ਲੋਪੋਕੇ ਭਰਾਵਾਂ ਨੇ ਸੂਫ਼ੀ ਗਾਇਕੀ ਰਾਹੀਂ ਬੰਨ੍ਹਿਆ ਸਮਾਂ

ਲੋਪੋਕੇ ਭਰਾਵਾਂ ਨੇ ਸੂਫ਼ੀ ਗਾਇਕੀ ਰਾਹੀਂ ਬੰਨ੍ਹਿਆ ਸਮਾਂ

ਸੈਕਰਾਮੈਂਟੋ/ਬਿਊਰੋ ਨਿਊਜ਼ :
ਸੂਫ਼ੀ ਗਾਇਕ ਭਰਾਵਾਂ ‘ਲੋਪੋਕੇ ਬ੍ਰਦਰਜ਼’ ਦੀ ਪਲੇਠੀ ਸ਼ਾਮ ‘ਇੰਡੀਆ ਗਰਿੱਲ ਸੈਕਰਾਮੈਂਟੋ’ ਵਿੱਚ ਧਰਮਿੰਦਰ ਸਿੰਘ ਅਤੇ ਸੁਰਿੰਦਰ ਸ਼ੇਰਗਿੱਲ ਵਲੋਂ ਕਰਵਾਈ ਗਈ। ‘ਟੋਟਲ ਇੰਟਰਟੇਨਮੈਂਟ’ ਦੇ ਅਵਤਾਰ ਲਾਖਾ ਤੇ ਵਿਜੇ ਸਿੰਘ ਦੇ ਸੱਦੇ ‘ਤੇ ਪਹਿਲੀ ਵਾਰ ਅਮਰੀਕਾ ਦੀ ਧਰਤੀ ‘ਤੇ ਆਏ ਲੋਪੋਕੇ ਭਰਾਵਾਂ ਨੇ ਸੂਫ਼ੀ, ਲੋਕ ਸੰਗੀਤ ਤੇ ਕਵਾਲੀ ਗਾਇਨ ਦੇ ਵੱਖ ਵੱਖ ਰੰਗ ਪੇਸ਼ ਕਰਕੇ ਸਰੋਤਿਆਂ ਦੇ ਮਨ ਮੋਹ ਲਏ। ਸਮਾਗਮ ਦੀ ਸ਼ੁਰੂਆਤ ਸਟੇਜ ਸੰਚਾਲਕ ਜਸਵੰਤ ਸਿੰਘ ਸ਼ਾਦ ਨੇ ਲਖਬੀਰ ਲੋਪਕੇ ਤੇ ਰਾਜਿੰਦਰ ਲੋਪੋਕੇ ਦੀ ਗਾਇਕੀ ਦੇ ਸਫ਼ਰ ਬਾਰੇ ਵਿਸਥਾਰਤ ਜਾਣਕਾਰੀ ਦੇ ਕੇ ਕੀਤੀ। ਰਾਗਾਂ ਦੇ ਗਿਆਤਾ ਇਨ੍ਹਾਂ ਗਾਇਕ ਭਰਾਵਾਂ ਨੇ ਸੁੱਚੇ ਤੇ ਸੁਚੱਜੇ ਗੀਤਾਂ ਨੂੰ ਐਸੀਆਂ ਕਮਾਲ ਦੀਆਂ ਬੰਦਿਸ਼ਾਂ ਵਿੱਚ ਬੰਨ੍ਹਿਆ ਕਿ ਘੰਟਿਆਂਬੱਧੀ ਸੁਨਣ ਤੋਂ ਬਾਅਦ ਵੀ ਬੰਦਾ ਅੱਕਿਆ ਨਹੀਂ। ‘ਟੋਟਲ ਇੰਟਰਟੇਨਮੈਂਟ’ ਵਲੋਂ ਸੁਚੱਜੇ ਤੇ ਸਾਫ ਸੁਥਰਾ ਲਿਖਣ ਵਾਲਿਆਂ ਨੂੰ ਪ੍ਰੋਮੋਟ ਕਰਨ ਦੇ ਮਨਸ਼ੇ ਨਾਲ ਕਈ ਨਵੇਂ ਗੀਤਕਾਰਾਂ ਨੂੰ ਵੀ ਇਸ ਮਹਿਫ਼ਿਲ ਵਿੱਚ ਸ਼ਾਮਲ ਕੀਤਾ ਹੈ। ਸੰਜੀਦਾ ਗੀਤਕਾਰ ਵਜੋਂ ਆਪਣੀ ਥਾਂ ਬਣਾ ਚੁੱਕੇ ਸ਼ਾਇਰ ਤੇ ਗੀਤਕਾਰ ਸੁੱਖੀ ਧਾਲੀਵਾਲ ਤੇ ਕੁਲਵੰਤ ਸੇਖੋਂ ਦੇ ਗੀਤਾਂ ਨੂੰ ਪ੍ਰਮੁੱਖਤਾ ਦਿੱਤੀ ਗਈ । ਤਿੰਨ ਘੰਟੇ ਚੱਲੇ ਇਸ ਸਮਾਗਮ ਵਿੱਚ ਦਰਸ਼ਕਾਂ ਨੇ ਗਾਇਕਾਂ ਨੂੰ ਖੂਬ ਦਾਦ ਦਿੱਤੀ। ਸਮਾਗਮ ਦੇ ਪ੍ਰੋਮੋਟਰ ਤੇ ਉੱਘੇ ਐਕਟਰ ਤੇ ਕਾਮੇਡੀਅਨ ਵਿਜੇ ਸਿੰਘ ਨੇ ਆਪਣੀ ਕਾਮੇਡੀ ਰਾਹੀਂ ਵਾਹਵਾ ਰੰਗ ਬੰਨ੍ਹਿਆ। ਇੰਟਰਨੈਸ਼ਨਲ ਤਬਲਾਵਾਦਕ ਮੰਗੀ ਸਹੋਤਾ ਅਤੇ ਕੀ ਬੋਰਡ ‘ਤੇ ਬੱਗਾ ਸਿੰਘ ਨੇ ਸੰਗੀਤਕ ਜੁਗਲਬੰਦੀ ਰਾਹੀਂ ਸੰਗੀਤ ਦੇ ਜੌਹਰ ਵਿਖਾਏ। ਲੇਖਕ ਐੱਸ ਅਸ਼ੋਕ ਭੌਰੇ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।