ਕਰਾਰ ਦਿੰਦਿਆਂ ਨੇਤਨਯਾਹੂ ਨੇ ਕਿਹਾ,”ਤੁਸੀਂ (ਮੋਦੀ) ਭਾਰਤ ‘ਚ ਇਨਕਲਾਬ ਲਿਆਉਣ ਦੇ ਨਾਲ ਨਾਲ ਭਾਰਤ ਅਤੇ ਇਜ਼ਰਾਈਲ ਦੇ ਰਿਸ਼ਤਿਆਂ ‘ਚ ਵੀ ਕਰਾਂਤੀ ਲਿਆ ਰਹੇ ਹੋ।” ਦੋਵੇਂ ਪ੍ਰਧਾਨ ਮੰਤਰੀਆਂ ਨਾਲ ਸੀਨੀਅਰ ਕੈਬਨਿਟ ਸਾਥੀ ਵੀ ਮੌਜੂਦ ਸਨ ਜਿਨ੍ਹਾਂ ਵਫ਼ਦ ਪੱਧਰ ਦੀ ਗੱਲਬਾਤ ਕੀਤੀ ਜਿਸ ਦੌਰਾਨ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਸਾਈਬਰ ਸੁਰੱਖਿਆ ਤੋਂ ਇਲਾਵਾ ਤੇਲ ਅਤੇ ਗੈਸ ਖੇਤਰ, ਫਿਲਮਾਂ ਬਣਾਉਣ ਅਤੇ ਹਵਾਈ ਟਰਾਂਸਪੋਰਟ ਸਬੰਧੀ ਸਮਝੌਤਿਆਂ ‘ਤੇ ਵੀ ਸਹੀ ਪਾਈ ਗਈ। ਨੇਤਨਯਾਹੂ, ਜੋ ਐਤਵਾਰ ਨੂੰ ਇਥੇ ਪੁੱਜੇ ਹਨ, ਆਪਣੇ ਭਾਰਤ ਦੇ ਛੇ ਦਿਨਾ ਦੌਰੇ ਦੌਰਾਨ ਅਹਿਮਦਾਬਾਦ ਅਤੇ ਮੁੰਬਈ ਵੀ ਜਾਣਗੇ।

ਬੀਬੀ ਨੂੰ ਦਿੱਤੇ ਭੋਜ ਮੌਕੇ ‘ਈਚਕ ਦਾਨਾ ਬੀਚਕ ਦਾਨਾ’ …
ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ (ਬੀਬੀ) ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਸਾਰਾ ਬਹੁਤ ਖੁਸ਼ ਹੈ ਕਿ ਮੁੰਬਈ ਦੌਰੇ ਦੌਰਾਨ ਉਹ ਬਾਲੀਵੁੱਡ ਨੂੰ ਨੇੜਿਓਂ ਦੇਖਣਗੇ। ਉਹ 18 ਜਨਵਰੀ ਨੂੰ ਮੁੰਬਈ ਜਾਣਗੇ ਅਤੇ ਵਿਸ਼ੇਸ਼ ‘ਸ਼ਾਲੋਮ ਬਾਲੀਵੁੱਡ’ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਉਨ੍ਹਾਂ ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕਹੀ। ਮੋਦੀ ਵੱਲੋਂ ਸੋਮਵਾਰ ਨੂੰ ਇਜ਼ਰਾਇਲੀ ਵਫ਼ਦ ਨੂੰ ਦਿੱਤੇ ਗਏ ਦੁਪਹਿਰ ਦੇ ਭੋਜ ਦੌਰਾਨ ਮਿਊਜ਼ੀਕਲ ਬੈਂਡ ਨੇ ‘ਈਚਕ ਦਾਨਾ ਬੀਚਕ ਦਾਨਾਂ’ ਗੀਤ ਪੇਸ਼ ਕੀਤਾ। ਇਹ ਗੀਤ 1950 ਵਿੱਚ ਰਿਲੀਜ਼ ਹੋਈ ਫਿਲਮ ਸ੍ਰੀ 420 ਦਾ ਹੈ ਜੋ ਨਰਗਿਸ ਅਤੇ ਰਾਜਕਪੂਰ ‘ਤੇ ਫਿਲਮਾਇਆ ਗਿਆ ਸੀ।

ਫੁਰਸਤ ਦੇ ਪਲਾਂ ‘ਚ ਚਾਹ ਦੀਆਂ ਚੁਸਕੀਆਂ
ਰਾਸ਼ਟਰਪਤੀ ਭਵਨ ‘ਚ ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੌਰਾ ਕੀਤਾ ਤਾਂ ਉਥੇ ਜੈਤੂਨ ਦੀ ਚਾਹ ਦੀਆਂ ਚੁਸਕੀਆਂ ਨਾਲ ਦੋਵੇਂ ਮੁਲਕਾਂ ਦੀ ਸਾਂਝ ‘ਚ ਗਰਮਾਹਟ ਪੈਦਾ ਹੋ ਗਈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਜੈਤੂਨ ਦੀ ਚਾਹ ਪਿਆਈ। ਇਹ ਚਾਹ ਰਾਜਸਥਾਨ ਓਲਿਵ ਕਲਟੀਵੇਸ਼ਨ ਲਿਮਟਿਡ, ਬੀਕਾਨੇਰ ਅਤੇ ਇਜ਼ਰਾਈਲ ਦਾ ਸਾਂਝੇ ਉੱਦਮ ਤੋਂ ਤਿਆਰ ਹੋਈ ਹੈ। ਜੈਤੂਨ ਯਹੂਦੀ ਮੁਲਕ ਦਾ ਅਹਿਮ ਹਿੱਸਾ ਹੈ ਅਤੇ ਜੈਤੂਨ ਦੇ ਦਰੱਖ਼ਤ ਦੀਆਂ ਦੋ ਸ਼ਾਖਾਵਾਂ ਉਨ੍ਹਾਂ ਦਾ ਚਿੰਨ੍ਹ ਹੈ। ਖੇਤੀਬਾੜੀ ਦੇ ਖੇਤਰ ‘ਚ ਇਜ਼ਰਾਈਲ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇਜ਼ਰਾਈਲ ਨੇ ਭਾਰਤ ਨੂੰ ਥੋੜੇ ‘ਚ ਵੱਧ ਕਰਨਾ ਸਿਖਾਇਆ ਹੈ।