”ਕਾਲੇ ਧਨ ਨੂੰ ਚਿੱਟਾ ਕਿਵੇਂ ਕਰਨਾ” ਪੁੱਛਣ ਵਾਲਿਆਂ ‘ਚ ਗੁਜਰਾਤ ਮੋਹਰੀ ਤੇ ਪੰਜਾਬ 8ਵੇਂ ਨੰਬਰ ‘ਤੇ

”ਕਾਲੇ ਧਨ ਨੂੰ ਚਿੱਟਾ ਕਿਵੇਂ ਕਰਨਾ” ਪੁੱਛਣ ਵਾਲਿਆਂ ‘ਚ ਗੁਜਰਾਤ ਮੋਹਰੀ ਤੇ ਪੰਜਾਬ 8ਵੇਂ ਨੰਬਰ ‘ਤੇ

ਚੰਡੀਗੜ੍ਹ/ਸਿੱਖ ਸਿਆਸਤ ਬਿਊਰੋ :
8 ਨਵੰਬਰ 2016 ਨੂੰ 500 ਅਤੇ 1000 ਰੁਪਏ ਦੇ ਭਾਰਤੀ ਕਰੰਸੀ ਨੋਟ ਬੰਦ ਹੋਣ ਦੇ ਐਲਾਨ ਤੋਂ ਬਾਅਦ ਬੈਂਕਾਂ ਅਤੇ ਏ.ਟੀ.ਐਮ. ਦੇ ਬਾਹਰ ਲੋਕਾਂ ਦੀ ਭੀੜ ਲੱਗ ਗਈ। ਅਗਲੇ ਹੀ ਦਿਨ ਤੋਂ ਪੁਰਾਣੇ ਨੋਟਾਂ ਨੂੰ ਬੈਂਕਾਂ ਵਿਚ ਜਮ੍ਹਾ ਕਰਵਾਉਣ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਨਜ਼ਰ ਆਉਣ ਲੱਗ ਗਈਆਂ।
ਇਸ ਭੀੜ ਤੋਂ ਇਲਾਵਾ ਵੀ ਇਕ ਭੀੜ ਰਹੀ, ਜਿਨ੍ਹਾਂ ਤੇ 500 ਤੇ 1000 ਰੁਪਏ ਦੇ ਨੋਟ ਬਦਲਣ ਦਾ ਦਬਾਅ ਸੀ। ਇਹ ਉਹ ਲੋਕ ਸਨ ਜਿਹੜੇ ਇੰਟਰਨੈੱਟ ਦੀ ਮਦਦ ਨਾਲ ‘ਕਾਲੇ ਧਨ’ ਨੂੰ ਚਿੱਟਾ ਕਰਨ ਦੇ ਰਾਹ ਲੱਭ ਰਹੇ ਸਨ।
8 ਨਵੰਬਰ ਤੋਂ ਬਾਅਦ ਗੂਗਲ ਦੇ ਟ੍ਰੇਂਡਸ ‘ਤੇ ਜੇ ਗ਼ੌਰ ਕਰੀਏ ਤਾਂ ਇਸ ਵਿਚ ‘ਕਾਲੇ ਧਨ’ ਨੂੰ ਚਿੱਟੇ ਵਿਚ ਬਦਲਣ ਦੇ ਤਰੀਕਿਆਂ ਨੂੰ ਸਭ ਤੋਂ ਵੱਧ ਲੱਭਿਆ ਗਿਆ। ਇਨ੍ਹਾਂ ਤਰੀਕਿਆਂ ਨੂੰ ਜਿਨ੍ਹਾਂ ਸੂਬਿਆਂ ਵਿਚ ਸਭ ਤੋਂ ਜ਼ਿਆਦਾ ਲੱਭਿਆ ਗਿਆ, ਉਨ੍ਹਾਂ ਵਿਚ ਗੁਜਰਾਤ ਪਹਿਲੇ ਨੰਬਰ ‘ਤੇ ਰਿਹਾ।
ਗੁਜਰਾਤ ਦੇ ਜਿਨ੍ਹਾਂ ਸ਼ਹਿਰਾਂ ਵਿਚ ਗੂਗਲ ‘ਤੇ ਇਹ ਤਰੀਕੇ ਸਭ ਤੋਂ ਵੱਧ ਸਰਚ ਕੀਤੇ ਗਏ, ਉਨ੍ਹਾਂ ਵਿਚ ਮਹਿਸਾਣਾ, ਰਾਜਕੋਟ ਅਤੇ ਜਾਮਨਗਰ ਸ਼ਾਮਲ ਹਨ। ਇਸ ਸੂਚੀ ਵਿਚ ਬਾਕੀ ਦੇ ਸੂਬੇ ਇਸ ਤਰ੍ਹਾਂ ਹਨ: 2. ਛੱਤੀਸਗੜ੍ਹ 3. ਹਰਿਆਣਾ 4. ਝਾਰਖੰਡ 5. ਉਤਰਾਖੰਡ 6. ਮਹਾਰਾਸ਼ਟਰ 7. ਗੋਵਾ, 8. ਪੰਜਾਬ 9. ਰਾਜਸਥਾਨ 10. ਦਿੱਲੀ।
‘ਕਾਲੇ ਧਨ’ ਨੂੰ ਚਿੱਟੇ ਵਿਚ ਬਦਲਣ ਲਈ ਲੋਕਾਂ ਵਲੋਂ ਕੁਝ ਨਵੇਂ ਕਿਸਮ ਦੇ ਕੀਵਰਡਸ ਵੀ ਦੇਖਣ ਨੂੰ ਮਿਲੇ। ਗੂਗਲ ਟ੍ਰੇਂਡ ਵਿਚ ਇਸ ਤੋਂ ਸਬੰਧਤ ਜਿਹੜੇ ਸਵਾਲ ਵੱਧ ਪੁੱਛੇ ਗਏ ਉਨ੍ਹਾਂ ਵਿਚ ਕਾਲੇ ਧਨ ਨੂੰ ਚਿੱਟਾ ਕਰਨ ਨਾਲ ਸਬੰਧਤ ਸਵਾਲ ਸਭ ਤੋਂ ਵੱਧ ਸਨ। ਹਾਲਾਂਕਿ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ ਇਸ ਟ੍ਰੇਂਡ ਵਿਚ ਕਮੀ ਵੇਖਣ ਨੂੰ ਮਿਲ ਰਹੀ ਰਹੀ ਹੈ।