ਭਾਰਤੀ ਫੌਜ ਨੇ ਫੌਜੀ ਕਾਰਵਾਈ ਕਰਕੇ ਮੇਜਰ ਸਮੇਤ 7 ਪਾਕਿਸਤਾਨੀ ਫ਼ੌਜੀ ਨੂੰ ਮਾਰ ਮੁਕਾਏ

ਭਾਰਤੀ ਫੌਜ ਨੇ ਫੌਜੀ ਕਾਰਵਾਈ ਕਰਕੇ ਮੇਜਰ ਸਮੇਤ 7 ਪਾਕਿਸਤਾਨੀ ਫ਼ੌਜੀ ਨੂੰ ਮਾਰ ਮੁਕਾਏ

ਜੰਮੂ,ਸ੍ਰੀਨਗਰ/ਬਿਊਰੋ ਨਿਊਜ਼:
ਜੰਮੂ ਕਸ਼ਮੀਰ ‘ਚ ਭਾਰਤੀ ਸੈਨਾ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ‘ਚ  ਪਾਕਿਸਤਾਨ ਦੇ ਇਕ ਮੇਜਰ ਸਮੇਤ ਸੱਤ ਜਵਾਨ ਹਲਾਕ ਹੋ ਗਏ। ਉਧਰ ਸਰਹੱਦ ‘ਤੇ ਪਾਕਿਸਤਾਨ ਆਧਾਰਿਤ ਜੈਸ਼-ਏ-ਮੁਹੰਮਦ ਦੇ ਪੰਜ ਦਹਿਸ਼ਤਗਰਦਾਂ ਨੂੰ ਮਾਰ ਕੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਉਂਜ ਪਾਕਿਸਤਾਨ ਨੇ 4 ਜਵਾਨ ਹਲਾਕ ਹੋਣ ਦੀ ਗੱਲ ਆਖਦਿਆਂ ਭਾਰਤ ਦੇ ਤਿੰਨ ਜਵਾਨ ਮਾਰ ਮੁਕਾਉਣ ਦਾ ਦਾਅਵਾ ਕੀਤਾ ਹੈ। ਫੌਜ ਵੱਲੋਂ ਇਹ ਕਾਰਵਾਈ ਉਸ ਸਮੇਂ ਕੀਤੀ ਗਈ ਹੈ ਜਦੋਂ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਪਾਕਿਸਤਾਨ ਨੂੰ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਦਹਿਸ਼ਤੀ ਗੁੱਟਾਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਸਕਦੇ ਹਨ ਅਤੇ ਜੇਕਰ ਗੁਆਂਢੀ ਮੁਲਕ ਨੇ ਮਜਬੂਰ ਕੀਤਾ ਤਾਂ ਉਸ ਖ਼ਿਲਾਫ਼ ‘ਹੋਰ ਕਾਰਵਾਈ’ ਹੋ ਸਕਦੀ ਹੈ। ਥਲ ਸੈਨਾ ਦਿਵਸ ਮੌਕੇ ਅੱਜ ਦਿੱਲੀ ‘ਚ ਜਵਾਨਾਂ ਨੂੰ ਸੰਬੋਧਨ ਕਰਦਿਆਂ ਜਨਰਲ ਰਾਵਤ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਦਹਿਸ਼ਤਗਰਦਾਂ ਨੂੰ ਭਾਰਤ ‘ਚ ਲਗਾਤਾਰ ਘੁਸਪੈਠ ਕਰਾਉਣ ਦੀਆਂ ਕੋਸ਼ਿਸ਼ਾਂ ‘ਚ ਲੱਗੀ ਹੋਈ ਹੈ। ਸਰਹੱਦ ਪਾਰੋਂ ਦਹਿਸ਼ਤੀ ਸਰਗਰਮੀਆਂ ਨਾਲ ਸਿੱਝਣ ਦਾ ਅਹਿਦ ਲੈਂਦਿਆਂ ਉਨ੍ਹਾਂ ਕਿਹਾ ਕਿ ਕਸ਼ਮੀਰ ‘ਚ ਭਾਰਤ ਵਿਰੋਧੀ ਸਰਗਰਮੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।  ਸੈਨਾ ਦੇ ਸੀਨੀਅਰ ਅਧਿਕਾਰੀ ਨੇ ਜੰਮੂ ‘ਚ ਖ਼ਬਰ ਏਜੰਸੀ ਨੂੰ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ‘ਤੇ ਮੇਂਧਰ ਸੈਕਟਰ ‘ਚ ਜਗਲੋਟ ਪੱਟੀ ਦੀਆਂ ਅਗਾਊਂ ਚੌਕੀਆਂ ‘ਤੇ ਗੋਲਾਬਾਰੀ ਕੀਤੀ। ਕੰਟਰੋਲ ਰੇਖਾ ‘ਤੇ ਤਾਇਨਾਤ ਭਾਰਤੀ ਜਵਾਨਾਂ ਨੇ ਵੀ ਆਪਣੀਆਂ ਪੁਜ਼ੀਸ਼ਨਾਂ ਤੋਂ ਪਾਕਿਸਤਾਨੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਜਵਾਬੀ ਕਾਰਵਾਈ ‘ਚ ਪਾਕਿਸਤਾਨ ਦੇ ਇਕ ਮੇਜਰ ਸਮੇਤ ਸੱਤ ਜਵਾਨ ਹਲਾਕ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਉਧਰ ਇਸਲਾਮਾਬਾਦ ‘ਚ ਅੰਤਰ ਸਰਵਿਸਿਜ਼ ਪਬਲਿਕ ਰਿਲੇਸ਼ਨ ਦੇ ਮੀਡੀਆ ਵਿੰਗ ਨੇ ਕਿਹਾ ਕਿ ਕੋਟਲੀ ਸੈਕਟਰ ਦੇ ਜੰਡਰੋਟ ਇਲਾਕੇ ‘ਚ ਸੰਚਾਰ ਲਾਈਨ ਦੀ ਮੁਰੰਮਤ  ਦੌਰਾਨ ਉਨ੍ਹਾਂ ਦੇ ਜਵਾਨਾਂ ‘ਤੇ ਭਾਰੀ ਗੋਲਾਬਾਰੀ ਕੀਤੀ ਗਈ। ਇਸ ਦੌਰਾਨ ਬ੍ਰਿਗੇਡੀਅਰ ਵਾਈ ਐਸ ਅਹਿਲਾਵਤ ਨੇ ਉੜੀ ‘ਚ ਦੱਸਿਆ ਕਿ ਭਾਰਤੀ ਫੌਜ ਨੇ ਉੜੀ ਸੈਕਟਰ ‘ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਜੈਸ਼-ਏ-ਮੁਹੰਮਦ ਦੇ ਆਤਘਾਤੀ ਜਥੇ ਦੇ ਪੰਜ ਮੈਂਬਰਾਂ ਨੂੰ ਹਲਾਕ ਕਰ ਦਿੱਤਾ। ਰਾਤ ਭਰੇ ਚੱਲੇ ਆਪਰੇਸ਼ਨ ਦੌਰਾਨ ਇਹ ਦਹਿਸ਼ਤਗਰਦ ਮਾਰ ਮੁਕਾਏ ਗਏ। ਬ੍ਰਿਗੇਡੀਅਰ ਅਹਿਲਾਵਤ ਮੁਤਾਬਕ ਇਹ ਘੁਸਪੈਠ ਜਿਹਲਮ ਦਰਿਆ ਨਾਲ ਲਗਦੇ ਇਲਾਕੇ ‘ਚੋਂ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ 2018 ਦੀ ਪਹਿਲੀ ਵੱਡੀ ਘੁਸਪੈਠ ਨੂੰ ਅਸਫ਼ਲ ਬਣਾਉਂਦਿਆਂ ਆਰਮੀ ਡੇਅ ਅਤੇ ਗਣਤੰਤਰ ਦਿਵਸ ਦੇ ਜਸ਼ਨਾਂ ਦੌਰਾਨ ਗੜਬੜ ਕੀਤੇ ਜਾਣ ਦੀ ਸੰਭਾਵਨਾ ਨੂੰ ਟਾਲ ਦਿੱਤਾ ਗਿਆ ਹੈ। ਲਾਸ਼ਾਂ ਕੋਲੋਂ ਚਾਰ ਏਕੇ-47 ਰਾਈਫਲਾਂ, ਤਿੰਨ ਅੰਡਰਬੈਰਲ ਗਰਨੇਡ ਲਾਂਚਰ, 38 ਯੂਬੀਜੀਐਲ ਗਰਨੇਡ, 23 ਹੱਥਗੋਲੇ, 9 ਆਈਈਡੀ ਅਤੇ ਹੋਰ ਜੰਗੀ ਸਾਜ਼ੋ ਸਾਮਾਨ ਬਰਾਮਦ ਕੀਤਾ ਗਿਆ ਹੈ।

ਬੱਸ ਸੇਵਾ ਮੁਅੱਤਲ
ਕੰਟਰੋਲ ਰੇਖਾ ‘ਤੇ ਵਪਾਰ ਅਤੇ ਸੈਰ ਸਪਾਟੇ ਦੇ ਸਰਪ੍ਰਸਤ ਮੁਹੰਮਦ ਤਨਵੀਰ ਨੇ ਦੱਸਿਆ ਕਿ ਕੰਟਰੋਲ ਰੇਖਾ ‘ਤੇ ਜੰਮੂ ਕਸ਼ਮੀਰ ਅਤੇ ਮਕਬੂਜ਼ਾ ਕਸ਼ਮੀਰ ਵਿਚਕਾਰ ਚਲਣ ਵਾਲੀ ਬੱਸ ਸੇਵਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਦੋਵੇਂ ਮੁਲਕਾਂ ਦਰਮਿਆਨ ਵਧਦੇ ਤਣਾਅ ਨੂੰ ਦੇਖਦਿਆਂ ਉਠਾਇਆ ਗਿਆ ਹੈ।

ਭਾਰਤੀ ਡਿਪਟੀ ਸਫ਼ੀਰ ਤਲਬ
ਇਸਲਾਮਾਬਾਦ: ਕੰਟਰੋਲ ਰੇਖਾ ਪਾਰੋਂ ਹੋਈ ਗੋਲੀਬਾਰੀ ‘ਚ ਆਪਣੇ ਚਾਰ ਫੌਜੀ ਹਲਾਕ ਹੋਣ ਦਾ ਦਾਅਵਾ ਕਰਦਿਆਂ ਪਾਕਿਸਤਾਨ ਨੇ ਭਾਰਤੀ ਉਪ ਹਾਈ ਕਮਿਸ਼ਨਰ ਜੇ ਪੀ ਸਿੰਘ ਨੂੰ ਤਲਬ ਕਰਕੇ ਰੋਸ ਜਤਾਇਆ। ਡਾਇਰੈਕਟਰ ਜਨਰਲ (ਐਸਏ ਐਂਡ ਸਾਰਕ) ਮੁਹੰਮਦ ਫ਼ੈਸਲ ਨੇ ਸ੍ਰੀ ਸਿੰਘ ਨੂੰ ਤਲਬ ਕਰਕੇ ਭਾਰਤੀ ਫੌਜ ਵੱਲੋਂ ਬਿਨਾਂ ਭੜਕਾਹਟ ਦੇ ਕੀਤੀ ਗਈ ਗੋਲੀਬਾਰੀ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸੰਜਮ ਰੱਖਣ ਦੇ ਦਿੱਤੇ ਗਏ ਸੱਦੇ ਦੇ ਬਾਵਜੂਦ ਭਾਰਤ ਗੋਲੀਬੰਦੀ ਦੀ ਲਗਾਤਾਰ ਉਲੰਘਣਾ ਕਰਦਾ ਆ ਰਿਹਾ ਹੈ। ਉਸ ਨੇ ਦਾਅਵਾ ਕੀਤਾ ਕਿ ਭਾਰਤੀ ਫੌਜ ਨੇ ਸਾਲ ਦੇ ਪਹਿਲੇ 15 ਦਿਨਾਂ ਅੰਦਰ ਹੀ 100 ਤੋਂ ਵੱਧ ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ।