ਲੰਗਰ ਕਮੇਟੀਆਂ ਨੇ ਜੋੜ ਮੇਲੇ ਦੌਰਾਨ ਸਿਆਸੀ ਕਾਨਫੰਰਸਾਂ ਦਾ ਕੀਤਾ ਵਿਰੋਧ

ਲੰਗਰ ਕਮੇਟੀਆਂ ਨੇ ਜੋੜ ਮੇਲੇ ਦੌਰਾਨ ਸਿਆਸੀ ਕਾਨਫੰਰਸਾਂ ਦਾ ਕੀਤਾ ਵਿਰੋਧ

ਕੈਪਸ਼ਨ-ਸ਼ਹੀਦੀ ਜੋੜ ਮੇਲ ਦੌਰਾਨ ਇਕ ਲੰਗਰ ਕਮੇਟੀ ਦੇ ਬਾਹਰ ਸਿਆਸੀ ਕਾਨਫੰਰਸ ਦੇ ਵਿਰੋਧ ਦਾ ਲੱਗਿਆ ਹੋਇਆ ਬੈਨਰ।
ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ :
ਇਤਿਹਾਸਕ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ 25, 26 ਤੇ 27 ਦਸੰਬਰ ਨੂੰ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਵੱਲੋਂ ਮਾਨਵਤਾ, ਧਰਮ ਅਤੇ ਹੱਕ ਸੱਚ ਦੀ ਰਾਖੀ ਲਈ ਦਿੱਤੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਇਤਿਹਾਸਕ ਤੇ ਪਵਿੱਤਰ ਅਸਥਾਨ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਤਿੰਨ ਰੋਜ਼ਾ ਸਾਲਾਨਾ ‘ਸ਼ਹੀਦੀ ਜੋੜ ਮੇਲ’ ਮੌਕੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਸ਼ਹੀਦੀ ਕਾਨਫੰਰਸ ਦੀ ਆੜ ਵਿਚ ਕੀਤੀ ਜਾਣ ਵਾਲੀ ਸਿਆਸੀ ਕਾਨਫੰਰਸ ਦਾ ਬੁੱਧੀਜੀਵੀ ਵਰਗ ਵੱਲੋਂ ਕੀਤੇ ਜਾਂਦੇ ਵਿਰੋਧ ਤੋਂ ਬਾਅਦ ਹੁਣ ਲੰਗਰ ਕਮੇਟੀਆਂ ਨੇ ਵੀ ਇਸ ਵਿਰੁੱਧ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਸ਼ਹੀਦੀ ਜੋੜ ਮੇਲ ਮੌਕੇ ਲੰਗਰ ਕਮੇਟੀਆਂ ਵੱਲੋਂ ਲੰਗਰਾਂ ਦੇ ਬਾਹਰ ”ਅਸੀਂ ਫਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਉੱਤੇ ਸਿਆਸੀ ਕਾਨਫੰਰਸਾਂ ਦਾ ਵਿਰੋਧ ਕਰਦੇ ਹਾਂ” ਦੇ ਬੈਨਰ ਲਾ ਕੇ ਸੰਗਤ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਜੋੜ ਮੇਲ ਦੌਰਾਨ ਕਈ ਲੰਗਰ ਕਮੇਟੀਆਂ ਦੇ ਬਾਹਰ ਇਹ ਬੈਨਰ ਲੱਗੇ ਦਿਖਾਈ ਦਿੱਤੇ। ਇਸ ਸਬੰਧੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਪ੍ਰਚਾਰਕ (ਜਥਾ ਰੰਧਾਵਾ) ਗੁਰਪ੍ਰੀਤ ਸਿੰਘ ਰੰਧਾਵਾ ਨੇ ਸਿਆਸੀ ਕਾਨਫੰਰਸਾਂ ਦਾ ਸਖ਼ਤ ਵਿਰੋਧ ਪ੍ਰਗਟ ਕੀਤਾ। ਉਨ੍ਹਾਂ ਸੁਝਾਅ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਕਾ ਸਰਹਿੰਦ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਕ ਸਾਂਝੀ ਸਟੇਜ ਲਾਉਣੀ ਚਾਹੀਦੀ ਹੈ ਜਿੱਥੇ ਹਰ ਸਿਆਸੀ ਪਾਰਟੀ ਤੇ ਧਾਰਮਿਕ ਜਥੇਬੰਦੀ ਦੇ ਮੁਖੀ ਜਾਂ ਨੁਮਾਇੰਦੇ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਇਹ ਸ਼ਰਧਾਂਜਲੀ ਨਿਰੋਲ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਹੋਣੀ ਚਾਹੀਦੀ ਹੈ। ਇਸ ਦੌਰਾਨ ਕਿਸੇ ਵੀ ਸਿਆਸੀ ਨੇਤਾ ਨੂੰ ਆਪਣੀ ਵਡਿਆਈ ਤੇ ਦੂਜੀ ਪਾਰਟੀ ਦੀ ਨਿੰਦਾ ਨਾ ਕਰਨ ਦੀ ਸਖ਼ਤ ਪਾਬੰਦੀ ਹੋਣੀ ਚਾਹੀਦੀ ਹੈ।
ਇਸ ਸਬੰਧੀ ਪੁੱਛਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਧਰਮ ਤੇ ਰਾਜਨੀਤੀ ਨਾਲ ਨਾਲ ਚੱਲਦੇ ਹਨ, ਇਹ ਅਲੱਗ ਨਹੀਂ ਹੋ ਸਕਦੇ। ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ‘ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੈ ਮਲੈ ਹੈ’। ਉਨ੍ਹਾਂ ਕਿਹਾ ਕਿ ਧਰਮ ਨੂੰ ਜੀਵਿਤ ਰੱਖਣ ਲਈ ਰਾਜਨੀਤੀ ਹੋਣੀ ਬਹੁਤ ਜ਼ਰੂਰੀ ਹੈ।