‘ਕੇਜਰੀਵਾਲ ਸਰਕਾਰ ਪੰਜਾਬ ਦੇ ਪਾਣੀ ਦਾ ਮੁੱਲ ਤਾਰਨ ਲਈ ਤਿਆਰ’

‘ਕੇਜਰੀਵਾਲ ਸਰਕਾਰ ਪੰਜਾਬ ਦੇ ਪਾਣੀ ਦਾ ਮੁੱਲ ਤਾਰਨ ਲਈ ਤਿਆਰ’

‘ਆਪ’ ਦੇ ਆਗੂ ਅਮਨ ਅਰੋੜਾ ਵਲੋਂ ਪਾਣੀ ਦਾ ਬਿੱਲ ਭੇਜੇ ਜਾਣ ਉੱਤੇ ਜੋਰ
ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਵਿਧਾਨ ਸਭਾ ਵਿੱਚ ਪਾਣੀਆਂ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਚੁਣੌਤੀ ਨੂੰ ਕਬੂਲ ਕਰਨ ਤੋਂ ਝਿਜਕਦੀ ਦਿਖਾਈ ਦਿੱਤੀ। ਬਜਟ ਉੱਤੇ ਬਹਿਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸਪੱਸ਼ਟ ਕਿਹਾ ਕਿ ਜੇਕਰ ਪੰਜਾਬ ਸਰਕਾਰ ਦਿੱਲੀ ਨੂੰ ਪੀਣ ਵਾਲੇ ਪਾਣੀ ਦਾ ਬਿੱਲ ਭੇਜੇ ਤਾਂ ਦਿੱਲੀ ਸਰਕਾਰ ਅਦਾਇਗੀ ਕਰਨ ਨੂੰ ਤਿਆਰ ਹੈ। ਉਨ੍ਹਾਂ ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਗੱਲ ਹੋ ਚੁੱਕੀ ਹੈ। ਬਹਿਸ ਦਾ ਜਵਾਬ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬੁੱਧਵਾਰ ਨੂੰ ਦੇਣਗੇ।
ਬਜਟ ਉੱਤੇ ਬਹਿਸ ਦੌਰਾਨ ਕਾਂਗਰਸ ਵਿਧਾਇਕ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਵੱੱਲੋਂ ਹਰਿਮੰਦਰ ਸਾਹਿਬ ਅਤੇ ਦੁਰਗਿਆਨਾ ਮੰਦਰ ਦੇ ਲੰਗਰ ਤੋਂ ਜੀਐੱਸਟੀ ਹਟਾਉਣ ਵਾਂਗ ਹੀ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਲੰਗਰ ਤੋਂ ਵੀ ਜੀਐੱਸਟੀ ਹਟਾਉਣ ਅਤੇ ਪਾਣੀਆਂ ਬਾਰੇ ਦਿੱਲੀ ਸਰਕਾਰ ਨਾਲ ਗੱਲ ਕੀਤੀ ਜਾਵੇ। ਇਸੇ ਦੌਰਾਨ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਦਿੱਲੀ ਦੇ ਮੁੱਖ ਮੰਤਰੀ ਨਾਲ ਗੱਲ ਹੋ ਚੁੱਕੀ ਹੈ, ਜੇਕਰ ਪੰਜਾਬ ਸਰਕਾਰ ਪੀਣ ਵਾਲੇ ਪਾਣੀ ਦੇ ਪੈਸੇ ਵਸੂਲ ਕਰਨਾ ਚਾਹੁੰਦੀ ਹੈ ਤਾਂ ਬਿੱਲ ਭੇਜ ਦੇਵੇ ਅਤੇ ਦਿੱਲੀ ਸਰਕਾਰ ਅਦਾਇਗੀ ਕਰ ਦੇਵੇਗੀ। ਇਸ ਦੇ ਨਾਲ ਸ਼ਰਤ ਇਹ ਹੈ ਫਿਰ ਅਜਿਹੇ ਬਿੱਲ  ਗੁਆਂਢੀ ਰਾਜਾਂ (ਰਾਜਸਥਾਨ ਅਤੇ ਹਰਿਆਣਾ) ਨੂੰ ਵੀ ਭੇਜਣੇ ਪੈਣਗੇ। ਇਸੇ ਦੌਰਾਨ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਸਰਕਾਰੀ ਧਿਰ ਤੋਂ ਬਿੱਲ ਭੇਜਣ ਦੀ ਤਰੀਕ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਸਰਕਾਰੀ ਧਿਰ ਨੇ ਇਸ ਨੂੰ ਮਿੱਟੀ-ਘੱਟੇ ਰੋਲਣ ਵਿੱਚ ਹੀ ਭਲਾਈ ਸਮਝੀ।
ਬਹਿਸ ਦੌਰਾਨ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਨਰਮ ਸੁਰ ਅਖ਼ਤਿਆਰ ਕਰਦਿਆਂ ਮਨਪ੍ਰੀਤ ਬਾਦਲ ਉੱਤੇ ਸਿਆਸੀ ਅਤੇ ਨਿੱਜੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਪਿਛਲੀ ਬਾਦਲ ਸਰਕਾਰ ਦੇ ਕਈ ਕੰਮਾਂ ਦੀ ਸਰਾਹਨਾ ਕੀਤੀ ਹੈ ਪਰ ਵਿੱਤ ਮੰਤਰੀ ਦਾ ਨਾਂਹ-ਪੱਖੀ ਰਵੱਈਆ ਪੰਜਾਬ ਦੇ ਵਿਕਾਸ ਦੇ ਰਾਹ ਵਿੱਚ ਰੋੜਾ ਹੈ। ਹਰ ਮੌਕੇ ਵਿੱਤੀ ਸੰਕਟ  ਦਾ ਰੋਣਾ ਰੋਣ ਦਾ ਮਤਲਬ ਹੀ ਨਾਂਹ-ਪੱਖੀ ਮਾਨਸਿਕਤਾ ਹੈ। ਅਜਿਹੀ ਮਾਨਸਿਕਤਾ ਨਾਲ ਕੋਈ ਵੀ ਕੰਪਨੀ ਨਿਵੇਸ਼ ਨਹੀਂ ਕਰੇਗੀ। ਕਰਜ਼ਾ ਤਾਂ ਜਾਪਾਨ ਸਿਰ ਜੀਡੀਪੀ ਦਾ 101 ਫੀਸਦ ਅਤੇ ਅਮਰੀਕਾ ਦੀ ਜੀਡੀਪੀ ਦਾ 227 ਫੀਸਦ ਹੈ।
ਮਨਪ੍ਰੀਤ ਬਾਦਲ ਦਾ ਬਜਟ ਦਾ 70 ਫੀਸਦ ਹਿੱਸਾ ਪਿਛਲੇ ਬਜਟ ਭਾਸ਼ਣ ਵਾਲਾ ਹੀ ਹੈ। ਤੱਥਾਂ ਨੂੰ ਤੋੜ-ਮਰੋੜ ਕੇ ਅਤੇ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ। ਜਦ ਕਿ ਅਸਲੀਅਤ ਇਸ ਤੋਂ ਉਲਟ ਹੈ। ਨਾ ਕੋਈ ਰੁਜ਼ਗਾਰ ਦਿੱਤਾ, ਨਾ ਕਾਲਜ ਖੁੱਲ੍ਹਿਆ। ਪੰਜਾਬੀ ਨੂੰ ਉਤਸ਼ਾਹਿਤ ਕਰਨ ਲਈ ਤਲਵੰਡੀ ਸਾਬੋ ਵਿੱਚ ਕੇਂਦਰੀ ਸੰਸਥਾ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਇੱਕ ਰੁਪਇਆ ਵੀ ਖਰਚ ਨਹੀਂ ਕੀਤਾ, ਉਲਟਾ ਵੱਤ ਮੰਤਰੀ ਉਰਦੂ ਨੂੰ ਮਾਲੇਰਕੋਟਲਾ ਵਿੱਚ ਤਿੰਨ ਕਰੋੜ ਰੁਪਏ ਦੇ ਆਏ। ਖੁਦ ਸ਼ੇਅਰ ਵੀ ਫਾਰਸੀ ਵਾਲੇ ਪਸੰਦ ਹਨ। ਵਿੱਤ ਮੰਤਰੀ ਨੂੰ ਪਾਕਿਸਤਾਨ ਵਾਲੇ ਸ਼ਾਇਰ ਹੀ ਕਿਉਂ ਮਨਭਾਉਂਦੇ ਹਨ।
ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਵਿੱਤ ਮੰਤਰੀ ਨੇ ਪਿਛਲੇ 13000 ਕਰੋੜ ਦੇ ਮੁਕਾਬਲੇ 8 ਹਜ਼ਾਰ ਕਰੋੜ ਰੁਪਏ ਦਾ ਘਾਟਾ ਦਰਸਾਇਆ ਹੈ ਪਰ ਬਿਜਲੀ ਸਬਸਿਡੀ ਦਾ ਪੰਜ ਹਜ਼ਾਰ ਕਰੋੜ ਵਿੱਚ ਪਾ ਕੇ ਘਾਟਾ ਅਸਲ ਵਿੱਚ 17 ਹਜ਼ਾਰ ਕਰੋੜ ਹੈ। ਵਿੱਤ ਮੰਤਰੀ ਇਸ ਮਾਮਲੇ ਵਿੱਚ ਸਦਨ ਅਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਅਗਲੇ ਸਾਲਾਂ ਦੌਰਾਨ ਜੀਐੱਸਟੀ ਵਾਲੀ ਮੁਆਵਜ਼ਾ ਰਾਸ਼ੀ ਵੀ ਬੰਦ ਹੋ ਜਾਣੀ ਹੈ। ਬਜਟ ਵਿੱਚ ਇਸ ਦੀ ਭਰਪਾਈ ਵਾਲੀ ਕੋਈ ਦਿਸ਼ਾ ਨਜ਼ਰ ਨਹੀਂ ਆਉਂਦੀ।
ਆਮ ਆਦਮੀ ਪਾਰਟੀ ਦੇ ਵਿਧਾਇਕ ਬੁੱਧ ਰਾਮ ਨੇ ਆਟਾ-ਦਾਲ ਯੋਜਨਾ ਦੇ ਸਹੀ ਲਾਭਪਾਤਰੀਆਂ ਨੇ ਨਾਮ ਕੱਟ ਦੇਣ ਉੱਤੇ ਮੁੜ ਵਿਚਾਰ ਕਰਨ, ਸਕੂਲਾਂ ਦੀ ਦਸ਼ਾ ਸੁਧਾਰਨ ਅਤੇ ਗਰੀਬ ਬੱਚਿਆਂ ਦੀ ਵਰਦੀ ਲਈ ਕੇਵਲ ਚਾਰ ਸੌ ਰੁਪਏ ਦੇਣ ਦੇ ਬਜਾਏ ਇਸ ਰਾਸ਼ੀ ਨੂੰ ਵਧਾਉਣ ਦਾ ਮੁੱਦਾ ਉਠਾਇਆ। ‘ਆਪ’ ਦੀ ਸਰਬਜੀਤ ਕੌਰ ਨੇ ਕਿਹਾ ਕਿ ਮਜ਼ਦੂਰਾਂ ਨੂੰ ਕੇਵਲ 8 ਫੀਸਦ ਸੰਸਥਾਗਤ ਕਰਜ਼ਾ ਮਿਲਦਾ ਹੈ ਪਰ ਰਾਹਤ ਸਮੇਂ ਕਰਜ਼ੇ ਦੇ ਸਬੂਤ ਮੰਗੇ ਜਾਂਦੇ ਹਨ। ਇਹ ਕਿਸੇ ਵੀ ਤਰ੍ਹਾਂ ਵਾਜਬ ਨਹੀਂ।
‘ਆਪ’ ਵਿਧਾਇਕ ਮਨਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਵੱਲੋਂ ਜ਼ਫ਼ਰਨਾਮਾ ਲਿਖਣ ਲਈ ਦੀਨਾ ਸਾਹਿਬ ਠਹਿਰਨ ਦਾ ਜ਼ਿਕਰ ਕਰਦਿਆਂ ਉੱਥੇ ਕੋਈ ਠੋਸ ਯਾਦਗਾਰ ਨਾ ਹੋਣ ਦਾ ਮੁੱਦਾ ਉਠਾਇਆ। ਇਨ੍ਹਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ, ਹਰਪਾਲ ਸਿੰਘ ਚੀਮਾ, ਕੁਲਵੰਤ ਸਿੰਘ, ਅਮਰਜੀਤ ਸਿੰਘ ਸੰਦੋਹਾ, ਕਾਂਗਰਸ ਵਿਧਾਇਕ ਸੁਖਵਿੰਦਰ ਸਿੰਘ ਰੰਧਾਵਾ, ਹਰਪ੍ਰਤਾਪ ਸਿੰਘ ਅਜਨਾਲਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਦੀਪ ਸਿੰਘ ਵੈਦ, ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ, ਭਾਜਪਾ ਦੇ ਸੋਮ ਪ੍ਰਕਾਸ਼ ਸਮੇਤ ਕਈ ਹੋਰ ਵਿਧਾਇਕਾਂ ਨੇ ਵੀ ਬਹਿਸ ਵਿੱਚ ਹਿੱਸਾ ਲਿਆ।