ਘੱਲੂਘਾਰਾ ਵਿਵਾਦ: ਗ੍ਰਿਫ਼ਤਾਰੀ ਦੇ ਡਰੋਂ ਕਈ ਆਗੂ ਰੂਪੋਸ਼ ਹੋਏ

ਘੱਲੂਘਾਰਾ ਵਿਵਾਦ: ਗ੍ਰਿਫ਼ਤਾਰੀ ਦੇ ਡਰੋਂ ਕਈ ਆਗੂ ਰੂਪੋਸ਼ ਹੋਏ

ਕੈਪਸ਼ਨ-ਗੁਰਦੁਆਰਾ ਛੋਟਾ ਘੱਲੂਘਾਰਾ ਵਿਵਾਸ ਸਬੰਧੀ ਪੁਲੀਸ ਨੇ ਬਹਿਸਦੇ ਹੋਏ ਸੇਵਾ ਸਿੰਘ ਸੇਖਵਾਂਈਦੀ ਫ਼ਾਈਲ ਫੋਟੋ।
ਕਾਹਨੂੰਵਾਨ/ਬਿਊਰੋ ਨਿਊਜ਼ :
ਗੁਰਦੁਆਰਾ ਛੋਟਾ ਘੱਲੂਘਾਰਾ ਵਿਖੇ ਚੱਲ ਰਹੇ ਵਿਵਾਦ ਨੂੰ ਲੈ ਕੇ ਪੈਦਾ ਹੋਏ ਨਾਜ਼ੁਕ ਹਾਲਾਤ ਨੂੰ ਦੇਖਦੇ ਹੋਏ 20 ਅਗਸਤ ਨੂੰ ਜ਼ਿਲ੍ਹਾ ਪੁਲੀਸ ਵੱਲੋਂ ਵੱਖ ਵੱਖ ਥਾਵਾਂ ਉੱਤੇ ਲਾਏ ਗਏ ਨਾਕਿਆਂ ਅਤੇ ਰੋਕਾਂ ਨੂੰ ਤੋੜਦਿਆਂ ਗੁਰਦੁਆਰੇ ਅੰਦਰ ਦਾਖਲ ਹੋਏ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਐਸਜੀਪੀਸੀ ਦੇ ਮੈਂਬਰਾਂ ਸਮੇਤ ਕਰੀਬ 280 ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਪੁਲੀਸ ਵੱਲੋਂ ਥਾਣਾ ਭੈਣੀ ਮੀਆਂ ਖਾਂ ਵਿੱਚ 250 ਅਣਪਛਾਤੇ ਵਿਅਕਤੀਆਂ ਸਮੇਤ 280 ਵਿਅਕਤੀਆਂ ‘ਤੇ ਕੇਸ ਦਰਜ ਕਰਨ ਤੋਂ ਇਲਾਵਾ ਥਾਣਾ ਦੀਨਾਨਗਰ ਦੇ ਮੁਖੀ ਬਲਦੇਵ ਰਾਜ ਸ਼ਰਮਾ ਦੇ ਬਿਆਨਾਂ ਦੇ ਆਧਾਰ ਉੱਤੇ ਥਾਣਾ ਤਿਬੜ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਸੱਤ ਪ੍ਰਮੁੱਖ ਆਗੂਆਂ ਅਤੇ 250 ਅਣਪਛਾਣਿਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ। ਪੁਲੀਸ ਵੱਲੋਂ ਦੋਹਾਂ ਥਾਣਿਆਂ ਵਿੱਚ ਧਾਰਾ 448, 511, 454, 427, 148, 149 ਤੋਂ ਇਲਾਵਾ ਥਾਣਾ ਤਿਬੜ ਵਿੱਚ ਲੋਕਾਂ ਨੂੰ ਭੜਕਾਉਣ ਦੇ ਦੋਸ਼ਾਂ ਹੇਠ ਧਾਰਾ 332 ਤਹਿਤ ਕੇਸ ਦਰਜ ਕੀਤਾ ਗਿਆ ਸੀ ਪਰ ਕੇਸ ਦਰਜ ਹੋਣ ਮਗਰੋਂ ਅਕਾਲੀ ਆਗੂ ਅਤੇ ਐਸਜੀਪੀਸੀ ਮੈਂਬਰ ਜਥੇਦਾਰ ਸੇਵਾ ਸਿੰਘ ਸੇਖਵਾਂ, ਸੁੱਚਾ ਸਿੰਘ ਲੰਗਾਹ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਵੀਰ ਸਿੰਘ ਲਾਡੀ, ਸੁਖਬੀਰ ਸਿੰਘ ਵਾਹਲਾ, ਗੁਰਿੰਦਰ ਸਿੰਘ ਗੋਰਾ ਅਤੇ ‘ਆਪ’ ਦੇ ਮਾਝਾ ਜ਼ੋਨ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ ਸਮੇਤ ਹੋਰ ਅਣਪਛਾਤੇ ਵਿਅਕਤੀ ਰੂਪੋਸ਼ ਹੋ ਗਏ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਜ਼ਿਲ੍ਹਾ ਪੁਲੀਸ ਲਈ ਵੱਡੀ ਚੁਣੌਤੀ ਬਣੀ ਹੋਈ ਹੈ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜ਼ਿਆਦਾਤਰ ਆਗੂ ਆਪਣੀ ਗ੍ਰਿਫ਼ਤਾਰੀ ਦੇ ਡਰੋਂ ਪੰਜਾਬ ਤੋਂ ਬਾਹਰ ਚਲੇ ਗਏ ਹਨ। ਲਿਹਾਜ਼ਾ ਕਿਸੇ ਅਣਸੁਖਾਵੀਂ ਘਟਨਾ ਨੂੰ ਲੈ ਕੇ ਗੁਰਦੁਆਰੇ ਨੂੰ ਜਾਂਦੇ ਸਾਰੇ ਰਸਤਿਆਂ ਅਤੇ ਗੁਰਦੁਆਰਾ ਕੰਪਲੈਕਸ ਅੰਦਰ ਵੱਡੀ ਗਿਣਤੀ ਵਿੱਚ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੋਇਆ ਹੈ ਪਰ ਫ਼ਿਲਹਾਲ ਨਾਮਜ਼ਦ ਆਗੂਆਂ ਦੀ ਗ੍ਰਿਫ਼ਤਾਰੀ ਦਾ ਮਾਮਲਾ ਪੁਲੀਸ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ। ਜ਼ਿਲ੍ਹਾ ਪੁਲੀਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਕਿ ਇਸ ਸਬੰਧੀ ਜਾਂਚ ਚੱਲ ਰਹੀ ਹੈ। ਇਸ ਮਸਲੇ ਵਿੱਚ ਜ਼ਿਲ੍ਹੇ ਦੀ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਪੁਲੀਸ ਹਰ ਤਰ੍ਹਾਂ ਮੁਸਤੈਦ ਰਹੇਗੀ।