ਭਾਰੀ ਸ਼ਰਧਾ ਨਾਲ ਮਨਾਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਥਮ ਪ੍ਰਕਾਸ਼ ਉਤਸਵ

ਭਾਰੀ ਸ਼ਰਧਾ ਨਾਲ ਮਨਾਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਥਮ ਪ੍ਰਕਾਸ਼ ਉਤਸਵ

ਗੁਰਦੁਆਰਾ ਸਾਹਿਬ ਲੈਂਕਰਸ਼ਿਮ ਵਿਖੇ ਸਾਲਾਨਾ ਸਮਾਗਮ ਦੌਰਾਨ
ਸੰਗਤਾਂ ਨੇ ਗੁਰਬਾਣੀ ਤੇ ਕੀਰਤਨ ਦਾ ਆਨੰਦ ਮਾਣਿਆ
ਲਾਸ ਏਂਜਲਸ/ਬਿਊਰੋ ਨਿਊਜ਼:
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਥਮ ਪ੍ਰਕਾਸ਼ ਉਤਸਵ ਲੈਂਕਰਸ਼ਿਮ ਗੁਰਦੁਆਰਾ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਇਆ । ਵਰਣਨਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਥਮ ਪ੍ਰਕਾਸ਼ ਪੁਰਬ ਗੁਰੂ ਘਰ ਵਿਖੇ ਪਿਛਲੇ ਗਿਆਰਾਂ ਸਾਲਾਂ ਤੋਂ ਹਮੇਸ਼ਾ ਲੇਬਰ ਡੇ ਵਾਲੇ ਦਿਨ ਹੀ ਮਨਇਆ ਜਾਂਦਾ ਹੈ ਕਉਂਕਿ ਇਸ ਦਿਨ ਅਮੈਰਿਕਾ ਵਿਚ ਨੈਸ਼ਨਲ ਹੋਲੀਡੇ ਹੁੰਦਾ ਹੈ ।ਇਸ ਨੂੰ ਮੁੱਖ ਰਖਦਿਆਂ ਲਾਸ ਏਂਜਲਸ ਇਲਾਕੇ ਦੇ ਸਾਰੇ ਗੁਰੂ ਘਰਾਂ ਤੋਂ ਕੀਰਤਨੀ ਜਥਿਆਂ ਨੂੰ ਸੱਦਾ ਪੱਤਰ ਦੇ ਕੇ ਬੁਲਾਇਆ ਜਾਂਦਾ ਹੈ ਅਤੇ ਗੁਰੂ ਘਰ ਕੀਰਤਨ ਪਿਛੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ।
ਇਸ ਵਾਰ ਵੀ ਸਤੰਬਰ 4 , 2017  ਸੋਮਵਾਰ ਵਾਲੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਥਮ ਪ੍ਰਕਾਸ਼ ਉਤਸਵ ਬਹੁਤ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਇਆ। ਇਸ ਸਾਲ ਵੀ ਗਿਆਰਵੀ ਸ਼ਤਾਬਦੀ ਵਾਲੇ ਦਿਨ ਪ੍ਰਥਮ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਮਹਾਰਾਜ ਜੀ ਦੇ ਨਮਿਤ ਗੁਰੂ ਘਰ ਵਿਚ ਅਖੰਡ ਸਾਹਿਬ 2  ਸਤੰਬਰ  ਤੋਂ ਆਰੰਭ ਹੋ ਕੇ 4  ਸਤੰਬਰ ਨੂੰ ਭੋਗ ਪਾਏ ਗਏ । ਅਖੰਡ ਪਾਠ ਸਾਹਿਬ ਦੀ ਸੇਵਾ ਸੁਖਵੰਤ ਸਿੰਘ ਸੰਧੂ  ਦੇ ਪਰਿਵਾਰ ਵਲੋ ਕਰਵਾਈ ਗਈ । ਇਹ ਪ੍ਰੋਗ੍ਰਾਮ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਸੰਪੂਰਨ ਕੀਤਾ ਗਇਆ । ਪ੍ਰੋਗਰਾਮ ਦੀ ਆਰੰਭਤਾ ਗੁਰਮਤਿ ਗਿਆਨ ਸਕੂਲ ਲੈਂਕਰਸ਼ਿਮ ਦੇ ਬਚਿਆਂ ਨੇ ਕੀਤੀ। ਇਸ ਤੋਂ ਬਾਅਦ ਬਚਿਆਂ ਨੇ ਦਸਾਂ ਗੁਰੂਆਂ ਦੇ ਨਾਮ ਉਚਾਰੇ ਅਤੇ ਦੇਹ ਸ਼ਿਵਾ ਵਰ ਮੋਹਿ ਏਹੈ’ ਸ਼ਬਦ ਦਾ ਗੁਣਗਾਨ ਕੀਤਾ ਅੰਤ ਵਿਚ ਬਚਿਆ ਨੇ ਜੀਵਤ ਜੀਵਤ ਜੀਵਤ ਰਹੁ ਸ਼ਬਦ ਬੀਬੀ ਸਪਨਾ ਦੇ ਨਾਲ ਉਚਾਰਨ ਕੀਤਾ।
ਕੀਰਤਨ ਦੀ ਸੇਵਾ ਗੁਰੂਘਰ ਵਾਲਨੱਟ ਵਲੋਂ ਭਾਈ ਰਘਬੀਰ ਸਿੰਘ ਜੀ ਨੇ ਨਿਭਾਈ । ਇਸ ਉਪਰੰਤ ਭਾਈ ਕੀਰਤਨ  ਸਿੰਘ ਜੀ (ਗੁਰੂ ਰਾਮਦਾਸ ਆਸ਼੍ਰਮ  ਗੁਰੂਘਰ ਤੋਂ ), ਸੰਤ ਅਨੂਪ  ਸਿੰਘ (ਊਨਾ ਵਾਲੇ ), ਭਾਈ ਦਲਵੀਰ ਸਿੰਘ ਜੀ  (ਤਰਮਾਲਾ ਵਾਲੇ), ਭਾਈ ਰਵਿੰਦਰ ਸਿੰਘ ਜੀ ਰਸੀਆ, ਭਾਈ ਗਗਨਦੀਪ ਸਿੰਘ (ਨਾਨਕ ਸਦਨ ਗੁਰੂ ਘਰ ਤੋ) ਦੇ ਜਥੇ ਵਲੋਂ ਨਿਭਾਈ ਕੀਰਤਨ ਦੀ ਸੇਵਾ ਨਿਭਾਈ ਗਈ।
ਪ੍ਰੋਗਰਾਮ ਦੇ ਅੰਤ ਵਿਚ ਭਾਈ ਸਾਹਿਬ ਭਾਈ ਜਤਿੰਦਰ ਸਿੰਘ ਜੋਤ ਨੇ ਬਹੁਤ ਹੀ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਅਨੰਦੁ ਸਾਹਿਬ ਤੋਂ ਬਾਅਦ ਮਹਾਰਾਜ ਜੀ ਦਾ ਵਾਕ ਲਿਆ ਗਇਆ ।
ਇਸ ਪ੍ਰੋਗਰਾਮ ਦੀ ਸਫਲਤਾ ਲਈ ਭਾਈ ਪਵਨਦੀਪ ਸਿੰਘ ਅਤੇ ਸਟਾਫ਼ ਨੇ ਭਰਵਾਂ ਯੋਗਦਾਨ ਪਾਉਂਦਿਆਂ ਬਹੁਤ ਹੀ ਉਚੇਚੇ ਢੰਗ ਨਾਲ ਡੇਢ ਮਹੀਨੇ ਵਿਚ ਸਕੂਲ ਦੇ ਸ਼ੁਰੂ ਹੋਣ ਨਾਲ ਕੀਤੀ ।
ਇਸ ਸਾਰੇ ਪ੍ਰੋਗਰਾਮ ਦੌਰਾਨ ਸਟੇਜ ਦੀ ਸੇਵਾ ਗੁਰੂ ਘਰ ਦੇ ਪਰਧਾਨ ਭਾਈ ਸਾਹਿਬ ਗੁਰਚਰਨ ਸਿੰਘ ਬੈਂਸ ਨੇ ਬਹੁਤ ਹੀ ਸੁਚਾਰੂ ਢੰਗ ਨਾਲ ਨਿਭਾਈ । ਉਨ੍ਹਾਂ ਨੇ ਸਮੁੱਚੀ ਸੰਗਤ ਦਾ ਧੰਨਵਾਦ ਕਰਦਿਆਂ ਆਉਣ ਵਾਲੇ ਸਮੇ ਵਿਚ ਇਸ ਨੂੰ  ਹੋਰ ਸੁਚਾਰੂ ਢੰਗ ਨਾਲ ਮਨਾਉਣ ਦਾ ਵਾਅਦਾ ਕੀਤਾ। ਇਸ ਸਾਰੇ ਸਮਾਗਮ ਵਿਚ ਲੰਗਰਾਂ ਦੀ ਸੇਵਾ ਗੁਰਦਾਸ ਸਿੰਘ ਵਲੋਂ ਕਾਰਵਾਈ ਗਈ । ਛੋਲੇ-ਭਟੂਰਿਆਂ ਅਤੇ ਗੰਨੇ ਦੇ ਰਸ ਦੇ ਸੇਵਾ ਸਿਖ ਵੈਲਫ਼ੇਅਰ ਸੋਸਾਇਟੀ ਵਲੋ ਕੀਤੀ ਗਈ ।