ਇੰਡੋਨੇਸ਼ੀਆ ਵਿਚ ਭੂਚਾਲ ਤੋਂ ਬਾਅਦ ਆਈ ਸੁਨਾਮੀ ਕਾਰਨ ਤਬਾਹੀ

ਇੰਡੋਨੇਸ਼ੀਆ ਵਿਚ ਭੂਚਾਲ ਤੋਂ ਬਾਅਦ ਆਈ ਸੁਨਾਮੀ ਕਾਰਨ ਤਬਾਹੀ
ਇੰਡੋਨੇਸ਼ੀਆ ਦੇ ਪਾਲੂ ਵਿਚ ਭੂਚਾਲ ਤੇ ਸੁਨਾਮੀ ਕਾਰਨ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਵਿੱਚੋਂ ਆਪਣੇ ਸਕੇ-ਸਬੰਧੀਆਂ ਦੀ ਪਛਾਣ ਕਰਦਾ ਹੋਇਆ ਇਕ ਵਿਅਕਤੀ।

ਪਾਲੂ(ਇੰਡੇਨੇਸ਼ੀਆ)/ਬਿਊਰੋ ਨਿਊਜ਼ :
ਇੰਡੋਨੇਸ਼ੀਆ ‘ਚ ਭੂਚਾਲ ਅਤੇ ਸੁਨਾਮੀ ਨੇ ਕਹਿਰ ਮਚਾ ਦਿੱਤਾ ਹੈ। ਇਸ ਕੁਦਰਤੀ ਆਫਤ ਦੀ ਮਾਰ ਹੇਠ ਆਏ ਸੁਲਾਵੇਸੀ ਟਾਪੂ ‘ਚ ਮੌਤਾਂ ਦੀ ਗਿਣਤੀ ਵਧ ਕੇ 832 ਹੋ ਗਈ ਹੈ। ਲੋਕਾਂ ਨੂੰ ਭੋਜਨ ਅਤੇ ਪਾਣੀ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਲੁੱਟ-ਮਾਰ ਦੀਆਂ ਵਾਰਦਾਤਾਂ ਵਧ ਗਈਆਂ ਹਨ। ਬਚਾਅ ਅਤੇ ਰਾਹਤ ਕਾਰਜਾਂ ਲਈ ਫ਼ੌਜ ਤਾਇਨਾਤ ਕਰ ਦਿੱਤੀ ਗਈ ਹੈ। ਕੌਮੀ ਆਫ਼ਤ ਏਜੰਸੀ ਵੱਲੋਂ ਮ੍ਰਿਤਕਾਂ ਦੀ ਦੱਸੀ ਗਈ ਗਿਣਤੀ ਪਿਛਲੇ ਅੰਕੜੇ ਨਾਲੋਂ ਦੁਗਣੀ ਤੋਂ ਵੱਧ ਹੈ। ਇੰਡੋਨੇਸ਼ੀਆ ਦੇ ਉਪ ਰਾਸ਼ਟਰਪਤੀ ਯੂਸੁਫ਼ ਕੱਲਾ ਨੇ ਖ਼ਦਸ਼ਾ ਜਤਾਇਆ ਹੈ ਕਿ ਭੂਚਾਲ ਅਤੇ ਸੁਨਾਮੀ ਕਾਰਨ ਮ੍ਰਿਤਕਾਂ ਦੀ ਗਿਣਤੀ ‘ਹਜ਼ਾਰਾਂ’ ‘ਚ ਹੋ ਸਕਦੀ ਹੈ। ਤਬਾਹੀ ਵਾਲੇ ਸ਼ਹਿਰ ਪਾਲੂ ਦੇ ਇਕ ਕੈਂਪ ‘ਚ ਬੱਚੇ ਨਾਲ ਆਈ 35 ਵਰ੍ਹਿਆਂ ਦੀ ਰੀਸਾ ਕੁਸੁਮਾ ਨੇ ਕਿਹਾ,”ਹਰ ਇਕ ਮਿੰਟ ਬਾਅਦ ਐਂਬੂਲੈਂਸ ਇਕ ਲਾਸ਼ ਲਿਆਉਂਦੀ ਹੈ। ਸਾਫ਼ ਪੀਣ ਵਾਲੇ ਪਾਣੀ ਦੀ ਕਮੀ ਹੋ ਗਈ ਹੈ। ਹਰ ਥਾਂ ‘ਤੇ ਬਾਜ਼ਾਰਾਂ ਨੂੰ ਲੁੱਟਿਆ ਜਾ ਰਿਹਾ ਹੈ।”
ਇੰਡੋਨੇਸ਼ੀਆ ਦੇ ਮੈਟਰੋ ਟੀਵੀ ਨੇ ਡੋਂਗਲਾ ਸ਼ਹਿਰ ਦੀਆਂ ਤਸਵੀਰਾਂ ਦਿਖਾਈਆਂ ਜੋ ਭੂਚਾਲ ਦੇ ਕੇਂਦਰ ਨੇੜੇ ਸੀ। ਉਥੇ ਤਬਾਹੀ ਦਾ ਮੰਜ਼ਰ ਸਾਫ ਦੇਖਿਆ ਜਾ ਸਕਦਾ ਸੀ। ਇਕ ਵਸਨੀਕ ਨੇ ਕਿਹਾ ਕਿ ਭੂਚਾਲ ਮਗਰੋਂ ਜ਼ਿਆਦਾਤਰ ਲੋਕ ਸੁਰੱਖਿਅਤ ਥਾਵਾਂ ‘ਤੇ ਚਲੇ ਗਏ ਹਨ। ਪਾਲੂ ਸ਼ਹਿਰ ‘ਚ ਫ਼ੌਜ ਅਤੇ ਰਾਹਤ ਕਰਮੀ ਮਲਬੇ ‘ਚ ਲੋਕਾਂ ਦੀ ਭਾਲ ‘ਚ ਜੁਟੇ ਹੋਏ ਹਨ। ਇਕ ਹੋਟਲ ਦੇ ਮਲਬੇ ‘ਚ ਘੱਟੋ ਘੱਟ 150 ਵਿਅਕਤੀ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਕੌਮੀ ਖੋਜ ਅਤੇ ਬਚਾਅ ਏਜੰਸੀ ਦੇ ਮੁਖੀ ਮੁਹੰਮਦ ਸਿਔਗੀ ਨੇ ਕਿਹਾ ਕਿ ਹੋਟਲ ਰੋਆ-ਰੋਆ ‘ਚੋਂ ਉਨ੍ਹਾਂ ਇਕ ਮਹਿਲਾ ਨੂੰ ਜ਼ਿੰਦਾ ਬਚਾਇਆ। ਉਨ੍ਹਾਂ ਕਿਹਾ ਕਿ ਸਹਾਇਤਾ ਲਈ ਕਈ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਪੈ ਰਹੀਆਂ ਹਨ ਪਰ ਮਲਬੇ ਨੂੰ ਸਾਫ਼ ਕਰਨ ਲਈ ਭਾਰੀ ਮਸ਼ੀਨਰੀ ਦੀ ਲੋੜ ਹੈ। ਜਦੋਂ ਭੂਚਾਲ ਅਤੇ ਸੁਨਾਮੀ ਆਈ ਤਾਂ ਸੈਂਕੜੇ ਲੋਕ ‘ਬੀਚ ਫੈਸਟੀਵਲ’ ਦੀ ਤਿਆਰੀ ‘ਚ ਰੁੱਝੇ ਹੋਏ ਸਨ ਅਤੇ ਉਨ੍ਹਾਂ ਦਾ ਅਜੇ ਤਕ ਪਤਾ ਨਹੀਂ ਲੱਗ ਰਿਹਾ। ਸੈਟੇਲਾਈਟ ਤਸਵੀਰਾਂ ‘ਚ ਦਿਖਾਇਆ ਗਿਆ ਹੈ ਕਿ ਕਈ ਇਲਾਕਿਆਂ ‘ਚ ਭਾਰੀ ਨੁਕਸਾਨ ਹੋਇਆ ਹੈ। ਭੂਚਾਲ ਮਗਰੋਂ ਆਈ ਸੁਨਾਮੀ ਕਾਰਨ ਵੱਡੇ ਜਹਾਜ਼ ਹਵਾ ‘ਚ ਉਛਲ ਗਏ ਅਤੇ ਪੁਲ ਟੁੱਟ ਗਏ। ਹਸਪਤਾਲ ਜ਼ਖ਼ਮੀਆਂ ਨਾਲ ਭਰੇ ਪਏ ਹਨ ਅਤੇ ਕਈ ਲੋਕਾਂ ਦਾ ਇਲਾਜ ਖੁਲ੍ਹੇ ਸਥਾਨਾਂ ‘ਤੇ ਹੋ ਰਿਹਾ ਹੈ।
ਬਹੁਤੀਆਂ ਥਾਵਾਂ ‘ਤੇ ਬਿਜਲੀ ਸਪਲਾਈ ਠੱਪ ਹੈ। ਸਰਕਾਰੀ ਏਜੰਸੀ ਨੇ ਦੱਸਿਆ ਕਿ ਕਰੀਬ 17 ਹਜ਼ਾਰ ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ। ਕਰੀਬ 24 ਲੱਖ ਲੋਕਾਂ ‘ਤੇ ਭੂਚਾਲ ਦਾ ਅਸਰ ਪਿਆ ਹੈ।