ਗੁਰਦੁਆਰਾ ਸਾਹਿਬ ਫ਼ਰੀਮੌਂਟ ਵਿਖੇ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ ਸਿੱਖ ਬੱਚਿਆਂ ਦਾ ਦਿਨ

ਗੁਰਦੁਆਰਾ ਸਾਹਿਬ ਫ਼ਰੀਮੌਂਟ ਵਿਖੇ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ ਸਿੱਖ ਬੱਚਿਆਂ ਦਾ ਦਿਨ

ਫਰੀਮਾਂਟ/ਬਿਊਰੋ ਨਿਊਜ਼:
ਗੁਰਦੁਆਰਾ ਸਾਹਿਬ ਫ਼ਰੀਮੌਂਟ ਵਿਖੇ ਸਿੱਖ ਬੱਚਿਆਂ ਦਾ ਦਿਨ (Sikh Children Day) ਪਿਛਲੇ 14 ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਭਾਰੀ ਉਤਸ਼ਾਹ ਨਾਲ 7 ਅਪਰੈਲ 2018 ਨੂੰ ਮਨਾਇਆ ਗਿਆ। ਇਸ ਮੌਕੇ ਤੇ 500 ਤੋਂ ਵੱਧ ਬੱਚਿਆਂ ਅਤੇ ਯੁਵਕਾਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਛੋਟੇ ਤੋਂ ਛੋਟੇ ਤਿੰਨ ਸਾਲ ਤੋਂ ਲੈ ਕੇ 19 ਸਾਲ ਤੱਕ ਦੀ ਉਮਰ ਦੇ ਵੱਖ ਵੱਖ ਸ਼ਹਿਰਾਂ ਟਰੇਸੀ, ਮੈਨਟੀਕਾ, ਟਰਲੌਕ, ਸੈਕਰਾਮੈਂਟੋ, ਸਟਾਕਟਨ, ਸੈਨਹੋਜ਼ੇ, ਸੈਂਟਾ ਕਲਾਰਾ ਅਤੇ ਬੇ-ਏਰੀਆ ਦੇ ਸਾਰੇ ਸ਼ਹਿਰਾਂ ਤੋਂ ਆਏ ਸਿੱਖ ਬੱਚਿਆਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲਾਂ ਫ਼ਰੀਮੌਂਟ ਖਾਲਸਾ ਸਕੂਲ ਦੇ ਬੱਚਿਆਂ ਨੇ ਆਪਣੇ ਅਧਿਆਪਕਾਂ ਦੀ ਦੇਖ ਰੇਖ ਵਿੱਚ ਇੱਕ ਪਰੇਡ ਕੀਤੀ। ਅੱਖਰ ਬੋਧ ਕਵਿਤਾ, ਮੂਲ ਮੰਤਰ ਵਿਆਖਿਆ, ਸ਼ਬਦ ਕੀਰਤਨ ਅਤੇ ਅਰਦਾਸ ਤੋਂ ਉਪਰੰਤ ਉਲੀਕੇ ਪ੍ਰੋਗਰਾਮ ਮੁਤਾਬਿਕ ਦਿਨ ਦੀ ਸ਼ੁਰੂਆਤ ਹੋਈ।
ਬੀਬੀ ਅਰਵਿੰਦਰਜੀਤ ਕੌਰ ਵਲੋਂ ਦਿੱਤੀ ਲਿਖਤੀ ਜਾਣਕਾਰੀ ਅਨੁਸਾਰ ਸਾਰੇ ਪ੍ਰੋਗਰਾਮ ਨੂੰ ਮੁੱਖ ਤੌਰ ਤੇ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ।
ਮੁਕਾਬਲੇ: ਜਿਸ ਵਿੱਚ ਦਸਤਾਰ ਸਜਾਉਣਾ, ਪਰਸ਼ਾਦਾ ਬਣਾਉਣਾ, ਸਿੱਖ ਕਲਾ (ਅਰਟ), ਗਤਕਾ, ਤੀਰ ਕਮਾਨੀ, ਗੁਰਬਾਣੀ ਕੰਠ, ਕਵਿਤਾ ਅਤੇ ਕੇਕ ਬਣਾ ਕੇ ਲਿਆਉਣਾ ਆਦਿ ਮੁਕਾਬਲੇ ਸ਼ਾਮਲ ਸਨ। ਮੁਕਾਬਲਿਆਂ ਦੇ ਮਿਆਰ ਦਾ ਅੰਦਾਜ਼ਾ ਤਾਂ ਦੇਖਦੇ ਸੁਣਦੇ ਹੀ ਬਣਦਾ ਸੀ। ਬੱਚਿਆਂ ਦੀ ਪ੍ਰਤੀਯੋਗਤਾ ਦੇਖਣ ਲਈ ਮੁਕਾਬਲੇ ਨਾਲ ਸੰਬੰਧਤ ਹੀ ਜੱਜ ਲਿਆਂਦੇ ਗਏ ਸਨ ਜਿਹਨਾਂ ਨੇ ਬਹੁਤ ਹੀ ਚੰਗੇ ਦਰਜੇ ਦੀ ਸੇਵਾ ਨਿਭਾਈ।
ਸਾਖੀ ਲੈਂਡ ਤੇ ਘੋੜਸਵਾਰੀ: ਸਾਖੀਲੈਂਡ (Sakhi Land) ਇੱਕ ਬਹੁਤ ਹੀ ਸੋਹਣੀ ਅਤੇ ਵਚਿੱਤਰ ਸੋਚ ਦਾ ਨਤੀਜਾ ਹੈ। ਇਸਦਾ ਆਨੰਦ ਕੀ ਛੋਟਾ ਤੇ ਕੀ ਵੱਡਾ, ਸਾਰੀ ਸੰਗਤ ਨੇ ਮਾਣਿਆ। ਇਸ ਸਾਲ ਇਸ ਦਾ ਵਿਸ਼ਾ ਸੀ – ਦੁੱਖ ਭੰਜਨੀ ਅਤੇ ਅੰਮ੍ਰਿਤ ਸਰੋਵਰ ਦੀ ਸਾਖੀ। 25 ਤੋਂ 30 ਸੇਵਾਦਾਰਾਂ ਨੇ ਬੀਬੀ ਬਲਵਿੰਦਰ ਕੌਰ ਜੀ ਦੀ ਅਗਵਾਈ ਵਿੱਚ ਸਾਰਾ ਦਿਨ ਇਸ ਵਿੱਚ ਸੇਵਾ ਕੀਤੀ ਅਤੇ ਸੰਗਤਾਂ ਨੂੰ ਵੱਖ ਵੱਖ ਤਰੀਕਿਆਂ ਰਾਹੀਂ ਜਾਣਕਾਰੀ ਦਿੱਤੀ। ਰੌਚਕ ਗੱਲ ਇਹ ਸੀ ਕਿ ਬੱਚਿਆਂ ਨੂੰ ਛਕਣ ਵਾਸਤੇ ਬੇਰ ਵੀ ਮਿਲੇ। ਆਖੀਰ ਤੇ ਛੋਟੇ ਛੋਟੇ ਜਾਨਵਰਾਂ ਨੂੰ ਨੇੜੇ ਹੋ ਕੇ, ਉਹਨਾਂ ਨੂੰ ਛੂਹ ਕੇ ਦੇਖਣ ਦਾ ਮੌਕਾ ਦਿੱਤਾ ਅਤੇ ਦੱਸਿਆ ਗਿਆ ਕਿ ਕਿਵੇਂ ਅਸੀਂ ਹਰ ਇੱਕ ਨਾਲ ਪਿਆਰ ਕਰਨਾ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਘੋੜਸਵਾਰੀ ਵੀ ਕਰਵਾਈ ਗਈ।
ਗਤੀਵਿਧੀਆਂ: ਇਸੇ ਤਰਾਂ ਹੀ ਵੱਖ ਵੱਖ ਵਰਕਸ਼ਾਪ ਦਾ ਵੀ ਇੰਤਜਾਮ ਕੀਤਾ ਹੋਇਆ ਸੀ ਜਿਵੇਂ ਕਿ ਗੁਰਬਾਣੀ ਨੂੰ ਸੁੰਦਰ ਲਿਖਾਈ ਵਿੱਚ ਲਿਖਣਾ (Gurbani Calligraphy), ਸਾਰੇ ਪ੍ਰੋਗਰਾਮ ਵਿੱਚ ਛੁਪੀਆਂ ਚੀਜ਼ਾਂ ਨੂੰ ਇੱਕ ਪ੍ਰਸ਼ਨ ਪੱਤਰ ਰਾਹੀਂ ਲੱਭਣਾ (Treasure Hunt) ਸ਼ਾਮਲ ਸਨ. ਇੱਕ ਕਿੱਤੇ ਵਜੋਂ ਫੋਟੋਗਰਾਫਰ ਨੇ ਪਰਿਵਾਰਾਂ ਦੀ ਯਾਦਗਾਰੀ ਤਸਵੀਰਾਂ ਖਿੱਚੀਆਂ।
ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ ਜਿਸ ਵਿੱਚ ਵੱਖਰੇ ਵੱਖਰੇ ਭੋਜਨ ਦਾ ਸੰਗਤਾਂ ਨੇ ਆਨੰਦ ਮਾਣਿਆ। ਅੰਤ ਵਿੱਚ ਕੇਕ ਤਾਂ ਸਾਰਿਆਂ ਨੇ ਖਾਣਾ ਹੀ ਸੀ। ਸ਼ਾਮ ਨੂੰ ਕੀਰਤਨ ਦਰਬਾਰ ਤੋਂ ਉਪਰੰਤ ਹਰ ਮੁਕਾਬਲੇ ਵਿੱਚ ਪ੍ਰਥਮ ਆਏ 106 ਬੱਚਿਆਂ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਵਿੱਚ ਇੱਕ ਗੱਲ ਇਹ ਵੀ ਚੰਗੀ ਸੀ ਕਿ ਇਨਾਮਾਂ ਦੀ ਦੁਕਾਨ ਤੋਂ ਹਰ ਬੱਚੇ ਨੂੰ ਘਰ ਲਿਜਾਣ ਵਾਸਤੇ ਕੁੱਝ ਨਾ ਕੁੱਝ ਜਰੂਰ ਮਿਲਿਆ।
ਫ਼ਰੀਮੌਂਟ ਗੁਰਦੁਆਰਾ ਸਾਹਿਬ ਦਾ ਇਹ ਇੱਕ ਅਤਿ ਸ਼ਲਾਘਾ ਯੋਗ ਕਦਮ ਹੈ ਕਿਉਂ ਕਿ ਇਹੋ ਜਿਹੇ ਪ੍ਰੋਗਰਾਮ ਕਰਨ ਨਾਲ ਬੱਚਿਆਂ ਵਿੱਚ ਸਿੱਖੀ ਪ੍ਰਤੀ ਪਿਆਰ ਅਤੇ ਕੌਮੀ ਜਜ਼ਬਾ ਪੈਦਾ ਹੁੰਦਾ ਹੈ ਅਤੇ ਸਿੱਖਣ ਦਾ ਮੌਕਾ ਮਿਲਦਾ ਹੈ। ਹਰ ਕੋਈ ਇਸ ਪ੍ਰੋਗਰਾਮ ਦੀ ਉਤਸੁਕਤਾ ਨਾਲ ਅਗਲੇ ਸਾਲ ਦੀ ਉਡੀਕ ਕਰਦਾ ਹੈ।.