ਭਾਰਤੀ ਘੱਟ ਗਿਣਤੀਆਂ ਨੇ ਤੁਲਸੀ ਗਾਬਾਰਡ ਵਲੋਂ ਸ਼ਿਕਾਗੋ ‘ਚ ਹੋ ਰਹੀ ਵਿਸ਼ਵ ਹਿੰਦੂ ਕਾਨਫਰੰਸ ‘ਚ ਸ਼ਾਮਲ ਹੋਣ ਉੱਤੇ ਪ੍ਰਗਟਾਇਆ ਇਤਰਾਜ਼

ਭਾਰਤੀ ਘੱਟ ਗਿਣਤੀਆਂ ਨੇ ਤੁਲਸੀ ਗਾਬਾਰਡ ਵਲੋਂ ਸ਼ਿਕਾਗੋ ‘ਚ ਹੋ ਰਹੀ ਵਿਸ਼ਵ ਹਿੰਦੂ ਕਾਨਫਰੰਸ ‘ਚ ਸ਼ਾਮਲ ਹੋਣ ਉੱਤੇ ਪ੍ਰਗਟਾਇਆ ਇਤਰਾਜ਼

ਡੈਮੋਕਰੇਟਿਕ ਕਾਂਗਰਸਵੁਮੈਨ ਨੂੰ ਲਿਖੀ ਖੁੱਲ੍ਹੀ ਚਿੱਠੀ ‘ਚ ਕਿਹਾ, “ਅਸੀਂ ਫਾਸ਼ੀਵਾਦੀ ਸੰਸਥਾਵਾਂ ਲਈ ਤੁਹਾਡੇ ਸਮਰਥਨ ਤੋਂ ਨਿਰਾਸ਼ ਹਾਂ।”
ਹੋਨੋਲੁਲੁ/ਬਿਊਰੋ ਨਿਊਜ਼ :
ਭਾਰਤੀ ਘੱਟ ਗਿਣਤੀਆਂ ਤਰਫੋਂ ਅਮਰੀਕੀ ਕਾਂਗਰਸ ਵੂਮੈਨ ਨੂੰ ਲਿਖੀ ਗਈ ਇਕ ਖੁੱਲ੍ਹੀ ਚਿੱਠੀ ‘ਚ ਕਿਹਾ ਗਿਆ ਹੈ ਕਿ , “ਅਸੀਂ ਫਾਸ਼ੀਵਾਦੀ ਸੰਸਥਾਵਾਂ ਲਈ ਤੁਹਾਡੇ ਸਮਰਥਨ ਤੋਂ ਨਿਰਾਸ਼ ਹਾਂ।”
ਅਮਰੀਕਨ ਕਾਂਗਰਸ ‘ਚ ਡੈਮੋਕਰੇਟਿਕ ਪ੍ਰਤੀਨਿਧੀ ਤੁਲਸੀ ਗਾਬਾਰਡ, ਸ਼ਿਕਾਗੋ ਵਿਚ ਚਾਲੂ ਸਾਲ 2018 ‘ਚ ਸ਼ਿਕਾਗੋ ਵਿਖੇ ਹੋਣ ਜਾ ਰਹੀ ਵਰਲਡ ਹਿੰਦੂ ਕਾਂਗਰਸ ‘ਚ ਸ਼ਾਮਲ ਹੋ ਰਹੀ ਹੈ। ਸਰਕਾਰ ਦੇ ਨਾਂ ਭਾਰਤੀ ਘੱਟ ਗਿਣਤੀਆਂ ਦੀ ਤਰਫੋਂ ਲਿਖੀ ਖੁੱਲ੍ਹੀ ਚਿੱਠੀ ਵਿਚ ਕਿਹਾ ਗਿਆ ਹੈ ਕਿ, “ਅਸੀਂ ਫਾਸੀਵਾਦੀ ਸੰਸਥਾਵਾਂ ਲਈ ਤੁਹਾਡੇ ਸਮਰਥਨ ਤੋਂ ਨਿਰਾਸ਼ ਹਾਂ।” ਭਾਰਤੀ ਘੱਟ ਗਿਣਤੀਆਂ ਦੀ ਸੰਸਥਾ (ਓਐਫਐਮਆਈ.)  ਵੱਲੋਂ ਤੁਲਸੀ ਗਾਬਾਰਡ ਨੂੰ ਸੁਚੇਤ ਕੀਤਾ ਗਿਆ ਹੈ ਕਿ ਵਰਲਡ ਹਿੰਦੂ ਕਾਂਗਰਸ ਕਰਵਾ ਰਹੀ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਉਸ ਨਾਲ ਸਬੰਧਤ ਜਥੇਬੰਦੀਆਂ ਭਾਰਤ ਵਿਚ ਹਿੰਦੂ ਰਾਸ਼ਟਰਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਸਮੂਹ ਹਨ। ਇਸ ਕਾਨਫਰੰਸ ਦੀ ਮੇਜ਼ਬਾਨੀ ਰਾਸ਼ਟਰੀ ਸੋਇਮ ਸੇਵਕ ਸੰਘ (ਆਰਐਸਐਸ) ਦੀ ਇਕ ਸ਼ਾਖਾ ਵਿਸ਼ਵ ਹਿੰਦੂ ਪ੍ਰੀਸ਼ਦ ਕਰੇਗੀ ਅਤੇ ਆਰਐਸਐਸ. ਦੇ ਮੌਜੂਦਾ ਮੁਖੀ ਮੋਹਨ ਭਾਗਵਤ ਇਥੇ ਕੁੰਜੀਵਤ ਭਾਸ਼ਣ ਦੇਣ ਆ ਰਹੇ ਹਨ।
ਇਸ ਕਾਨਫਰੰਸ ਵਾਸਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ਸਾਰੀਆਂ ਸੰਸਥਾਵਾਂ ਨੂੰ “ਸੰਘ ਪਰਿਵਾਰ” ਵਜੋਂ ਜਾਣਿਆ ਜਾਂਦਾ ਹੈ। ਇਸ ਚਿੱਠੀ ‘ਚ ਇਹ ਵੀ ਯਾਦ ਕਰਵਾਇਆ ਗਿਆ ਕਿ ਬੀਤੇ ‘ਚ ਅਮਰੀਕੀ ਵਿਦੇਸ਼ ਵਿਭਾਗ ਨੇ “ਧਾਰਮਿਕ ਆਜ਼ਾਦੀ ਦੀ ਵਿਸ਼ੇਸ਼ ਰੂਪ ‘ਚ ਗੰਭੀਰ ਉਲੰਘਣਾ” ‘ਚ ਸ਼ਾਮਲ ਹੋਣ ਦੇ ਅਧਾਰ ‘ਤੇ ਨਰਿੰਦਰ ਮੋਦੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਸੀ ਪਰ ਬਾਅਦ ‘ਚ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਕਾਰਨ ਉਨ੍ਹਾਂ ਆਪਣਾ ਫੈਸਲਾ ਵਾਪਸ ਲੈ ਲਿਆ ਸੀ।
ਤਾਜ਼ਾ ਘਟਨਾਕ੍ਰਮ ‘ਚ ਇਸ ਖੁੱਲ੍ਹੀ ਚਿੱਠੀ ਵਿਚ ਭਾਰਤ ਦੀ ਮੋਦੀ ਸਰਕਾਰ ਦੇ ਘੱਟ ਗਿਣਤੀਆਂ ਪ੍ਰਤੀ ਪੱਖਪਾਤੀ ਰਵੱਈਏ ਦੀ ਪੋਲ ਖੋਲ੍ਹ ਦਿਤੀ ਹੈ। ਉਨ੍ਹਾਂ ਲਿਖਿਆ ਹੈ ਕਿ ਮੋਦੀ ਰਾਜ ਦੌਰਾਨ ਭਾਰਤ ‘ਚ ਈਸਾਈਆਂ ਅਤੇ ਹੋਰ ਘੱਟ ਗਿਣਤੀ ਲੋਕਾਂ ਨੂੰ ਮਾਰਨ ਵਾਲੇ ਹਿੰਸਕ ਫਾਸ਼ੀਵਾਦੀ ਸਮੂਹਾਂ ਨੇ ਸੱਤਾ ‘ਤੇ ਕਬਜ਼ਾ ਕਰ ਰੱਖਿਆ ਹੈ। ਚਿੱਠੀ ‘ਚ ਤੁਲਸੀ ਗਾਬਾਰਡ ਨੂੰ ਸੰਬੋਧਿਤ ਹੁੰਦਿਆਂ ਲਿਖਿਆ ਗਿਆ ਹੈ ਕਿ ਸ਼ਾਇਦ ਤੁਹਾਨੂੰ ਗ੍ਰਾਹਮ ਸਟੀਨਜ਼ ਅਤੇ ਉਸਦੇ ਦੋ ਬੇਟਿਆਂ ਦੀ ਦੁਖਦਾਈ ਹੱਤਿਆ ਯਾਦ ਹੋਵੇਗੀ? 23 ਜਨਵਰੀ 1999 ਨੂੰ, ਭਾਰਤ ਦੇ ਕੱਟੜ ਹਿੰਦੂ ਰਾਸ਼ਟਰਵਾਦੀਆਂ ਨੇ ਈਸਾਈ ਪਾਦਰੀ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਕਾਰ ਵਿਚ ਉਸ ਦੇ ਦੋ ਪੁੱਤਰਾਂ (6 ਅਤੇ 10 ਸਾਲ) ਸਮੇਤ ਉਸ ਨੂੰ ਮਾਰ ਦਿੱਤਾ।
ਭਾਰਤੀ ਜਨਤਾ ਪਾਰਟੀ ਦੀ ਮਾਂ ਜਥੇਬੰਦੀ ਰਾਸ਼ਟਰੀ ਸਵੈਸੇਵਕ ਸੰਘ (ਆਰਐਸਐਸ) ਦੀ ਇੱਕ ਸ਼ਾਖਾ ਦੇ ਮੈਂਬਰਾਂ ਨੇ ਹੀ ਸਟੀਨਜ਼ ਦੀ ਹੱਤਿਆ ਕੀਤੀ ਸੀ, ਜੋ ਇਸ ਵੇਲੇ ਭਾਰਤ ‘ਚ ਰਾਜ ਕਰਦੀ ਹੈ। ਇਹ ਹਿੰਦੂ ਕੱਟੜਵਾਦੀ ਰਾਸ਼ਟਰਵਾਦੀ ਸੰਗਠਨ ਗ਼ੈਰ-ਹਿੰਦੂਆਂ ਨੂੰ ਭਾਰਤ ਲਈ ਵਿਦੇਸ਼ੀ ਸਮਝਦੇ ਹਨ। ਚਿੱਠੀ ‘ਚ ਸਵਾਲ ਚੁੱਕਿਆ ਗਿਆ ਕਿ ਤੁਸੀਂ ਵਿਸ਼ਵ ਹਿੰਦੂ ਕਾਂਗਰਸ ਵਿਚ ਆਰਐਸਐਸ ਦੇ ਆਗੂ ਮੋਹਨ ਭਾਗਵਤ ਨਾਲ ਸਟੇਜ ਸਾਂਝੀ ਕਰਨ ਲਈ ਸ਼ਿਕਾਗੋ ਜਾ ਸਕਦੇ ਹੋ? ਜਦਕਿ ਭਾਗਵਤ ਖੁੱਲ੍ਹੇਆਮ ਕਹਿ ਰਹੇ ਹਨ ਕਿ ਆਰਐਸਐਸ ਦਾ ਟੀਚਾ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਵਿਚ ਤਬਦੀਲ ਕਰਨਾ ਹੈ। ਆਰਐਸਐਸ ਧਾਰਮਿਕ ਘੱਟਗਿਣਤੀਆਂ ਖਿਲਾਫ ਲਗਾਤਾਰ ਹਿੰਸਾ ਲਈ ਕੋਈ ਮਾਫੀ ਨਹੀਂ ਮੰਗਦੀ। ਸਟੀਨਜ਼ ਪਰਿਵਾਰ ਦੀ 1999 ਵਿਚ ਹੱਤਿਆ ਹੋਈ ਸੀ, ਉਸ ਸਮੇਂ ਤੋਂ ਹੀ ਅਜਿਹੇ ਹੋਰ ਕਾਂਡ ਕਈ ਵਾਰ ਕਤਲੇਆਮ ਦੇ ਰੂਪ ਵਿਚ ਅਕਸਰ ਦੁਹਰਾਏ ਜਾਂਦੇ ਹਨ। ਸੰਨ 2002 ਵਿਚ, ਜਦੋਂ ਨਰਿੰਦਰ ਮੋਦੀ ਗੁਜਰਾਤ ਰਾਜ ਦੇ ਮੁਖੀ ਸਨ, ਮੁਸਲਮਾਨਾਂ ਵਿਰੁੱਧ ਭਿਆਨਕ ਕਤਲੇਆਮ ਹੋਏ।
ਭਾਰਤ ਦੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਬੀਜੇਪੀ “ਇਕ ਅਜਿਹੀ ਸਿਆਸੀ ਪਾਰਟੀ ਹੈ ਜੋ ਹਿੰਦੂ ਕੱਟੜਵਾਦੀ ਰਾਸ਼ਟਰਵਾਦੀ ਜਥੇਬੰਦੀਆਂ ਦੇ ਇਕ ਸਮੂਹ ਨਾਲ ਜੁੜੀ ਹੈ ਜੋ ਕਿ ਦੇਸ਼ ਵਿਚ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਹਿੰਸਾ ਕਰਦਾ ਹੈ। ਗੁਜਰਾਤ ਵਿਚ ਈਸਾਈ ਵੀ ਹਿੰਸਾ ਦਾ ਸ਼ਿਕਾਰ ਹੋਏ ਅਤੇ ਕਈ ਚਰਚਾਂ ਨੂੰ ਤਬਾਹ ਕਰ ਦਿੱਤਾ ਗਿਆ। ਚਿੱਠੀ ਵਿਚ ਲਿਖਿਆ ਗਿਆ ਹੈ ਕਿ ਮੋਹਨ ਭਾਗਵਤ ਨਾਲ ਸਟੇਜ ਸਾਂਝੀ ਕਰਨ ਦੀ ਤੁਹਾਡੀ ਯੋਜਨਾ ਸੰਘ ਪਰਿਵਾਰ ਦੀਆਂ ਗਤੀਵਿਧੀਆਂ ਲਈ ਤੁਹਾਡੀ ਪ੍ਰਵਾਨਗੀ ਸਮਾਨ ਹੈ। ਇਸ ਕਰਕੇ ਅਸੀਂ ਤੁਹਾਡੇ ਫੈਸਲੇ ਤੋਂ ਨਿਰਾਸ਼ ਹਾਂ ਜੋ ਕਿ ਭਾਰਤ ਦੇ ਸਭ ਤੋਂ ਵੱਧ ਹਾਸ਼ੀਏ ‘ਤੇ ਗਏ ਅਤੇ ਕਮਜ਼ੋਰ ਨਾਗਰਿਕਾਂ, ਜਿਨ੍ਹਾਂ ਵਿਚ ਬੋਧੀ, ਈਸਾਈ, ਦਲਿਤ, ਮੁਸਲਿਮ ਅਤੇ ਸਿੱਖ ਸ਼ਾਮਲ ਹਨ, ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ।