ਕੁਪਵਾੜਾ ਵਿੱਚ ਉੜੀ ਦੀ ਤਰਜ਼ ‘ਤੇ ਫੇਰ ਦਹਿਸ਼ਤੀ ਹਮਲਾ

ਕੁਪਵਾੜਾ ਵਿੱਚ ਉੜੀ ਦੀ ਤਰਜ਼ ‘ਤੇ ਫੇਰ ਦਹਿਸ਼ਤੀ ਹਮਲਾ

ਕੈਪਟਨ ਸਣੇ ਤਿੰਨ ਜਵਾਨਾਂ ਦੀ ਮੌਤ 
ਪਥਰਾਅ ਦੌਰਾਨ ਗੋਲੀ ਲੱਗਣ ਕਾਰਨ ਬਜ਼ੁਰਗ ਹਲਾਕ
ਸ੍ਰੀਨਗਰ/ਬਿਊਰੋ ਨਿਊਜ਼ :
ਕਸ਼ਮੀਰ ਦੇ ਜ਼ਿਲ੍ਹੇ ਕੁਪਵਾੜਾ ਵਿੱਚ ਫੌਜੀ ਕੈਂਪ ਉਤੇ ਤੜਕੇ 4 ਵਜੇ ਤਿੰਨ ਅਤਿਵਾਦੀਆਂ ਨੇ ਧਾਵਾ ਬੋਲਿਆ, ਜਿਸ ਵਿੱਚ ਕੈਪਟਨ ਤੇ ਦੋ ਹੋਰ ਸੈਨਿਕ ਮਾਰੇ ਗਏ। 35 ਮਿੰਟ ਤੱਕ ਚੱਲੇ ਗਹਿਗੱਚ ਮੁਕਾਬਲੇ ਵਿੱਚ ਦੋ ਹਮਲਾਵਰ ਵੀ ਹਲਾਕ ਹੋ ਗਏ। ਮੁਕਾਬਲੇ ਤੋਂ ਫੌਰੀ ਬਾਅਦ ਭੀੜ ਨੇ ਸੁਰੱਖਿਆ ਦਸਤਿਆਂ ਉਤੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਹੋਈ ਝੜਪ ਵਿੱਚ ਗੋਲੀ ਲੱਗਣ ਨਾਲ 75 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਉਤਰ ਪ੍ਰਦੇਸ਼ ਦੇ ਕੈਪਟਨ ਆਯੁਸ਼ ਯਾਦਵ, ਰਾਜਸਥਾਨ ਦੇ ਸੂਬੇਦਾਰ ਭੁਪਿੰਦਰ ਸਿੰਘ ਤੇ ਆਂਧਰਾ ਪ੍ਰਦੇਸ਼ ਦੇ ਵੈਂਕਟ ਰਾਮਤਰਾ ਸ਼ਾਮਲ ਹੈ, ਜਦਕਿ 6 ਜਵਾਨ ਜ਼ਖ਼ਮੀ ਵੀ ਹੋਏ ਹਨ। ਇਹ ਹਮਲਾ ਉੜੀ ਹਮਲੇ ਤੋਂ ਕਰੀਬ 8 ਮਹੀਨੇ ਬਾਅਦ ਹੋਇਆ ਹੈ ਤੇ ਉਸੇ ਤਰਜ਼ ‘ਤੇ ਹੋਇਆ ਹੈ।
ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਇੱਥੋਂ ਤਕਰੀਬਨ 100 ਕਿਲੋਮੀਟਰ ਦੂਰ ਕੁਪਵਾੜਾ ਦੇ ਪੰਜਗਾਮ ਦੀ ਫੌਜੀ ਛਾਉਣੀ ਦੀ ਤੋਪਖਾਨਾ ਯੂਨਿਟ ਵਿੱਚ ਤੜਕੇ ਚਾਰ ਵਜੇ ਕਾਲੇ ਪਠਾਨੀ ਸੂਟ ਤੇ ਜੰਗਜੂ ਜੈਕਟਾਂ ਪਾਈ ਤਿੰਨ ਅਤਿਵਾਦੀ ਪਿਛਲੇ ਪਾਸਿਓਂ ਦਾਖ਼ਲ ਹੋਏ ਅਤੇ ਉਨ੍ਹਾਂ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਤਿਵਾਦੀ ਪਹਾੜੀ ਖੇਤਰ ਵਿੱਚ ਸਥਿਤ ਇਸ ਕੈਂਪ ਦੀ ਦੂਜਾ ਸੁਰੱਖਿਆ ਘੇਰਾ ਲੰਘਣ ਵਿੱਚ ਕਾਮਯਾਬ ਹੋ ਗਏ ਸਨ। ਇਸ ਮਗਰੋਂ ਅੰਨ੍ਹੇਵਾਹ ਗੋਲੀਬਾਰੀ ਕਰਦਿਆਂ ਉਹ ਕੈਂਪ ਦੇ ਆਫੀਸਰਜ਼ ਕੰਪਲੈਕਸ ਵੱਲ ਵਧੇ। ਫੌਜੀਆਂ ਨੇ ਹਮਲਾਵਰਾਂ ਦਾ ਮੁਕਾਬਲਾ ਕਰਦਿਆਂ ਕੈਂਪ ਦੇ ਇਕ ਗੇਟ ਵੱਲ ਜਾਣ ਲਈ ਮਜਬੂਰ ਕਰ ਦਿੱਤਾ।
ਗੋਲੀਬਾਰੀ ਵਿੱਚ ਕੈਪਟਨ ਆਯੂਸ਼ ਯਾਦਵ, ਸੂਬੇਦਾਰ ਭੂਪ ਸਿੰਘ ਗੁੱਜਰ ਅਤੇ ਨਾਇਕ ਬੀ ਵੈਂਕਟ ਰਮੱਨਾ ਦੀ ਮੌਤ ਹੋ ਗਈ। ਪੰਜ ਹੋਰ ਸੈਨਿਕ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਫੌਜ ਦੇ ਸ੍ਰੀਨਗਰ ਵਿਚਲੇ ਹਸਪਤਾਲ ਲਿਆਂਦਾ ਗਿਆ। ਫੌਜ ਦੀ ‘ਕੁਇੱਕ ਰਿਸਪਾਂਸ ਟੀਮ’ ਦੇ ਫੌਰੀ ਕਾਰਵਾਈ ਲਈ ਤਿਆਰ ਹੋ ਜਾਣ ਕਾਰਨ ਅਤਿਵਾਦੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਦੋ ਅਤਿਵਾਦੀਆਂ ਨੂੰ ਮੌਕੇ ਉਤੇ ਹੀ ਮਾਰ ਮੁਕਾਇਆ ਗਿਆ, ਜਦੋਂ ਕਿ ਤੀਜਾ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ। ਕੁੱਪਵਾੜਾ ਵਿੱਚ ਕਰਨਲ ਸੌਰਭ ਨੇ ਦੱਸਿਆ ਕਿ ਪੂਰੀ ਕਾਰਵਾਈ ਨੂੰ 35 ਮਿੰਟ ਲੱਗੇ। ਜਵਾਨਾਂ ਨੂੰ ਮੌਕੇ ਤੋਂ ਤਿੰਨ ਏਕੇ ਰਾਈਫਲਾਂ ਬਰਾਮਦ ਹੋਈਆਂ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਤਿੰਨ ਅਤਿਵਾਦੀ ਸਨ। ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮਰੇ ਅਤਿਵਾਦੀਆਂ ਕੋਲੋਂ ਨੌਂ ਮੈਗਜ਼ੀਨ, ਏਕੇ ਰਾਈਫਲ ਦੇ 156 ਕਾਰਤੂਸ, ਇਕ ਚੀਨੀ ਪਿਸਤੌਲ, ਤਿੰਨ ਯੂਬੀਜੀਐਲ ਗ੍ਰੇਨੇਡ, ਤਿੰਨ ਹਥਗੋਲੇ, ਦੋ ਰੇਡੀਓ ਸੈੱਟ, ਦੋ ਜੀਪੀਐਸ ਉਪਕਰਨ ਅਤੇ ਇਕ ਸਮਾਰਟਫੋਨ ਮਿਲਿਆ। ਇਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਉਤੇ ਦੱਸਿਆ ਕਿ ਹਮਲਾਵਰ ਵਿਦੇਸ਼ੀ ਜਾਪਦੇ ਹਨ ਅਤੇ ਉਨ੍ਹਾਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਿਉਂ ਹੀ ਮੁਕਾਬਲਾ ਖ਼ਤਮ ਹੋਇਆ ਤਾਂ ਮੁਕਾਮੀ ਬਾਸ਼ਿੰਦਿਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਅੰਤਮ ਰਸਮਾਂ ਲਈ ਅਤਿਵਾਦੀਆਂ ਦੀਆਂ ਲਾਸ਼ਾਂ ਸੌਂਪਣ ਦੀ ਮੰਗ ਕੀਤੀ। ਫੌਜ ਵੱਲੋਂ ਮੰਗ ਨਾ ਮੰਨਣ ਉਤੇ ਪ੍ਰਦਰਸ਼ਨਕਾਰੀ, ਜਿਨ੍ਹਾਂ ਵਿੱਚ ਔਰਤਾਂ ਤੇ ਬਜ਼ੁਰਗ ਵੀ ਸ਼ਾਮਲ ਸਨ, ਨੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਕਾਰਨ ਝੜਪ ਹੋ ਗਈ। ਇਸ ਦੌਰਾਨ ਮੁਹੰਮਦ ਯੂਸਫ਼ ਭੱਟ ਨੂੰ ਛਾਤੀ ਉਤੇ ਗੋਲੀ ਲੱਗ ਗਈ। ਕੁਪਵਾੜਾ ਦੇ ਹਸਪਤਾਲ ਲੈ ਜਾਣ ਉਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲੋਕਾਂ ਨੇ ਦੋਸ਼ ਲਾਇਆ ਕਿ ਮੁਹੰਮਦ ਯੂਸਫ਼ ਨੂੰ ਸੁਰੱਖਿਆ ਦਸਤਿਆਂ ਨੇ ਗੋਲੀ ਮਾਰੀ।
ਇਸੇ ਦੌਰਾਨ ਜੰਮੂ-ਕਸ਼ਮੀਰ ਸਰਕਾਰ ਵੱਲੋਂ 22 ਸੋਸ਼ਲ ਨੈਟਵਰਕਿੰਗ ਸਾਈਟਾਂ ਅਤੇ ਐਪਲੀਕੇਸ਼ਨਾਂ ਉਤੇ ਪਾਬੰਦੀ ਲਾਏ ਜਾਣ ਦੇ ਬਾਵਜੂਦ ਸੂਬੇ ਦੇ ਕਈ ਹਿੱਸਿਆਂ ਵਿੱਚ ਇਹ ਸਾਈਟਾਂ ਖੁੱਲ੍ਹ ਰਹੀਆਂ ਸਨ। ਇੰਟਰਨੈੱਟ ਵਰਤੋਂਕਾਰ ਫੇਸਬੁੱਕ, ਟਵਿੱਟਰ ਤੇ ਵਟਸਐਪ ਸਣੇ ਇਨ੍ਹਾਂ ਵੱਖ-ਵੱਖ ਸਾਈਟਾਂ ਨੂੰ ਬਰਾਡਬੈਂਡ ਅਤੇ ਮੋਬਾਈਲ ਫੋਨਾਂ ਉਤੇ 2ਜੀ ਨੈੱਟਵਰਕ ਦਾ ਇਸਤੇਮਾਲ ਕਰਦਿਆਂ ਵਰਤਦੇ ਰਹੇ।
ਪੱਥਰਬਾਜ਼ਾਂ ਦੇ ਟਾਕਰੇ ਲਈ ਬਣੇਗੀ ਮਹਿਲਾ ਪੁਲੀਸ ਬਟਾਲੀਅਨ
ਨਵੀਂ ਦਿੱਲੀ : ਜੰਮੂ-ਕਸ਼ਮੀਰ ਵਿਚ ਪੱਥਰਬਾਜ਼ਾਂ ਦੇ ਟਾਕਰੇ ਲਈ ਮਹਿਲਾ ਪੁਲੀਸ ਬਟਾਲੀਅਨ ਬਣਾਏ ਜਾਣ ਦੀ ਤਿਆਰੀ ਹੈ। ਕਰੀਬ ਇਕ ਹਜ਼ਾਰ ਮਹਿਲਾਵਾਂ ਨੂੰ ਵਾਦੀ ਵਿਚ ਪੱਥਰਬਾਜ਼ਾਂ ਨਾਲ ਨਜਿੱਠਣ ਲਈ ਤਾਇਨਾਤ ਕੀਤਾ ਜਾਵੇਗਾ। ਇਹ ਮਹਿਲਾਵਾਂ ਪੰਜ ਇੰਡੀਆ ਰਿਜ਼ਰਵਡ ਬਟਾਲੀਅਨਜ਼ (ਆਈਆਰਬੀਜ਼) ਦਾ ਹਿੱਸਾ ਹੋਣਗੀਆਂ ਅਤੇ ਕੇਂਦਰ ਸਰਕਾਰ ਨੇ ਪਹਿਲਾਂ ਹੀ ਇਨ੍ਹਾਂ ਅਹੁਦਿਆਂ ਲਈ ਪ੍ਰਵਾਨਗੀ ਦੇ ਦਿੱਤੀ ਹੈ।
ਕੇਂਦਰ ਵੱਲੋਂ ਜੰਮੂ-ਕਸ਼ਮੀਰ ਲਈ 20 ਹਜ਼ਾਰ ਕਰੋੜ ਰਿਲੀਜ਼ :
ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ-ਕਸ਼ਮੀਰ ਲਈ ਨਵੰਬਰ 2015 ਵਿੱਚ ਐਲਾਨੇ 80 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਪੈਕੇਜ ਵਿੱਚੋਂ 20 ਹਜ਼ਾਰ ਕਰੋੜ ਰੁਪਏ ਸੂਬੇ ਨੂੰ ਜਾਰੀ ਕਰ ਦਿੱਤੇ ਹਨ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਇਹ ਖ਼ੁਲਾਸਾ ਇਥੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਕ ਅੰਤਰ-ਮੰਤਰਾਲਾ ਮੀਟਿੰਗ ਦੌਰਾਨ ਕੀਤਾ ਗਿਆ। ਮੀਟਿੰਗ ਦੌਰਾਨ ਗ੍ਰਹਿ ਮੰਤਰੀ ਨੇ ਇਸ ਗੜਬੜ ਵਾਲੇ ਸੂਬੇ ਵਿੱਚ ਇਸ ਮੈਗਾ ਪੈਕੇਜ ਨੂੰ ਲਾਗੂ ਕਰਨ ਅਤੇ ਹੋਰ ਵਿਕਾਸ ਪਹਿਲਕਦਮੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਇਸ ਕੁੱਲ ਪੈਕੇਜ ਦਾ ਚੌਥਾ ਹਿੱਸਾ, ਜੋ ਕਰੀਬ 19 ਹਜ਼ਾਰ ਕਰੋੜ ਰੁਪਏ ਬਣਦਾ ਹੈ, ਹੁਣ ਤੱਕ ਜਾਰੀ ਕਰ ਦਿੱਤਾ ਗਿਆ ਹੈ। ਮੀਟਿੰਗ ਵਿੱਚ ਵੱਖੋ-ਵੱਖ ਕੇਂਦਰੀ ਮੰਤਰਾਲਿਆਂ ਤੇ ਵਿਭਾਗਾਂ ਅਤੇ ਰਾਜ ਸਰਕਾਰ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਮੈਗਾ ਪੈਕੇਜ ਨੂੰ ਸਫਲਤਾਪੂਰਬਕ ਲਾਗੂ ਕਰ ਕੇ ਹੀ ਜੰਮੂ-ਕਸ਼ਮੀਰ ਦੇ ਲੋਕਾਂ ਦੇ ਦਿਲਾਂ ਵਿੱਚੋਂ ਬੇਗ਼ਾਨਗੀ ਦੀ ਭਾਵਨਾ ਨੂੰ ਕੱਢਿਆ ਜਾ ਸਕਦਾ ਹੈ। ਗ਼ੌਰਤਲਬ ਹੈ ਕਿ ਬੀਤੀ 9 ਅਪ੍ਰੈਲ ਨੂੰ ਸੂਬੇ ਦੇ ਸ੍ਰੀਨਗਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਭਾਰੀ ਹਿੰਸਾ ਹੋਈ ਸੀ, ਜਿਸ ਕਾਰਨ ਅੱਠ ਲੋਕਾਂ ਦੀਆਂ ਜਾਨਾਂ ਜਾਂਦੀਆਂ ਰਹੀਆਂ ਸਨ। ਉਸ ਤੋਂ ਬਾਅਦ ਵੀ ਪਿਛਲੇ ਪੰਦਰਵਾੜੇ ਦੌਰਾਨ ਵਾਦੀ ਵਿੱਚ ਵਿਦਿਆਰਥੀਆਂ ਨੇ ਪੁਲੀਸ ਦੀਆਂ ਕਥਿਤ ਜ਼ਿਆਦਤੀਆਂ ਖ਼ਿਲਾਫ਼ ਅਨੇਕਾਂ ਰੋਸ ਮੁਜ਼ਾਹਰੇ ਕੀਤੇ ਹਨ, ਜਿਨ੍ਹਾਂ ਦੌਰਾਨ ਵਿਦਿਆਰਥਣਾਂ ਵੀ ਸਲਾਮਤੀ ਦਸਤਿਆਂ ਉਤੇ ਪਥਰਾਅ ਕਰਦੀਆਂ ਦਿਖਾਈ ਦਿੱਤੀਆਂ ਸਨ।