ਪੰਥਕ ਧਿਰਾਂ ਦੇ ਭਾਰੀ ਦਬਾਅ ਕਾਰਨ ਵਿਵਾਦਤ ਕਿਤਾਬ ‘ਤੇ ਰੋਕ ਲੱਗੀ

ਪੰਥਕ ਧਿਰਾਂ ਦੇ ਭਾਰੀ ਦਬਾਅ ਕਾਰਨ ਵਿਵਾਦਤ ਕਿਤਾਬ ‘ਤੇ ਰੋਕ ਲੱਗੀ

ਸਿੱਖ ਇਤਿਹਾਸਕਾਰਾਂ ਵੱਲੋਂ ਕੈਪਟਨ ਸਰਕਾਰ ‘ਤੇ ਆਰਐਸਐਸ ਦਾ ਏਜੰਡਾ ਲਾਗੂ ਕਰਨ ਦੇ ਦੋਸ਼ 
ਕਿਤਾਬ ਬਾਰੇ ਪੰਦਰਾਂ ਸਫਿਆਂ ਦੀ ਤੱਥ ਭਰਪੂਰ ਰਿਪੋਰਟ ‘ਚ ਸਨਸਨੀਖੇਜ਼ ਖੁਲਾਸੇ
ਪੰਜਾਬ ਸਰਕਾਰ ਨੇ ਅੱਧੇ ਜਿਹੇ ਮਨ ਨਾਲ ਮੰਗੀ ਮੁਆਫੀ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਸਰਕਾਰ ਨੇ ਆਖਰਕਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਇਤਿਹਾਸ ਦੀਆਂ ਗਿਆਰਵੀਂ ਅਤੇ ਬਾਰਵੀਂ ਦੇ ਸਿਲੇਬਸ ਵਿੱਚ ਹੋਈਆਂ ਤਬਦੀਲੀਆਂ ਅਤੇ ਇਨਾਂ ਤਬਦੀਲੀਆਂ ਨਾਲ ਹੋਈਆਂ ਬੱਜਰ ਗਲਤੀਆਂ ਨੂੰ ਸਵੀਕਾਰ ਕਰਦੇ ਹੋਏ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ‘ਤੇ ਉਦੋਂ ਤੱਕ ਰੋਕ ਲਾ ਦਿੱਤੀ ਹੈ, ਜਦੋਂ ਤੱਕ ਨਵਗਠਿਤ ਨਿਗਰਾਨ ਕਮੇਟੀ ਵੱਲੋਂ ਇਸ ਦੀ ਨਜ਼ਰਸਾਨੀ ਕਰਕੇ ਅਗਲਾ ਫੈਸਲਾ ਨਹੀਂ ਲਿਆ ਜਾਂਦਾ। ਸਰਕਾਰ ਨੇ ਕਿਹਾ ਹੈ ਕਿ ਇਸ ਕਿਤਾਬ ਦੀਆਂ ਹੋਰ ਕਾਪੀਆਂ ਜਾਰੀ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਉੱਘੇ ਇਤਿਹਾਸਕਾਰ ਪ੍ਰੋ. ਕ੍ਰਿਪਾਲ ਸਿੰਘ ਦੀ ਅਗਵਾਈ ਵਿੱਚ ਬਣਾਈ ਛੇ ਮੈਂਬਰੀ ਕਮੇਟੀ ਕੋਲੋਂ ਇਸ ਦੀ ਸਮੀਖਿਆ ਕਰਵਾਉਣੀ ਬਿਹਤਰ ਹੋਵੇਗੀ। ਗੌਰਤਲਬ ਹੈ ਕਿ ਇਸ ਅਹਿਮ ਐਲਾਨ ਤੋਂ ਪਹਿਲਾਂ ਇਤਿਹਾਸ ਦੇ ਸਿਲੇਬਸ ਦੀ ਨਜ਼ਰਸਾਨੀ ਲਈ ਇੱਕ ਛੇ ਮੈਂਬਰੀ ਨਿਗਰਾਨ ਕਮੇਟੀ ਬਣਾਈ ਗਈ ਹੈ ਜੋ ਸੰਨ 2014 ਵਿੱਚ ਉਸ ਵੇਲੇ ਦੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵਲੋਂ ਕਾਇਮ ਕੀਤੀ ਕਮੇਟੀ ਵੱਲੋਂ ਇਤਿਹਾਸ ਦੇ ਸਿਲੇਬਸ ਦੀ ਸਮੀਖਿਆ ਕਰਨ ਬਾਰੇ ਕੀਤੀਆਂ ਸਿਫਾਰਸ਼ਾਂ ਦੀ ਘੋਖ ਵੀ ਕਰੇਗੀ ਅਤੇ ਇਸ ਤੋਂ ਇਲਾਵਾ ਭਵਿੱਖ ਵਿੱਚ ਇਤਿਹਾਸ ਦੀਆਂ ਸਾਰੀਆਂ ਕਿਤਾਬਾਂ ਦੀ ਵੀ ਨਜ਼ਰਸਾਨੀ ਕਰੇਗੀ।
ਇਸ ਸਾਰੇ ਵਿਵਾਦ ‘ਚ ਬੁਰੀ ਤਰ੍ਹਾਂ ਘਿਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਹੰਗਾਮੀ ਪ੍ਰੈਸ ਕਾਨਫਰੰਸ ਦੌਰਾਨ ਵਿਰੋਧੀ ਧਿਰ ਦੀ ਤਿੱਖੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਤਿਹਾਸਕ ਕਿਤਾਬਾਂ ਦੇ ‘ਸਿਆਸੀਕਰਨ’ ਨੂੰ ਰੋਕਣ ਲਈ ਇੱਕ ਸਥਾਈ ਕਮੇਟੀ ਕਾਇਮ ਕਰਨ ਦਾ ਫੈਸਲਾ ਕੀਤਾ ਹੈ ਜੋ ਸਿਲੇਬਸ ਨੂੰ ਤਿਆਰ ਕਰਨ ਅਤੇ ਇਸ ਵਿਸ਼ੇ ‘ਤੇ ਗਲਤੀਆਂ ਰਹਿਤ ਕਿਤਾਬਾਂ ਯਕੀਨੀ ਬਣਾਉਣ ਵਿੱਚ ਕੰਮ ਕਰੇਗੀ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹੁਣ ਜੋ ਵਿਵਾਦ ਛਿੜਿਆ ਹੋਇਆ ਹੈ ਉਹ ਸਿਆਸੀ ਤੌਰ ‘ਤੇ ਪ੍ਰੇਰਿਤ ਹੈ ਜਦਕਿ ਹਕੀਕਤ ਇਹ ਹੈ ਕਿ ਸਾਲ 2014 ਵਿੱਚ ਅਕਾਲੀ ਭਾਜਪਾ ਸਰਕਾਰ ਦੌਰਾਨ ਐਨ ਸੀ ਆਈ ਆਰ ਟੀ ਦੇ ਸਿਲੇਬਸ ਤੇ ਕਿਤਾਬਾਂ ਪ੍ਰਕਾਸ਼ਤ ਕਰਨ ਸਬੰਧੀ ਨਜ਼ਰਸਾਨੀ ਕਰਨ ਦੀ ਫੈਸਲਾ ਕੀਤਾ ਗਿਆ ਸੀ। ਅਸਲ ਵਿੱਚ ਇਸ ਤੋਂ ਪਹਿਲਾਂ ਇਤਿਹਾਸ ਦੀ ਕੋਈ ਕਿਤਾਬ ਹੀ ਨਹੀਂ ਸੀ ਜਿਸਦਾ ਜ਼ਿਕਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਜਾ ਰਿਹਾ ਹੈ। ਜਿਸ ਕਿਤਾਬ ਦਾ ਉਹ ਜ਼ਿਕਰ ਕਰਦੇ ਹਨ ਉਹ ਮਹਿਜ਼ ਗਾਈਡ ਹੈ।
ਇਸ ਕਮੇਟੀ ਵਿੱਚ ਉੱਘੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਪ੍ਰਧਾਨ ਹੋਣਗੇ ਜਦਕਿ ਉਨਾਂ ਦੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਅਤੇ ਇਤਿਹਾਸਕਾਰ ਡਾ. ਜੇ.ਐਸ. ਗਰੇਵਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪ੍ਰਿਥੀਪਾਲ ਸਿੰਘ ਕਪੂਰ ਅਤੇ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਦੇ ਐਮੀਰਾਈਟਸ ਡਾ. ਇੰਦੂ ਬੰਗਾ ਇਸ ਦੇ ਮੈਂਬਰ ਹੋਣਗੇ। ਇਸ ਕਮੇਟੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ ਕੀਤੇ ਜਾਣ ਵਾਲੇ ਦੋ ਉਘੇ ਇਤਿਹਾਸਕਾਰ ਵੀ ਸ਼ਾਮਿਲ ਹੋਣਗੇ।
ਨਵੀਂ ਕਮੇਟੀ ਸਾਲ 2014 ਵਿੱਚ ਗਠਿਤ ਕੀਤੇ ਮਾਹਰਾਂ ਦੇ ਗਰੁੱਪ ਦੀਆਂ  ਸਿਫਾਰਸ਼ਾਂ ‘ਤੇ ਵਿਚਾਰ ਕਰਕੇ ਰਿਪੋਰਟ ਪੇਸ਼ ਕਰੇਗੀ ਅਤੇ ਅਤੇ ਗਰੁੱਪ ਦੀਆਂ ਸਿਫਾਰਸ਼ਾਂ ਤੋਂ ਬਾਅਦ ਗਿਆਰਵੀਂ ਤੇ ਬਾਰਵੀਂ ਜਮਾਤ ਦੇ ਇਤਿਹਾਸ ਦੇ ਨਵੇਂ ਸਿਲੇਬਸ ਵਿੱਚ ਕੀਤੀਆਂ ਤਬਦੀਲੀਆਂ ਵੀ ਘੋਖੇਗੀ ਅਤੇ ਜੇਕਰ ਕੋਈ ਦਰੁਸਤੀ ਕਰਨੀ ਹੋਈ ਤਾਂ ਉਸ ਬਾਰੇ ਆਪਣਾ ਸੁਝਾਅ ਦੇਵੇਗੀ।  ਕਮੇਟੀ ਨੂੰ ਗਿਆਰਵੀਂ ਤੇ ਬਾਰਵੀਂ ਜਮਾਤ ਲਈ ਪਾਠ ਪੁਸਤਕਾਂ ਦੇ ਵਿਸ਼ਾ-ਵਸਤੂ ਨੂੰ ਘੋਖਣ ਅਤੇ ਜੇਕਰ ਤੱਥਾਂ ‘ਚ ਹੋਰ ਗਲਤੀਆਂ ਹੋਈਆਂ ਤਾਂ ਉਨਾਂ ਨੂੰ ਸੋਧਣ ਬਾਰੇ ਸੁਝਾਅ ਦੇਣ ਦੇ ਨਾਲ-ਨਾਲ ਐਨ.ਸੀ.ਈ.ਆਰ.ਟੀ. ਵੱਲੋਂ ਨਿਰਧਾਰਤ ਇਤਿਹਾਸ ਦੇ ਸਿਲੇਬਸ ਦੇ ਮੁਤਾਬਕ ਕਰਨ ਲਈ ਆਖਿਆ ਗਿਆ ਹੈ। ਇਨਾਂ ਤੋਂ ਇਲਾਵਾ ਕਮੇਟੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਸਾਰੀਆਂ ਜਮਾਤਾਂ ਲਈ ਇਤਿਹਾਸ ਦੀਆਂ ਪਾਠ ਪੁਸਤਕਾਂ ਦੇ ਸਿਲੇਬਸ ਤੇ ਵਿਸ਼ਾ-ਵਸਤੂ ਦੀ ਨਜ਼ਰਸਾਨੀ ਕਰਨ ਅਤੇ ਤੱਥਾਂ ‘ਚ ਉਕਾਈ ਨਾ ਰਹਿਣ ਨੂੰ ਯਕੀਨੀ ਬਣਾਉਣ ਦੀ ਨਿਗਰਾਨੀ ਕਰਨ ਦੀ ਹਦਾਇਤ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਗਿਆਰਵੀਂ ਅਤੇ ਬਾਰਵੀਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਛਾਪੀਆਂ ਹਨ। ਪਹਿਲਾਂ ਪ੍ਰਾਈਵੇਟ ਪ੍ਰਕਾਸ਼ਕ ਹੀ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦੇ ਅਧਾਰ ‘ਤੇ ਕਿਤਾਬਾਂ ਛਾਪਿਆ ਕਰਦੇ ਸਨ ਜਿਨਾਂ ਨੂੰ ਆਮ ਕਰਕੇ ਗਾਈਡ ਹੀ ਕਿਹਾ ਜਾਂਦਾ ਹੈ। ਅਮਰਿੰਦਰ ਸਿੰਘ ਨੂੰ ਇਤਰਾਜ਼ ਇਸ ਗੱਲ ਦਾ ਹੈ ਕਿ ਸੁਖਬੀਰ ਸਿੰਘ ਬਾਦਲ ਗਾਈਡਾਂ ਨੂੰ ਇਤਿਹਾਸ ਦੀਆਂ ਕਿਤਾਬਾਂ ਕਹਿ ਰਹੇ ਹਨ। ਸੂਤਰਾਂ ਮੁਤਾਬਕ ਇਸ ਸਮੇਂ ਬਾਰਵੀਂ ਜਮਾਤ ਦੀਆਂ 18 ਤੋਂ 20 ਹਜ਼ਾਰ ਦੇ ਕਰੀਬ ਕਿਤਾਬਾਂ ਬੋਰਡ ਦੇ ਵੱਖ ਵੱਖ ਡਿੱਪੂਆਂ ਵਿੱਚ ਪਈਆਂ ਹਨ ਜਦਕਿ ਗਿਆਰਵੀਂ ਜਮਾਤ ਦੀ ਕਿਤਾਬ ਅਜੇ ਛਪੀ ਹੀ ਨਹੀਂ ਹੈ।
ਮੁੱਖ ਮੰਤਰੀ ਪੰਜਾਬ ਭਾਵੇਂ ਵਾਰ ਵਾਰ ਆਖ ਰਹੇ ਹਨ ਕਿ ਗੁਰੂ ਸਾਹਿਬਾਨ ਨਾਲ ਸਬੰਧਤ ਸਿਲੇਬਸ ਹਟਾਇਆ ਨਹੀਂ ਗਿਆ ਅਤੇ ਸਿੱਖ ਗੁਰੂ ਸਾਹਿਬਾਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਤ ਸਿਲੇਬਸ ਨੂੰ ਕ੍ਰਮਵਾਰ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਗਿਆ ਹੈ ਪਰ ਇਹ ਬਿਆਨ ਹਕੀਕਤ ਨਾਲ ਮੇਲ ਨਹੀਂ ਖਾ ਰਹੇ। ਸਿੱਖ ਵਿਦਵਾਨ ਵੀ ਸਰਕਾਰ ਦੀ ਇਸ ਗੱਲ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ।  ਸਿਲੇਬਸ ਵਿੱਚ ਵੱਡੀਆਂ ਤਬਦੀਲੀਆਂ ਹੀ ਨਹੀਂ ਕੀਤੀਆਂ ਗਈਆਂ ਸਗੋਂ ਸਿਲੇਬਸ ਨੂੰ ਘਟਾ ਵੀ ਦਿੱਤਾ ਗਿਆ ਹੈ।
ਸਿੱਖ ਇਤਿਹਾਸਕਾਰ ਡਾ ਗੁਰਦਰਸ਼ਨ ਸਿੰਘ ਢਿੱਲੋਂ, ਸਿੱਖ ਵਿਦਵਾਨ ਸਾਬਕਾ ਆਈਏਐਸ ਗੁਰਤੇਜ ਸਿੰਘ ਅਤੇ ਸ੍ਰੀ ਗੁਰੂ ਕੇਂਦਰੀ ਸਿੰਘ ਸਭਾ ਦੇ ਸਕੱਤਰ ਜਨਰਲ ਗੁਰਦੀਪ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਦੋਸ਼ ਲਗਾਏ ਹਨ ਕਿ ਬਾਰ੍ਹਵੀਂ ਅਤੇ ਗਿਆਰਵੀਂ ਕਲਾਸ ਦੇ ਇਤਿਹਾਸ ਦੀਆਂ ਕਿਤਾਬਾਂ ਦੇ ਮਾਮਲੇ ਵਿੱਚ ਉਹ ਆਰਐਸਐਸ ਦਾ ਏਜੰਡਾ ਲਾਗੂ ਕਰ ਰਹੇ ਹਨ ।
ਇਨ੍ਹਾਂ ਵਿਦਵਾਨਾਂ ਨੇ ਕਿਹਾ ਕਿ  ਵਿਵਾਦਿਤ ਕਿਤਾਬਾਂ 2014 ਵਿੱਚ ਤਿਆਰ ਕਰਨੀਆਂ ਸ਼ੁਰੂ  ਕੀਤੀਆਂ ਸਨ ਜਿਨ੍ਹਾਂ ਵਿੱਚ ਭਗਵੇਂਕਰਨ ਨੂੰ ਵਧੇਰੇ ਤਵੱਜੋਂ ਦਿੱਤੀ ਗਈ ਹੈ । ਪੰਜਾਬ ਦੀ ਸਰਕਾਰ ਬਦਲਣ ਤੋਂ ਬਾਅਦ ਚਾਹੀਦਾ ਤਾਂ ਇਹ ਸੀ ਕਿ ਸਿੱਖ ਇਤਿਹਾਸ ਨੂੰ ਸਹੀ ਤਰ੍ਹਾਂ ਇਨ੍ਹਾਂ ਕਿਤਾਬਾਂ ਵਿੱਚ ਰੱਖਿਆ ਜਾਂਦਾ ਪਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਕਿਤਾਬਾਂ ਨੂੰ ਹੂ ਬ ਹੂ ਛਾਪ ਤਿਆਰ ਕਰਕੇ ਪ੍ਰਕਾਸ਼ਿਤ ਕਰਨਾ ਸ਼ੁਰੂ ਕਰ ਦਿੱਤਾ। ਬਾਰ੍ਹਵੀਂ ਦੀ ਕਿਤਾਬ ਜੋ ਛਪ ਕੇ ਤਿਆਰ ਹੋ ਗਈ, ਵਿੱਚ ਢੇਰ ਸਾਰੀਆਂ ਗ਼ਲਤੀਆਂ ਹਨ ਪਰ ਗਿਆਰ੍ਹਵੀਂ ਦੀ ਕਿਤਾਬ ਅਜੇ ਛਪਣ ਲਈ ਦਿੱਤੀ ਹੋਈ ਹੈ ।ਇਨ੍ਹਾਂ ਵਿਦਵਾਨਾਂ ਨੇ ਦੱਸਿਆ ਕਿ ਬਾਰ੍ਹਵੀਂ ਦੀ ਕਲਾਸ ਵਿੱਚ ਵਧੇਰੇ ਤਵੱਜੋ ਰਾਸ਼ਟਰਵਾਦ ਨੂੰ ਦਿੱਤੀ ਗਈ ਹੈ ਅਤੇ ਜੋ ਇਤਿਹਾਸ ਅਤੇ ਕੌਮ ਦੇ ਹੀਰੋ ਨਹੀਂ ਉਨ੍ਹਾਂ ਨੂੰ ਵਾਧੂ ਦਾ ਹੀਰੋ ਬਣਾ ਕੇ ਪੇਸ਼ ਕੀਤਾ ਗਿਆ ਹੈ । ਇਨ੍ਹਾਂ ਵਿਦਵਾਨਾਂ ਨੇ ਕਿਹਾ ਕਿ ਇਤਿਹਾਸ ਦੀਆਂ ਕਿਤਾਬਾਂ ਨੂੰ ਤਿਆਰ ਕਰਨ ਵਾਲੇ ਪੰਜਾਬ ਤੋਂ ਬਾਹਰ ਦੇ ਵਿਦਵਾਨ ਸਨ ਅਤੇ ਬਹੁਤੇ ਆਰਐਸਐਸ ਦੇ ਨਾਲ ਕੰਮ ਕਰਦੇ ਹਨ । ਕਿਤਾਬਾਂ ਤਿਆਰ ਕਰਨ ਵਾਲੇ ਵਿਦਵਾਨ ਇਤਿਹਾਸ ਵਿਸ਼ੇ ਨਾਲ ਸਬੰਧਿਤ ਵੀ ਨਹੀਂ। ਉਹ ਹੋਰਨਾਂ ਵਿਸ਼ਿਆਂ ਦੇ ਮਾਹਰ ਹਨ । ਇਨ੍ਹਾਂ ਵਿਦਵਾਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਸੱਚ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਵਾਈ ਅਤੇ ਪੁੱਤਰ ਉਲਝਣ ਵਿੱਚ ਹਨ। ਜਿਨ੍ਹਾਂ ਨੂੰ ਉਲਝਣ ਵਿੱਚੋਂ ਕਢਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਭਾਜਪਾ ਦੇ ਹੱਥਾਂ ਵਿਚ ਖੇਡ ਰਹੇ ਹਨ। ਇਨ੍ਹਾਂ ਵਿਦਵਾਨਾਂ ਨੇ ਮੰਗ ਕੀਤੀ ਕਿ ਪਹਿਲਾਂ ਦੀ ਤਰ੍ਹਾਂ ਹੀ ਪੰਜਾਬ ਦਾ ਇਤਿਹਾਸ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇ। ਨਾ ਕਿ ਆਰਐਸਐਸ ਦਾ ਏਜੰਡਾ ਲਾਗੂ ਕਰਨ ਲਈ ਸਿੱਖ ਇਤਿਹਾਸ ਨਾਲ ਖਿਲਵਾੜ ਕੀਤਾ ਜਾਵੇ। ਚਾਹੀਦਾ ਤਾਂ ਇਹ ਸੀ ਕਿ ਹੋਰਨਾਂ ਰਾਜਾਂ ਵਿੱਚ ਵੀ ਸਿੱਖ ਇਤਿਹਾਸ ਨੂੰ ਪੜ੍ਹਾਇਆ ਜਾਂਦਾ ਪਰ ਸਿੱਖ ਇਤਿਹਾਸ ਨੂੰ ਤਾਂ ਪੰਜਾਬ ਦੇ ਸਿਲੇਬਸ ਵਿੱਚੋਂ ਵੀ ਮਨਫ਼ੀ ਕੀਤਾ ਜਾਣ ਲੱਗਿਆ ਹੈ।
ਪੰਜਾਬ ਸਰਕਾਰ ਦੇ ਗਲ ਦੀ ਫਾਹੀ ਬਣੀ ਬਾਰ੍ਹਵੀਂ ਜਮਾਤ ਦੀ ਵਿਵਾਦਤ ਕਿਤਾਬ ਬਾਰੇ ਇਕ ਸਿੱਖ ਵਿਦਵਾਨ ਡਾ. ਗੁਰਮੀਤ ਸਿੰਘ ਸਿੱਧੂ ਨੇ ਬਹੁਤ ਹੀ ਤੱਥ ਭਰਪੂਰ ਤੇ ਸਨਸਨੀਖੇਜ਼ ਰਿਪੋਰਟ ਪੇਸ਼ ਕੀਤੀ ਹੈ। ਗੁਰਗਿਆਨ ਇੰਸਟੀਚਿਊਟ ਦੇ ਪ੍ਰਧਾਨ ਡਾ. ਗੁਰਮੀਤ ਸਿੰਘ ਸਿੱਧੂ, ਮੁਖੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 12ਵੀਂ ਕਲਾਸ ਦੀ ਇਤਿਹਾਸ ਦੀ ਵਿਵਾਦਿਤ ਪੁਸਤਕ ਬਾਰੇ ਤੱਥ ਖੋਜ ਕਮੇਟੀ ਦਾ ਗਠਨ ਕਰਕੇ ਇੱਕ ਰਿਵਿਊ ਰਿਪੋਰਟ ਤਿਆਰ ਕਰਵਾਈ ਹੈ, ਜਿਸ ਦੀ ਕਾਪੀ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਨੂੰ ਵੀ ਸੌਂਪੀ ਗਈ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਡਾ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਜੋ ਬਾਰ੍ਹਵੀਂ ਜਮਾਤ ਵਾਸਤੇ ਇਤਿਹਾਸ ਦੀ ਕਿਤਾਬ ਤਿਆਰ ਕੀਤੀ ਗਈ ਹੈ ਉਸ ਨੂੰ ਪੜ੍ਹ ਕੇ ਇੰਜ ਲੱਗਦਾ ਹੈ ਕਿ ਇਹ ਕੰਮ ਬਹੁਤ ਹੀ ਸਾਜਿਸ਼ੀ ਤਰੀਕੇ ਨਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਿਤਾਬ ਸਿੱਖ ਇਤਿਹਾਸ ਨੂੰ ਵਿਗਾੜਨ ਵਾਲੀ ਉਸ ਵੱਡੀ ਸਾਜ਼ਿਸ਼ ਦੀ ਹੀ ਇਕ ਕੜੀ ਹੈ, ਜੋ ਕਿਸੇ ਨਾ ਕਿਸੇ ਰੂਪ ਵਿਚ ਕਾਫੀ ਸਮੇਂ ਤੋਂ ਚਲਦੀ ਆ ਰਹੀ ਹੈ। ਉਨ੍ਹਾਂ ਨੇ ਇਸ ਕਿਤਾਬ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਕਿਤਾਬ ਵਿੱਚ ਵਾਰ ਵਾਰ ਇਹ ਆਉਂਦਾ ਹੈ ਕਿ ‘ਵਿਦਵਾਨਾਂ ਨੇ ਆਖਿਆ’, ‘ਵਿਦਵਾਨਾਂ ਨੇ ਉਹ ਕਿਹਾ’, ਜਦਕਿ ਵਿਦਵਾਨਾਂ ਦੇ ਨਾਮ ਦਰਜ ਹੀ ਨਹੀਂ ਹਨ ।ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਕਿਤਾਬ ਸਬੰਧੀ ਮੈਟਰ ਪਹਿਲਾਂ ਇੰਟਰਨੈੱਟ ਤੋਂ ਕਾਪੀ ਕੀਤਾ ਗਿਆ, ਬਾਅਦ ਵਿੱਚ ਇਸ ਮੈਟਰ ਦਾ ਅਨੁਵਾਦ ਕਰਕੇ ਕਿਤਾਬ ਤਿਆਰ ਕੀਤੀ ਗਈ। ਇਹ ਜਾਣਬੁੱਝ ਕੇ ਕੀਤਾ ਗਿਆ ਕੱਚ ਘਰੜ ਕੰਮ ਹੀ ਕਿਹਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਮਹਾਨ ਯੋਧਿਆਂ ਦੀਆਂ ਜਨਮ ਤਰੀਕਾਂ  ਵੀ ਕਿਤਾਬ ਵਿੱਚ ਨਹੀਂ ਲਿਖੀਆਂ ਗਈਆਂ ਜਿਸ ਕਾਰਨ ਇਸ ਕਿਤਾਬ ਨੂੰ ਲਾਗੂ ਕਰਨ ਤੋਂ ਬਾਅਦ ਗਾਈਡਾਂ ਹੀ ਵਿਦਿਆਰਥੀਆਂ ਦਾ ਸਹਾਰਾ ਬਣਨਗੀਆਂ ।ਇਹ ਕਿਤਾਬ ਗਾਇਡ ਕਲਚਰ ਖਤਮ ਕਰਨ ਲਈ ਨਹੀਂ ਸਗੋਂ ਪੈਦਾ ਕਰਨ ਲਈ ਹੈ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਕਿਤਾਬ ਤਿਆਰ ਕਰਨ ਵਾਲਿਆਂ ਨੂੰ ਚੁਣੌਤੀ ਦਿੱਤੀ ਕਿ ਇਸ ਕਿਤਾਬ ਵਿੱਚੋਂ ਹੀ ਤਿਆਰ ਕੀਤੇ ਪੰਦਰਾਂ ਸਵਾਲਾਂ ਦੇ ਜਵਾਬ ਕੋਈ ਵੀ ਵਿਦਿਆਰਥੀ ਕਿਤਾਬ ਦੇ ਆਧਾਰ ‘ਤੇ ਦੇ ਹੀ ਨਹੀਂ ਸਕਦੇ।
ਉਨ੍ਹਾਂ ਤੱਥ ਪੇਸ਼ ਕਰਦਿਆਂ ਦੱਸਿਆ ਕਿ 12ਵੀਂ ਦੇ ਇਤਿਹਾਸ ਦੀ ਪੁਸਤਕ ਕਿਸੇ ਵੀ ਪੱਖ ਤੋਂ ਪਾਠ ਪੁਸਤਕ ਦੇ ਮਾਪ-ਦੰਡਾਂ ‘ਤੇ ਖਰੀ ਨਹੀਂ ਉਤਰਦੀ। ਇਤਿਹਾਸਕ ਵਿਧੀ ਨਾਲ ਪੁਸਤਕ ਲਿਖਣ ਦੀ ਬਜਾਇ ਇਧਰੋ ਉਧਰੋਂ ਇਕੱਠੀ ਕੀਤੀ ਜਾਣਕਾਰੀ ਦਾ ਨਾ ਕੋਈ ਹਵਾਲਾ ਹੈ ਅਤੇ ਨਾ ਹੀ ਕੋਈ ਅਧਾਰ ਹੈ। ਪੁਸਤਕ ਵਿਚ ਸਾਹਮਣੇ ਆ ਰਹੀਆਂ ਤਰੁੱਟੀਆਂ ਆਮ ਨਹੀਂ ਹਨ ਅਤੇ ਨਾ ਹੀ ਕਿਸੇ ਅਣਗਹਿਲੀ ਦਾ ਨਤੀਜਾ ਹੈ। ਪੁਸਤਕ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਜਾਣਬੁਝ ਕੇ ਤੱਥਾਂ ਨੂੰ ਤੋੜ ਮਰੋੜ ਕੇ ਇਤਿਹਾਸ ਨੂੰ ਗਲਤ ਰੰਗਤ ਦਿਤੀ ਗਈ ਹੈ।
ਇਸ ਪੁਸਤਕ ਦੇ ਮਿਆਰ ਨੂੰ ਪਰਖਣ ਲਈ ਰਿਵਿਊ ਕਮੇਟੀ ਨੇ ਨਮੂਨੇ ਵਜੋਂ ਕੁਝ ਪ੍ਰਸ਼ਨ ਦਿਤੇ ਅਤੇ ਬੋਰਡ ਅਧਿਕਾਰੀਆਂ ਨੂੰ ਚੈਲੰਜ ਕੀਤਾ ਕਿ ਉਹ ਕਿਤਾਬ ਵਿਚੋਂ ਬੁਨਿਆਦੀ ਪ੍ਰਸ਼ਨਾਂ ਦੇ ਉਤਰ ਲੱਭ ਕੇ ਦੱਸਣ। ਇਸ ਪੁਸਤਕ ਸਬੰਧੀ ਬੋਰਡ ਅਧਿਕਾਰੀ ਹੁਣ ਗਲਤੀਆਂ ਦੀ ਗੱਲ ਮੰਨਣ ਲੱਗੇ ਹਨ ਪਰੰਤੂ ਇਹ ਗਲਤੀਆਂ ਸਾਜਿਸ਼ ਅਧੀਨ ਕੀਤੀਆਂ ਗਈਆਂ ਹਨ, ਜੋ ਕਿ ਜਾਂਚ ਦਾ ਵਿਸ਼ਾ ਬਣਨਾ ਚਾਹੀਦਾ ਹੈ। ਇਸ ਪੁਸਤਕ ਵਿਚ ਘੱਟ ਗਿਣਤੀ ਧਰਮਾਂ ਦਾ ਇਤਿਹਾਸ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਮਹਾਤਮਾ ਬੁੱਧ ਦੀਆਂ ਸਿੱਖਿਆਵਾਂ, ਕੀਰਤਨ, ਭਗਤੀ ਆਦਿ ਸਬੰਧੀ ਨਿਰ ਅਧਾਰ ਟਿਪਣੀਆਂ ਕੀਤੀਆਂ ਗਈਆਂ ਹਨ। ਪੁਸਤਕ ਵਿਚ ਮਿਥਿਹਾਸ ਨੂੰ ਇਤਿਹਾਸ ਵਿਚੋਂ ਖੋਜਣ ਦੀਆਂ ਬੇਥਵੀਆਂ ਵੀ ਮਾਰੀਆਂ ਗਈਆਂ ਹਨ। ਇਹ ਕਾਰਜ ਯੂਨੀਵਰਸਿਟੀ ਪੱਧਰ ਦੇ ਵਿਦਵਾਨ ਵੀ ਨਹੀਂ ਕਰ ਸਕਦੇ, 12ਵੀਂ ਦੇ ਵਿਦਿਆਰਥੀ ਕਿਸ ਤਰ੍ਹਾਂ ਕਰਨਗੇ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਕਿਹਾ ਕਿ ਸਿੱਖ ਇਤਿਹਾਸ ਉੱਤੇ ਲੀਕ ਮਾਰਨ ਦੇ ਉੱਠੇ ਵਿਵਾਦ ਬਾਰੇ ਉੱਘੇ ਇਤਿਹਾਸਕਾਰਾਂ ਦੀ ਕਮੇਟੀ ਕਾਇਮ ਕੀਤੇ ਜਾਣ ਨਾਲ ਸਕੂਲ ਬੋਰਡ ਦੀ 12ਵੀਂ ਕਲਾਸ ਦੇ ਸਿਲੇਬਸ ਵਿਚੋਂ ਸਿੱਖ ਇਤਿਹਾਸ ਨੂੰ ਮਨਫੀ ਕੀਤੇ ਜਾਣ ਬਾਰੇ ਪਾਰਟੀ ਵੱਲੋਂ ਲਏ ਸਟੈਂਡ ਦੀ ਪੁਸ਼ਟੀ ਹੋ ਗਈ ਹੈ। ਪਾਰਟੀ ਨੇ ਸਰਕਾਰ ਦੇ ਫੈਸਲੇ ਨੂੰ ਦੇਰੀ ਨਾਲ ਚੁੱਕਿਆ ਸਹੀ ਕਦਮ ਕਰਾਰ ਦਿੱਤਾ ਹੈ। ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹੀ ਕਦਮ ਚੁੱਕਣ ਲਈ ਆਖਿਆ ਸੀ।
ਉਧਰ ਅਮਰਿੰਦਰ ਸਿੰਘ ਵੱਲੋਂ ਥਾਪੀ ਗਈ ਨਿਗਰਾਨ ਕਮੇਟੀ ਵਿੱਚ ਦੋ ਇਤਿਹਾਸਕਾਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ ਕਰਵਾਉਣ ਦੇ ਪੈਂਤੜੇ ਨੂੰ ਜੇਕਰ ਸਿਆਸੀ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਹ ਇੱਕ ਤਰਾਂ ਨਾਲ ਗੇਂਦ ਬਾਦਲਾਂ ਦੇ ਪਾਲੇ ਵਿੱਚ ਸੁੱਟ ਕੇ ਅਕਾਲੀ ਦਲ ਨੂੰ ਉਨਾਂ ਦੇ ਹੀ ਹਥਿਆਰ ਨਾਲ ਮਾਤ ਦੇਣ ਦੀ ਚਾਲ ਚੱਲੀ ਗਈ ਹੈ। ਇਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਆਗਾਮੀ ਇਜਲਾਸ ਵਿੱਚ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਦੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਲਈ ਸਿੱਖਾਂ ਵਿੱਚ ਆਪਣੇ ਖੁਰੇ ਅਧਾਰ ਨੂੰ ਮੁੜ ਪ੍ਰਾਪਤ ਕਰਨ ਵਾਸਤੇ ਜ਼ਮੀਨ ਤਿਆਰ ਕਰਕੇ ਦੇਣ ਦੀਆਂ ਗੋਂਦਾਂ ਗੁੰਦੇ ਜਾਣ ਦੀਆਂ ਖਬਰਾਂ ਵੀ ਆ ਰਹੀਆਂ ਸਨ। ਇਸ ਸੰਦਰਭ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਐਲਾਨ ਇੱਕ ਤਰਾਂ ਦਾ ਇਸ ਸਾਰੇ ਵਿਵਾਦ ਨੂੰ ਠੱਲਣ ਲਈ ਅਤੇ ਅਕਾਲੀ ਦਲ ਦੁਆਰਾ ਇਸ ਉਤੇ ਕੀਤੀ ਜਾ ਰਹੀ ਰਾਜਨੀਤੀ ਦਾ ਭੋਗ ਪਾਉਣ ਲਈ ਇੱਕ ਵੱਡਾ ਕਦਮ ਸਮਝਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਵੀ ਇਹ ਕਾਰਜ ਛੇਤੀ ਪੂਰਾ ਕਰਨ ਲਈ ਕਮੇਟੀ ਨੂੰ ਸਹਿਯੋਗ ਕਰਨ ਦੀ ਹਦਾਇਤ ਕੀਤੀ ਗਈ ਹੈ।

ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਛੇੜਛਾੜ ਦਾ ਇਕ ਹੋਰ ਮਾਮਲਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਤੇ ਗੁਰ ਇਤਿਹਾਸ ਨਾਲ ਕੀਤੀ ਗਈ ਛੇੜਛਾੜ ਦਾ ਮਾਮਲਾ ਤਾਂ ਚੱਲ ਹੀ ਰਿਹਾ ਹੈ, ਨਾਲ ਹੀ  ਸਿੱਖ ਇਤਿਹਾਸ, ਗੁਰ ਇਤਿਹਾਸ ਅਤੇ ਗੁਰਬਾਣੀ ਦੇ ਅਰਥਾਂ ਦਾ ਅਨਰਥ ਕਰਨ ਦਾ ਇਕ ਹੋਰ ਕੇਸ ਵੀ ਸਾਹਮਣੇ ਆਇਆ ਹੈ। ਅੰਮ੍ਰਿਤਸਰ ਤੋਂ ਸ਼੍ਰੋਮਣੀ ਕਮੇਟੀ ਦੇ  ਮੈਂਬਰ ਸ. ਹਰਜਾਪ ਸਿੰਘ ਸੁਲਤਾਨ ਵਿੰਡ ਨੇ ਵੱਖ ਵੱਖ ਨਿੱਜੀ ਸਕੂਲਾਂ ਵਿੱਚ ਕਲਾਸ ਪੰਜਵੀਂ, ਛੇਵੀਂ ਤੇ ਸੱਤਵੀਂ ਦੇ ਵਿਦਿਆਰਥੀਆਂ ਨੂੰ ਪੜਾਈ ਜਾ ਰਹੀ ਪੁਸਤਕ ‘ਫੁਲਕਾਰੀ’ ਦਾ ਪਰਦਾਫਾਸ਼ ਕੀਤਾ ਹੈ।
ਸ. ਹਰਜਾਪ ਸਿੰਘ ਵਲੋਂ ਪੱਤਰਕਾਰਾਂ ਦੇ ਸਾਹਮਣੇ ਪੇਸ਼ ਕੀਤੀ ਗਈ ਉਪਰੋਕਤ ਪੁਸਤਕ, ਜੋ ਕਿ ਪੰਜਾਬੀ ਪਾਠ ਪੁਸਤਕਾਂ ਭਾਗ 5, 6, 7 ਦੇ ਰੂਪ ਵਿੱਚ ਹਨ, ਡਾ: ਜਸਪ੍ਰੀਤ ਸਿੱਧੂ ਨਾਮੀ ਕਿਸੇ ਲੇਖਿਕਾ ਦੁਆਰਾ ਲਿਖੀਆਂ ਹੋਈਆਂ ਹਨ। ਡਾ: ਸਿੱਧੂ ਨੇ ਆਪਣੀ ਵਿਦਿਅਕ ਯੋਗਤਾ ਐਮ.ਏ., ਐਮ ਐਡ, ਪੀ.ਐਚ.ਡੀ (ਪੰਜਾਬੀ) ਛਾਪੀ ਹੋਈ ਹੈ ਤੇ ਇਹ ਪੁਸਤਕ ਲੜੀ ਦਿੱਲੀ ਸਥਿਤ ਕਿਸੇ ਨਿਊ ਸਰਸਵਤੀ ਹਾਊਸ (ਇੰਡੀਆ) ਪ੍ਰ.ਲਿ. ਨਾਮੀ ਪ੍ਰਕਾਸ਼ਕ ਵਲੋਂ ਛਾਪੀ ਹੋਈ ਹੈ।
ਪਾਠ ਪੁਸਤਕ ਭਾਗ-5 ਵਿੱਚ ਸ੍ਰੀ ਦਰਬਾਰ ਸਾਹਿਬ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ”ਲਗਭਗ 19 ਸਾਲ ਮਗਰੋਂ ਇਹ ਸਥਾਨ ਬਣਕੇ ਤਿਆਰ ਹੋਇਆ ਸੀ। ਜਿਥੇ ਅੱਜ ਕੱਲਖ਼ ਅੰਮ੍ਰਿਤਸਰ ਵਸਿਆ ਹੋਇਆ ਹੈ। ਇਹ ਸਾਰੀ ਥਾਂ ਬਾਦਸ਼ਾਹ ਅਕਬਰ ਨੇ ਗੁਰੂ ਜੀ ਨੂੰ ਦਾਨ ਵਿੱਚ ਦਿੱਤੀ ਸੀ।”
ਪੁਸਤਕ ਭਾਗ-6 ਅਤੇ 7 ਵਿੱਚ ਗੁਰਬਾਣੀ ਦੀਆਂ ਪੰਕਤੀਆਂ ਵਿੱਚ ਐਨੇ ਸ਼ਬਦ ਜੋੜ ਗਲਤ ਹਨ ਕਿ ਕਿਸੇ ਨੇ ਗੁਰਬਾਣੀ ਛਾਪਦੇ ਸਮੇਂ ਮਿਲਾਣ ਕਰਨਾ ਜ਼ਰੂਰੀ ਹੀ ਨਹੀਂ ਸਮਝਿਆ।
ਉਪਰੋਕਤ ਤਿੰਨੋਂ ਹੀ ਪੁਸਤਕਾਂ ਦੀ ਇੱਕ ਇੱਕ ਕਾਪੀ ਸ਼੍ਰੋਮਣੀ ਕਮੇਟੀ ਪਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੂੰ ਸੌਂਪੀ ਗਈ ਹੈ। ਸ. ਹਰਜਾਪ ਸਿੰਘ ਨੇ ਇਸ ਪੁਸਤਕ ਲੜੀ ਦੀ ਲੇਖਿਕਾ ਅਤੇ ਪ੍ਰਕਾਸ਼ਕ ਖਿਲਾਫ ਪੁਲਿਸ ਕੇਸ ਦਰਜ ਕਰਾਉਣ ਦਾ ਫੈਸਲਾ ਵੀ ਲਿਆ ਹੈ।