ਪਾਟੀਦਾਰ ਕੋਟਾ ਆਗੂ ਹਾਰਦਿਕ ਪਟੇਲ ਭਾਜਪਾ ਖ਼ਿਲਾਫ਼ ਖੁੱਲ੍ਹ ਕੇ ਕਰੇਗਾ ਪ੍ਰਚਾਰ

ਪਾਟੀਦਾਰ ਕੋਟਾ ਆਗੂ ਹਾਰਦਿਕ ਪਟੇਲ ਭਾਜਪਾ ਖ਼ਿਲਾਫ਼ ਖੁੱਲ੍ਹ ਕੇ ਕਰੇਗਾ ਪ੍ਰਚਾਰ

ਭੋਪਾਲ/ਬਿਊਰੋ ਨਿਊਜ਼:
ਪਾਟੀਦਾਰ ਕੋਟਾ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਨੇ ਐਲਾਨ ਕੀਤਾ ਕਿ ਉਹ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਭਾਜਪਾ ਖ਼ਿਲਾਫ਼ ਚੋਣ ਪ੍ਰਚਾਰ ਕਰੇਗਾ। ਇਸ ਤੋਂ ਪਹਿਲਾਂ ਇਸੇ ਹਫ਼ਤੇ ਪੱਛੜੀਆਂ ਸ਼੍ਰੇਣੀਆਂ ਦੇ ਆਗੂ ਤੇ ਕਾਂਗਰਸ ਵਿਧਾਇਕ ਅਲਪੇਸ਼ ਠਾਕੁਰ ਨੇ ਆਖਿਆ ਸੀ ਕਿ ਉੁਹ ਇਨ੍ਹਾਂ ਰਾਜਾਂ ਵਿੱਚ ਸੱਤਾਧਾਰੀ ਭਾਜਪਾ ਖ਼ਿਲਾਫ਼ ਓਬੀਸੀਜ਼ ਨੂੰ ਇਕਮੁੱਠ ਕਰਨ ਲਈ ਭੂਮਿਕਾ ਨਿਭਾਏਗਾ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾਰਦਿਕ ਪਟੇਲ ਨੇ ਆਖਿਆ ” ਮੈਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਸੱਤਾਧਾਰੀ ਭਾਜਪਾ ਖ਼ਿਲਾਫ਼ ਮੁਹਿੰਮ ਵਿੱਚ ਹਿੱਸਾ ਪਾਵਾਂਗਾ। ਮੈਂ ਮੱਧ ਪ੍ਰਦੇਸ਼ ਵਿੱਚ ਚੱਕਰ ਲਾਵਾਂਗਾ। ਜੇ ਕਿਸੇ ਨੂੰ ਇਸ ਨਾਲ ਤਕਲੀਫ਼ ਹੁੰਦੀ ਹੈ ਤਾਂ ਉਹ ਮੈਨੂੰ ਰੋਕ ਕੇ ਦਿਖਾਵੇ। ਮੈਨੂੰ ਇਸ ਦੀ ਉੱਕਾ ਪ੍ਰਵਾਹ ਨਹੀਂ ਕਿ ਕੋਈ ਮੱਧ ਪ੍ਰਦੇਸ਼ ਵਿੱਚ ਮੇਰੇ ਆਉਣ ‘ਤੇ ਖੁਸ਼ ਨਹੀਂ ਹੈ। ਮੈਂ ਕਿਸਾਨਾਂ ਅਤੇ ਨੌਜਵਾਨਾਂ ਨੂੰ ਮਿਲਾਂਗਾ। ਮੈਨੂੰ ਕਿਹਾ ਗਿਆ ਸੀ ਕਿ ਮੈਂ ਮੱਧ ਪ੍ਰਦੇਸ਼ ਨਾ ਜਾਵਾਂ ਤੇ ਮੇਰੇ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤੇ ਜਾਣਗੇ। ਉਹ ਕਹਿੰਦੇ ਹਨ ਕਿ ਮੇਰੇ ਆਉਣ ਨਾਲ ਸਮਾਜ ਵੰਡਿਆ ਜਾਵੇਗਾ।” ਨੌਜਵਾਨ ਆਗੂ  ਨੇ ਕਿਹਾ ” ਕੁਝ ਲੋਕ ਮੈਨੂੰ ਕਹਿੰਦੇ ਹਨ ਕਿ ਮੈਂ ਜਾਤੀਵਾਦ ਫੈਲਾਉਣ ਆ ਰਿਹਾ ਹਾਂ। ਜੇ ਕਿਸਾਨਾਂ ਤੇ ਨੌਜਵਾਨਾਂ ਨਾਲ ਗੱਲ ਕਰਨੀ ਜਾਤੀਵਾਦ ਫੈਲਾਉਣਾ ਹੈ ਤਾਂ ਮੈਂ ਇਹ ਜ਼ਰੂਰ ਕਰਨਾ ਚਾਹੁੰਦਾ ਹਾਂ।” ਭਾਜਪਾ ਦਾ ਨਾਂ ਲਏ ਬਗ਼ੈਰ ਉਨ੍ਹਾਂ ਕਿਹਾ ਕਿ ਕੁਝ ਲੋਕ ਰਾਸ਼ਟਰਵਾਦ ਦੇ ਨਾਂ ‘ਤੇ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਪਾੜਾ ਪਾਉਂਦੇ ਹਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ‘ਤੇ ਨਿਸ਼ਾਨਾ ਲਾਉਂਦਿਆਂ ਪਟੇਲ ਨੇ ਆਖਿਆ ”ਮਾਮਾ ਗੱਲਾਂ ਤਾਂ ਬਹੁਤ ਕਰਦੇ ਹਨ ਪਰ ਲੋਕਾਂ ਨੂੰ ਦਿੰਦੇ ਕੁਝ ਵੀ ਨਹੀਂ।