ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘ਚ ਨਕਸਲੀ ਹਮਲੇ ਦੌਰਾਨ ਮਾਰੇ ਗਏ ਸੀਆਰਪੀਐਫ ਦੇ 25 ਜਵਾਨ

ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘ਚ ਨਕਸਲੀ ਹਮਲੇ ਦੌਰਾਨ ਮਾਰੇ ਗਏ ਸੀਆਰਪੀਐਫ ਦੇ 25 ਜਵਾਨ

300 ਨਕਸਲੀਆਂ ਨੇ ਘਾਤ ਲਾ ਕੇ ਕੀਤਾ ਹਮਲਾ
ਰਾਏਪੁਰ/ਬਿਊਰੋ ਨਿਊਜ਼ :
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਨਕਸਲੀਆਂ ਵੱਲੋਂ ਘਾਤ ਲਾ ਕੇ ਕੀਤੇ ਗਏ ਹਮਲੇ ਵਿਚ ਸੀਆਰਪੀਐਫ ਦੇ 25 ਜਵਾਨ ਹਲਾਕ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਇਸ ਸਾਲ ਦਾ ਇਹ ਸਭ ਤੋਂ ਭਿਆਨਕ ਹਮਲਾ ਹੈ। ਨਕਸਲੀਆਂ ਨੇ ਇਹ ਹਮਲਾ ਦੱਖਣੀ ਬਸਤਰ ਖਿੱਤੇ ਦੇ ਕਾਲਾ ਪੱਥਰ ਇਲਾਕੇ ਵਿਚ ਕੀਤਾ। ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ”ਸਾਡੇ 25 ਜਵਾਨ ਹਲਾਕ ਹੋਏ ਹਨ। ਕਰੀਬ 7 ਤੋਂ 8 ਜਵਾਨ ਅਜੇ ਵੀ ਲਾਪਤਾ ਹਨ।” ਅਧਿਕਾਰੀ ਨੇ ਕਿਹਾ ਕਿ 11 ਲਾਸ਼ਾਂ ਪਹਿਲਾਂ ਮਿਲ ਗਈਆਂ ਸਨ ਜਦਕਿ 12 ਤਲਾਸ਼ੀ ਮੁਹਿੰਮ ਦੌਰਾਨ ਮਿਲੀਆਂ। ਇਕ ਜਵਾਨ ਨੇ ਹੈਲੀਕਾਪਟਰ ਰਾਹੀਂ ਲਿਜਾਣ ਸਮੇਂ ਦਮ ਤੋੜਿਆ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਕਮਾਂਡਰ ਜੋ ਇੰਸਪੈਕਟਰ ਰੈਂਕ ਦਾ ਅਧਿਕਾਰੀ ਸੀ ਅਤੇ ਦਲ ਦੀ ਅਗਵਾਈ ਕਰ ਰਿਹਾ ਸੀ, ਵੀ ਹਮਲੇ ਵਿਚ ਮਾਰਿਆ ਗਿਆ। ਅਧਿਕਾਰੀ ਨੇ ਕਿਹਾ ਕਿ ਨਕਸਲੀ ਹਲਾਕ ਹੋਏ ਜਵਾਨਾਂ ਤੋਂ ਦਰਜਨ ਤੋਂ ਵੱਧ ਹਥਿਆਰ ਲੁੱਟ ਕੇ ਲੈ ਗਏ। ਇਹ ਸਾਰੇ ਜਵਾਨ 74ਵੀਂ ਬਟਾਲੀਅਨ ਦੇ ਸਨ ਅਤੇ ਉਨ੍ਹਾਂ ਨੂੰ ਨਕਸਲ ਵਿਰੋਧੀ ਮੁਹਿੰਮ ਲਈ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ। ਸੁਕਮਾ ਦੇ ਵਧੀਕ ਐਸਪੀ ਜੀਤੇਂਦਰ ਸ਼ੁਕਲਾ ਨੇ ਦੱਸਿਆ ਕਿ ਘਟਨਾ ਚਿੰਤਾਗੁਫ਼ਾ ਪੁਲੀਸ ਥਾਣੇ ਦੀ ਹੱਦ ਅੰਦਰ ਬੁਰਕਾਪਾਲ ਪਿੰਡ ਨੇੜੇ ਵਾਪਰੀ ਹੈ। ਹਸਪਤਾਲ ਵਿਚ ਦਾਖ਼ਲ ਕਰਾਏ ਗਏ ਇਕ ਜ਼ਖ਼ਮੀ ਜਵਾਨ ਨੇ ਦਾਅਵਾ ਕੀਤਾ ਕਿ ਸੀਆਰਪੀਐਫ ਗਸ਼ਤੀ ਪਾਰਟੀ ‘ਤੇ ਕਰੀਬ 300 ਨਕਸਲੀਆਂ ਨੇ ਹਮਲਾ ਕੀਤਾ। ਇਸ ਜਵਾਨ ਨੇ ਦੱਸਿਆ, ”ਨਕਸਲੀਆਂ ਨੇ ਪਹਿਲਾਂ ਪਿੰਡ ਵਾਸੀਆਂ ਨੂੰ ਸਾਡੀਆਂ ਪੁਜ਼ੀਸ਼ਨਾਂ ਚੈੱਕ ਕਰਨ ਲਈ ਭੇਜਿਆ। ਮੈਂ ਕੁਝ ਮਹਿਲਾ ਨਕਸਲੀਆਂ ਨੂੰ ਵੀ ਦੇਖਿਆ ਅਤੇ ਸਾਰਿਆਂ ਨੇ ਕਾਲੀਆਂ ਵਰਦੀਆਂ ਪਾਈਆਂ ਹੋਈਆਂ ਸਨ ਅਤੇ ਉਹ ਏਕੇ ਸੀਰੀਜ਼ ਵਾਲੀਆਂ ਖ਼ਤਰਨਾਕ ਰਾਈਫਲਾਂ ਨਾਲ ਲੈਸ ਸਨ।” ਉਸ ਨੇ ਕਿਹਾ ਕਿ ਸੀਆਰਪੀਐਫ ਜਵਾਨਾਂ ਵੱਲੋਂ ਜਵਾਬੀ ਕਾਰਵਾਈ ਕਰਨ ਕਰ ਕੇ ਮੁਕਾਬਲੇ ਵਿਚ 10 ਤੋਂ 12 ਨਕਸਲੀ ਵੀ ਮਾਰੇ ਗਏ ਹੋਣਗੇ।