ਨਿਊਯਾਰਕ ਵਿਖੇ ਸੁਸ਼ਮਾ-ਕੁਰੈਸ਼ੀ ਮਿਲਣੀ ਵਿਚ ਕਰਤਾਰਪੁਰ ਸਾਹਿਬ ਲਾਂਘੇ ‘ਤੇ ਗੱਲਬਾਤ ਦੀ ਸੰਭਾਵਨਾ

ਨਿਊਯਾਰਕ ਵਿਖੇ ਸੁਸ਼ਮਾ-ਕੁਰੈਸ਼ੀ ਮਿਲਣੀ ਵਿਚ ਕਰਤਾਰਪੁਰ ਸਾਹਿਬ ਲਾਂਘੇ ‘ਤੇ ਗੱਲਬਾਤ ਦੀ ਸੰਭਾਵਨਾ

ਇਸ ਮਹੀਨੇ ਦੇ ਅਖੀਰ ਵਿਚ ਨਿਊ ਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਇਜਲਾਸ ਮੌਕੇ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦਾ ਪ੍ਰਸਤਾਵ ਹੈ। ਵਿਦੇਸ਼ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਇਕ ਖ਼ਤ ਵਿੱਚ ਦੋਵਾਂ ਮੁਲਕਾਂ ਵਿਚਕਾਰ ਅਮਨ ਵਾਸਤੇ  ਨਿਊਯਾਰਕ ਵਿੱਚ ਹੋਣ ਵਾਲੇ ਯੂਐਨ ਮਹਾਸਭਾ ਦੇ ਇਜਲਾਸ ਮੌਕੇ ਵਿਦੇਸ਼ ਮੰਤਰੀ ਮਖਦੂਮ ਸ਼ਾਹ ਮਹਿਮੂਦ ਕੁਰੈਸ਼ੀ ਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਵਿਚਕਾਰ ਮੀਟਿੰਗ ਦਾ ਪ੍ਰਸਤਾਵ ਪੇਸ਼ ਕੀਤਾ ਸੀ। ਸ੍ਰੀ ਮੋਦੀ ਨੇ ਵੀ ਜਵਾਬ ਵਿਚ ਦੋਵੇਂ ਮੁਲਕਾਂ ਦੇ ਦੱਖਣੀ ਏਸ਼ੀਆ ਲਈ ਮਿਲ ਕੇ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਸੀ।
ਇਸੇ ਕਰਕੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਵਿਚਕਾਰ ਨਿਊਯਾਰਕ ਵਿੱਚ ਇਸ ਮਹੀਨੇ ਦੇ ਅਖੀਰ ‘ਚ ਹੋਣ ਵਾਲੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਇਜਲਾਸ ਮੌਕੇ ਇਕ ਮੀਟਿੰਗ ਹੋਵੇਗੀ। ਸੰਯੁਕਤ ਰਾਸ਼ਟਰ ਮਹਾਸਭਾ ਦਾ ਨੌਂ ਰੋਜ਼ਾ ਇਜਲਾਸ 25 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ।
ਮੀਡੀਆ ਨੂੰ ਇਹ ਜਾਣਕਾਰੀ ਦਿੰਦਿਆਂ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਇਹ ਵੀ ਦੱਸਿਆ ਕਿ ਬੀਬੀ ਸਵਰਾਜ ਵੱਲੋਂ ਕੌਮਾਂਤਰੀ ਸਰਹੱਦ ‘ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਣ ਦੇ ਮੁੱਦੇ ‘ਤੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਇਹ ਮਾਮਲਾ ਉਭਾਰਿਆ ਸੀ ਜੰਮੂ ਵਿੱਚ ਕੌਮਾਂਤਰੀ ਸਰਹੱਦ ‘ਤੇ ਬੀਐਸਐਫ ਦੇ ਇਕ ਜਵਾਨ ਨੂੰ ਬੇਕਿਰਕ ਢੰਗ ਨਾਲ ਮਾਰੇ ਜਾਣ ਬਾਰੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਨੇ ਆਖਿਆ ਕਿ ਭਾਰਤ ਨੇ ਇਸ ਬਾਰੇ ਪਾਕਿਸਤਾਨ ਕੋਲ ਰੋਸ ਦਰਜ ਕਰਾਇਆ ਹੈ ਤੇ ਇਹ ਇਕ ਗੰਭੀਰ ਮੁੱਦਾ ਹੈ ਤੇ ਪਾਕਿਸਤਾਨ ਕੋਲ ਇਹ ਮੁੱਦਾ ਉਠਾਇਆ ਜਾਵੇਗਾ।