1984 ਸਿੱਖ ਕਤਲੇਆਮ: ਪੀੜਤ ਚਾਮ ਕੌਰ ਦੀ ਜਿਰ੍ਹਾ ਪੂਰੀ ਹੋਈ; ਸੱਜਣ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕੀਤਾ

1984 ਸਿੱਖ ਕਤਲੇਆਮ: ਪੀੜਤ ਚਾਮ ਕੌਰ ਦੀ ਜਿਰ੍ਹਾ ਪੂਰੀ ਹੋਈ; ਸੱਜਣ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕੀਤਾ

ਨਵੀਂ ਦਿੱਲੀ: 1984 ਸਿੱਖ ਕਤਲੇਆਮ ਨਾਲ ਜੁੜੇ ਇੱਕ ਹੋਰ ਮਾਮਲੇ ਦੇ ਸੰਬੰਧ 'ਚ ਅੱਜ ਸੱਜਣ ਕੁਮਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ ਗਿਆ। ਇਸ ਮਾਮਲੇ ਵਿਚ ਅੱਜ ਅਹਿਮ ਗਵਾਹ ਚਾਮ ਕੌਰ ਦੀ ਜਿਰ੍ਹਾ ਪੂਰੀ ਹੋ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ 4 ਫਰਵਰੀ ਨੂੰ ਹੋਵੇਗੀ। 

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੀ ਸਰਪ੍ਰਸਤੀ ਹੇਠ ਹੋਏ 1984 ਸਿੱਖ ਕਤਲੇਆਮ ਵਿਚ ਚਾਮ ਕੌਰ ਦੇ ਪੁੱਤਰ ਅਤੇ ਪਿਤਾ ਨੂੰ ਕਤਲ ਕਰ ਦਿੱਤਾ ਗਿਆ ਸੀ। ਚਾਮ ਕੌਰ ਨੇ ਸੱਜਣ ਕੁਮਾਰ ਦੀ ਪਛਾਣ ਕਰਦਿਆਂ ਅਦਾਲਤ ਵਿਚ ਬਿਆਨ ਦਿੱਤਾ ਹੈ ਕਿ ਸਿੱਖ ਕਤਲੇਆਮ ਮੌਕੇ ਉਸਨੇ ਸੱਜਣ ਕੁਮਾਰ ਨੂੰ ਕਾਤਲ ਭੀੜਾਂ ਨੂੰ ਸਿੱਖਾਂ ਦਾ ਕਤਲੇਆਮ ਕਰਨ ਲਈ ਉਕਸਾਉਂਦਿਆਂ ਦੇਖਿਆ ਸੀ। 

16 ਨਵੰਬਰ ਨੂੰ ਦਰਜ ਇਕ ਬਿਆਨ ਵਿਚ ਚਾਮ ਕੌਰ ਨੇ ਅਦਾਲਤ ਨੂੰ ਦੱਸਿਆ, "1 ਨਵੰਬਰ, 1984 ਨੂੰ ਜਦੋਂ ਮੈਂ ਆਪਣੀ ਬੱਕਰੀ ਦੇਖਣ ਲਈ ਘਰ ਤੋਂ ਬਾਹਰ ਨਿੱਕਲੀ, ਮੈਂ ਦੇਖਿਆ ਕਿ ਦੋਸ਼ੀ ਸੱਜਣ ਕੁਮਾਰ ਭੀੜ ਨੂੰ ਕਹਿ ਰਿਹਾ ਸੀ ਕਿ, 'ਹਮਾਰੀ ਮਾਂ ਮਾਰ ਦੀ, ਸਰਦਾਰੋਂ ਕੋ ਮਾਰ ਦੋ'।"

ਜੂਨ 1984 ਵਿਚ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬ 'ਤੇ ਫੌਜੀ ਹਮਲਾ ਕਰਨ ਦਾ ਹੁਕਮ ਦੇਣ ਵਾਲੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ 31 ਅਕਤੂਬਰ 1984 ਵਾਲੇ ਦਿਨ ਉਸ ਦੇ ਅੰਗ ਰੱਖਿਅਕ ਦੋ ਸਿੱਖਾਂ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਸ਼ਹੀਦ ਭਾਈ ਸਤਵੰਤ ਸਿੰਘ ਨੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਲਗਾਤਾਰ 3 ਦਿਨ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਤੇ ਹਿੰਦੀ ਬੋਲਦੇ ਇਲਾਕਿਆਂ ਵਿਚ ਸਿੱਖਾਂ ਦੀ ਨਸਲਕੁਸ਼ੀ ਦੇ ਇਰਾਦੇ ਨਾਲ ਕਤਲੇਆਮ ਕੀਤਾ ਗਿਆ ਤੇ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਨ ਤੋਂ ਇਲਾਵਾ ਸਿੱਖ ਔਰਤਾਂ ਨਾਲ ਬਲਾਤਕਾਰ ਕੀਤੇ ਗਏ। 

ਇਸ ਮਾਮਲੇ 'ਚ ਤਿਹਾੜ ਜੇਲ੍ਹ ਅਧਿਕਾਰੀਆਂ ਵਲੋਂ ਸੱਜਣ ਕੁਮਾਰ ਨੂੰ ਅਦਾਲਤ 'ਚ ਪੇਸ਼ ਨਾ ਕੀਤੇ ਜਾਣ 'ਤੇ ਬੀਤੀ 22 ਜਨਵਰੀ ਨੂੰ ਅਦਾਲਤ ਨੇ ਸੱਜਣ ਕੁਮਾਰ ਵਿਰੁੱਧ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਸੀ। ਕਤਲੇਆਮ ਦੇ ਇੱਕ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸੱਜਣ ਕੁਮਾਰ ਦਿੱਲੀ ਦੀ ਤਿਹਾੜ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਅਧੀਨ ਬੰਦ ਹੈ। ਹੇਠਲੀ ਅਦਾਲਤ 'ਚ ਚੱਲ ਰਹੇ ਇਸ ਦੂਜੇ ਮਾਮਲੇ 'ਚ ਤਿੰਨ ਦੋਸ਼ੀਆਂ- ਸੱਜਣ ਕੁਮਾਰ, ਬ੍ਰਹਮਾਨੰਦ ਗੁਪਤਾ ਅਤੇ ਵੇਦ ਪ੍ਰਕਾਸ਼ 'ਤੇ "ਦੰਗੇ ਭੜਕਾਉਣ" ਅਤੇ ਹੱਤਿਆ ਕਰਨ ਦਾ ਦੋਸ਼ ਹੈ।