ਵਿਰੋਧੀ ਧਿਰ ਵਲੋਂ ਅਹਿਮ ਮਸਲਿਆਂ ਉੱਤੇ ਹੰਗਾਮੇ ਕਾਰਨ ਉਠਾਉਣੀ ਪਈ ਸੰਸਦ

ਵਿਰੋਧੀ ਧਿਰ ਵਲੋਂ ਅਹਿਮ ਮਸਲਿਆਂ ਉੱਤੇ ਹੰਗਾਮੇ ਕਾਰਨ ਉਠਾਉਣੀ ਪਈ ਸੰਸਦ
ਰਾਜ ਸਭਾ ਵਿੱਚ ਬਜਟ ਸੈਸ਼ਨ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂ ਆਪਣਾ ਇਤਰਾਜ਼ ਜਤਾਉਂਦੇ ਹੋਏ।

ਨਵੀਂ ਦਿੱਲੀ/ਬਿਊਰੋ ਨਿਊਜ਼:
ਵਿਰੋਧੀ ਧਿਰ ਵੱਲੋਂ ਸੋਮਵਾਰ ਨੂੰ ਪੀਐੱਨਬੀ ਘੁਟਾਲੇ ਤੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਪੈਕੇਜ ਦੇਣ ਸਮੇਤ ਹੋਰਨਾਂ ਮੁੱਦਿਆਂ ‘ਤੇ ਕੀਤੇ ਗਏ ਹੰਗਾਮੇ ਤੋਂ ਬਾਅਦ ਰਾਜ ਸਭਾ ਤੇ ਲੋਕ ਸਭਾ ਦੀ ਕਾਰਵਾਈ ਕਈ ਵਾਰ ਰੋਕਣ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ।
ਲੋਕ ਸਭਾ ‘ਚ ਬਜਟ ਸੈਸ਼ਨ ਦੇ ਦੂਜੇ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਸਭ ਤੋਂ ਪਹਿਲਾਂ ਚਾਰ ਮਰਹੂਮ ਸਾਬਕਾ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਲੋਕ ਸਭਾ ਪ੍ਰਧਾਨ ਸੁਮਿੱਤਰਾ ਮਹਾਜਨ ਨੇ ਜਿਵੇਂ ਹੀ ਪ੍ਰਸ਼ਨ ਕਾਲ ਸ਼ੁਰੂ ਕੀਤਾ ਤਾਂ ਸਦਨ ‘ਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਕਾਂਗਰਸ ਤੇ ਤ੍ਰਿਣਾਮੂਲ ਕਾਂਗਰਸ ਦੇ ਮੈਂਬਰ ਪੀਐੱਨਬੀ ਘੁਟਾਲੇ ਨੂੰ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਪ੍ਰਧਾਨ ਦੀ ਸੀਟ ਨੇੜੇ ਜਾ ਪਹੁੰਚੇ। ਉਹ ‘ਨੀਰਵ ਮੋਦੀ ਕਿੱਥੇ ਹੈ’ ਦੇ ਨਾਅਰੇ ਮਾਰ ਰਹੇ ਸਨ। ਇਸੇ ਦੌਰਾਨ ਆਂਧਰਾ ਪ੍ਰਦੇਸ਼ ਪੁਨਰਗਨ ਐਕਟ ਨੂੰ ਲਾਗੂ ਕਰਨ ਤੇ ਵਿਸ਼ੇਸ਼ ਪੈਕੇਜ ਦੀ ਮੰਗ ‘ਤੇ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਮੈਂਬਰ ਵੀ ਨਾਅਰੇਬਾਜ਼ੀ ਕਰਦੇ ਹੋਏ ਪ੍ਰਧਾਨ ਦੀ ਸੀਟ ਨੇੜੇ ਪਹੁੰਚ ਗਏ। ਉਨ੍ਹਾਂ ਨੇ ਹੱਥਾਂ ‘ਚ ਨਾਅਰੇ ਲਿਖੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਇਸੇ ਤਰ੍ਹਾਂ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਸੀ) ਦੇ ਮੈਂਬਰਾਂ ਨੇ ਰਾਖਵੇਂਕਰਨ ਦੇ ਮੁੱਦੇ ‘ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਅੰਨਾਦ੍ਰਮੁਕ ਦੇ ਮੈਂਬਰਾਂ ਨੇ ਕਾਵੇਰੀ ਨਦੀ ਜਲ ਵਿਵਾਦ ਨੂੰ ਲੈ ਕੇ ਹੰਗਾਮਾ ਕੀਤਾ। ਸੁਮਿੱਤਰਾ ਮਹਾਜਨ ਨੇ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਚੱਲਣ ਦੇਣ ਲਈ ਕਿਹਾ, ਪਰ ਜਦੋਂ ਉਹ ਸ਼ਾਂਤ ਨਾ ਹੋਏ ਤਾਂ ਉਨ੍ਹਾਂ ਪਹਿਲਾਂ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਤੇ ਫਿਰ ਪੂਰੇ ਦਿਨ ਲਈ ਉਠਾ ਦਿੱਤੀ।
ਇਸੇ ਤਰ੍ਹਾਂ ਦਿਨ ਦੇ ਪਹਿਲੇ ਅੱਧ ਤੱਕ ਰਾਜ ਸਭਾ ਦੀ ਕਾਰਵਾਈ ਦੋ ਵਾਰ ਰੋਕੇ ਜਾਣ ਮਗਰੋਂ ਜਦੋਂ ਦੋ ਵਜੇ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਨੀਰਵ ਮੋਦੀ ਵੱਲੋਂ ਕੀਤੇ ਗਏ 12,700 ਕਰੋੜ ਰੁਪਏ ਦੇ  ਘੁਟਾਲੇ, ਕਾਵੇਰੀ ਜਲ ਪ੍ਰਬੰਧਨ ਬੋਰਡ ਸਥਾਪਤ ਕਰਨ ਦੇ ਮੁੱਦਿਆਂ ‘ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਦਨ ਦੇ ਡਿਪਟੀ ਚੇਅਰਮੈਨ ਪੀਜੇ ਕੁਰੀਅਨ ਨੇ ਸਾਰੇ ਮੈਂਬਰਾਂ ਨੂੰ ਸ਼ਾਂਤ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਪਹਿਲਾਂ ਬੈਂਕ ਘਪਲਿਆਂ ਦੇ ਮੁੱਦੇ ‘ਤੇ ਬਹਿਸ ਕਰਾਈ ਜਾ ਸਕਦੀ ਹੈ ਤੇ ਇਸ ਮਗਰੋਂ ਬਾਕੀ ਮੁੱਦੇ ਚੁੱਕੇ ਜਾ ਸਕਦੇ ਹਨ। ਉਨ੍ਹਾਂ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਨੂੰ ਕਿਹਾ ਕਿ ਜੇਕਰ ਵਿਰੋਧੀ ਧਿਰ ਚਾਹੇ ਤਾਂ ਬਹਿਸ ਕਰਾਈ ਜਾ ਸਕਦੀ ਹੈ। ਸ੍ਰੀ ਆਜ਼ਾਦ ਨੇ ਕਿਹਾ ਕਿ ਜੇਕਰ ਬਾਕੀ ਪਾਰਟੀ ਬਹਿਸ ਲਈ ਰਾਜ਼ੀ ਹਨ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਸ੍ਰੀ ਆਜ਼ਾਦ ਨੇ ਕਿਹਾ ਕਿ ਸਰਕਾਰ ਤੇ ਪ੍ਰਧਾਨ ਮੰਤਰੀ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ ਅਤੇ ਬੈਂਕਾਂ ਬਿਨਾਂ ਪੈਸਿਆਂ ਤੋਂ ਹਨ ਤੇ ਨੀਰਵ ਮੋਦੀ ਵਰਗੇ ਘਪਲੇ ਕਰਕੇ ਫਰਾਰ ਹੋ ਰਹੇ ਹਨ। ਇਸ ਮਗਰੋਂ ਸ੍ਰੀ ਕੁਰੀਅਨ ਨੇ ਰਾਜ ਸਭਾ ਸਾਰੇ ਦਿਨ ਲਈ ਉਠਾ ਦਿੱਤੀ
ਇਸ ਤੋਂ ਪਹਿਲਾਂ ਸਦਨ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਏਆਈਏਡੀਐਮਕੇ ਤੇ ਡੀਐਮਕੇ ਵੱਲੋਂ ਕਾਵੇਰੀ ਜਲ ਪ੍ਰਬੰਧਨ ਬੋਰਡ ਸਥਾਪਤ ਕਰਨ, ਟੀਡੀਪੀ ਤੇ ਕਾਂਗਰਸ ਮੈਂਬਰਾਂ ਵੱਲੋਂ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਪੈਕੇਜ ਦੇਣ ਤੇ ਪੀਐੱਨਬੀ ਘੁਟਾਲੇ ਦੇ ਮੁੱਦਿਆਂ ‘ਤੇ ਕੀਤੇ ਗਏ ਹੰਗਾਮੇ ਮਗਰੋਂ ਰਾਜ ਸਭਾ ਦੀ ਕਾਰਵਾਈ ਪਹਿਲਾਂ 10 ਮਿੰਟ ਲਈ ਤੇ ਫਿਰ ਦੋ ਵਜੇ ਤੱਕ ਉਠਾ ਦਿੱਤੀ ਸੀ।

ਬੈਂਕ ਘੁਟਾਲਿਆਂ ਬਾਰੇ ਬਹਿਸ ਦੀ ਮੰਗ
ਵਿਰੋਧੀ ਪਾਰਟੀਆਂ ਨੇ ਲੋਕ ਸਭਾ ‘ਚ ਭਲਕੇ ਬੈਂਕ ਘਪਲਿਆਂ ‘ਤੇ ਬਹਿਸ ਕਰਾਉਣ ਦੀ ਮੰਗ ਕਰਦਿਆਂ ਸਰਕਾਰ ਨੂੰ ਕਿਹਾ ਕਿ ਬਾਰੇ ਸਾਰੇ ਮੁੱਦੇ ਇਸ ਤੋਂ ਬਾਅਦ ਹੀ ਵਿਚਾਰੇ ਜਾਣਗੇ। ਸਪੀਕਰ ਸੁਮਿੱਤਰਾ ਮਹਾਜਨ ਦੀ ਪ੍ਰਧਾਨਗੀ ਹੇਠ ਲੋਕ ਸਭਾ ਕਾਰੋਬਾਰੀ ਸਹਾਲ ਕਮੇਟੀ ਦੀ ਹੋਈ ਮੀਟਿੰਗ ‘ਚ ਕਾਂਗਰਸ, ਤ੍ਰਿਣਾਮੂਲ ਕਾਂਗਰਸ ਤੇ ਬੀਜੇਡੀ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਭਲਕੇ ਪਹਿਲਾਂ 12:00 ਵਜੇ ਤੋਂ ਲੈ ਕੇ ਚਾਰ ਘੰਟੇ ਤੱਕ ਬੈਂਕ ਘਪਲਿਆਂ ‘ਤੇ ਬਹਿਸ ਕਰਾਈ ਜਾਵੇ ਤੇ ਇਸ ਮਗਰੋਂ ਬਾਕੀ ਮੁੱਦੇ ਵਿਚਾਰੇ ਜਾਣੇ ਚਾਹੀਦੇ ਹਨ।