ਨਿਊਜਰਸੀ ‘ਚ ਸਿੱਖ ਦੀ ਹੱਤਿਆ ਦੇ ਮਾਮਲੇ ‘ਚ ਇਕ ਗ੍ਰਿਫ਼ਤਾਰ

ਨਿਊਜਰਸੀ ‘ਚ ਸਿੱਖ ਦੀ ਹੱਤਿਆ ਦੇ ਮਾਮਲੇ ‘ਚ ਇਕ ਗ੍ਰਿਫ਼ਤਾਰ

ਨਿਊਯਾਰਕ/ਬਿਊਰੋ ਨਿਉਜ਼ :

ਅਮਰੀਕਾ ਦੇ ਨਿਊਜਰਸੀ ਵਿਖੇ ਲੰਘੀ 16 ਅਗਸਤ ਨੂੰ ਇਕ ਸਿੱਖ ਤਰਲੋਕ ਸਿੰਘ (55 ਸਾਲ ) ਨੂੰ ਉਸ ਦੇ ਚਚੇਰੇ ਭਰਾ ਨੇ ਉਨ੍ਹਾਂ ਦੇ ਸਟੋਰ ‘ਚ ਹੀ ਮਰਿਆ ਪਿਆ ਵੇਖਿਆ ਸੀ। ਦਰਅਸਲ ਉਸ ਦਾ ਕਿਸੇ ਨੇ ਕਤਲ ਕਰ ਦਿੱਤਾ ਸੀ। ਹੁਣ ਪੁਲਿਸ ਵੱਲੋਂ ਤਰਲੋਕ ਸਿੰਘ ਦੀ ਹੱਤਿਆ ਕਰਨ ਦੇ ਮਾਮਲੇ ‘ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਈਸੈਕਸ ਕਾਊਂਟੀ ਦੇ ਅਧਿਕਾਰੀ ਰੋਬਰਟ ਲਾਉਰਨੀਓ ਨੇ ਦੱਸਿਆ ਕਿ ਨਿਊਵਾਰਕ ਦੇ ਉਬੀਏਰਾ (55 ਸਾਲ) ਨੂੰ ਤਰਲੋਕ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੱਤਿਆ ਦੇ ਮਕਸਦ ਦਾ ਅਜੇ ਪਤਾ ਨਹੀਂ ਲੱਗ ਸਕਿਆ। ਮੁਲਜ਼ਮ ਤਰਲੋਕ ਸਿੰਘ ਦੇ ਸਟੋਰ ਦਾ ਹੀ ਕਰਮਚਾਰੀ ਸੀ।ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਆਪਣੀ ਕੁਵੇਲੇ ਦੀ ਡਿਊਟੀ ਤੋਂ ਪ੍ਰੇਸ਼ਾਨ ਰਹਿੰਦਾ ਸੀ।
ਤਰਲੋਕ ਸਿੰਘ ਪਿਛਲੇ ਛੇ ਸਾਲ ਤੋਂ ਆਪਣਾ ਸਟੋਰ ਚਲਾ ਰਿਹਾ ਸੀ ਤੇ ਉਸ ਦੇ ਗੁਆਂਢੀ ਉਸ ਨੂੰ ਬੇਹੱਦ ਨੇਕ ਇਨਸਾਨ ਦੱਸਦੇ ਸਨ। ਗੁਆਂਢੀਆਂ ਨੇ ਇਹ ਵੀ ਕਿਹਾ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਦੇ ਆਪਣੇ ਦਫ਼ਤਰ ਕੋਲ ਉਸ ‘ਤੇ ਹਮਲਾ ਹੋ ਜਾਵੇਗਾ। ਦੱਸਣਯੋਗ ਹੈ ਕਿ ਬੀਤੇ 3 ਹਫ਼ਤਿਆਂ ਦੌਰਾਨ ਅਮਰੀਕਾ ‘ਚ ਘੱਟ-ਗਿਣਤੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਇਹ ਤੀਜੀ ਘਟਨਾ ਸੀ, ਜਿਸ ਕਾਰਨ ਪੁਲਿਸ ਉਤੇ ਕੇਸ ਹੱਲ ਕਰਨ ਦਾ ਭਾਰੀ ਦਬਾਅ ਸੀ।