ਸਟਾਕਟਨ ‘ਚ ਸਲਾਨਾ ਫੀਲਡ ਹਾਕੀ ਟੂਰਨਾਮੈਂਟ 18 ਮਈ ਤੋਂ

ਸਟਾਕਟਨ ‘ਚ ਸਲਾਨਾ ਫੀਲਡ ਹਾਕੀ ਟੂਰਨਾਮੈਂਟ 18 ਮਈ ਤੋਂ

ਸੁਰਿੰਦਰ ਸਿੰਘ ਸੋਢੀ ਹੋਣਗੇ ਅਮਰਜੀਤ ਦੁਲਾਈ ਨੂੰ 
ਸਮਰਪਿਤ ਤਿੰਨ ਰੋਜ਼ਾ ਟੂਰਨਾਮੈਂਟ ਦੇ ਮੁੱਖ ਮਹਿਮਾਨ
ਸਟਾਕਟਨ /ਬਿਊਰੋ ਨਿਊਜ਼:
ਯੂਬਾ ਬ੍ਰਦਰਜ਼ ਫੀਲਡ ਹਾਕੀ ਕਲੱਬ ਅਤੇ ਗਦਰੀ ਬਾਬੇ ਸਪੋਰਟਸ ਕਲੱਬ ਵਲੋਂ ਯੂਨੀਵਰਸਿਟੀ ਆਫ ਪੈਸੇਫਿਕ ਸਟਾਕਟਨ ਵਿਖੇ ਸਾਬਕਾ ਹਾਕੀ ਖਿਡਾਰੀ ਅਮਰਜੀਤ ਦੁਲਾਈ ਨੂੰ ਸਮਰਪਿਤ ਫੀਲਡ ਹਾਕੀ ਟੂਰਨਾਮੈਂਟ 18, 19 ਅਤੇ 20 ਮਈ 2018 ਦਿਨ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਅਮਰੀਕਾ ਦੀਆਂ ਨਾਮੀ ਹਾਕੀ ਕਲੱਬਾਂ ਤੋਂ ਸਿਵਾ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹਾਕੀ ਖਿਡਾਰੀ ਉਚੇਚੇ ਤੌਰ ‘ਤੇ ਸ਼ਿਰਕਤ ਕਰਨਗੇ। ਮੇਲੇ ਦੇ ਮੁੱਖ ਪ੍ਰਬੰਧਕਾਂ ‘ਚ ਸ਼ੁਮਾਰ ਸ. ਗੁਲਵਿੰਦਰ ਸਿੰਘ ਗਾਖਲ ਨੇ ਕਿਹਾ ਕਿ ਇਹ ਵੱਡੇ ਇਨਾਮ ਵਾਲਾ ਹਾਕੀ ਟੂਰਨਾਮੈਂਟ ਹੈ ਅਤੇ ਇਸ ਖੇਡ ਮੇਲੇ ਵਿਚ ਨਾ ਸਿਰਫ ਖਿਡਾਰੀ ਸ਼ਾਮਿਲ ਹੋਣਗੇ ਸਗੋਂ ਆਧੁਨਿਕ ਹਾਕੀ ਦੇ ਵਧੀਆ ਮੈਚਾਂ ਦਾ ਪ੍ਰਦਰਸ਼ਨ ਵੀ ਵੇਖਣ ਨੂੰ ਮਿਲੇਗਾ। ਯੁਨਾਈਟਡ ਸਪੋਰਟਸ ਕਲੱਬ ਦੇ ਸਰਪ੍ਰਸਤ ਅਮੋਲਕ ਸਿੰਘ ਗਾਖਲ ਨੇ ਤਿੰਨੇ ਦਿਨ ਇਸ ਹਾਕੀ ਖੇਡ ਮੇਲੇ ‘ਚ ਪੰਜਾਬੀਆਂ ਨੂੰ ਸ਼ਾਮਿਲ ਹੋਣ ਦੀ ਬੇਨਤੀ ਕੀਤੀ।
ਇਸ ਖੇਡ ਮੇਲੇ ਦੇ ਮੁੱਖ ਮਹਿਮਾਨ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਹੋਣਗੇ ਅਤੇ ਪਹਿਲਾ ਵੱਡਾ ਇਨਾਮ ਗਾਖਲ ਭਰਾਵਾਂ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਵਲੋਂ ਆਪਣੇ ਸਵਰਗੀ ਪਿਤਾ ਸ. ਨਸੀਬ ਸਿੰਘ ਗਾਖਲ ਦੀ ਯਾਦ ਵਿਚ ਦਿੱਤਾ ਜਾਵੇਗਾ । ਦੂਜਾ ਵੱਡਾ ਇਨਾਮ ਬੋਪਾਰਾਏ ਭਰਾਵਾਂ ਮਾਈਕ ਬੋਪਾਰਾਏ ਅਤੇ ਜਸਵਿੰਦਰ ਬੋਪਾਰਾਏ ਵਲੋਂ ਹਰ ਸਾਲ ਵਾਂਗ ਪ੍ਰਦਾਨ ਕੀਤਾ ਜਾਵੇਗਾ। ਮੁੱਖ ਪ੍ਰਬੰਧਕਾਂ ਨੇਕੀ ਅਟਵਾਲ ਅਤੇ ਪਿੰਕੀ ਅਟਵਾਲ ਨੇ ਵੀ ਇਸ ਵੱਡੇ ਹਾਕੀ ਟੂਰਨਾਮੈਂਟ ‘ਚ ਪੰਜਾਬੀਆਂ ਦੀ ਸ਼ਮੂਲੀਅਤ ਨੂੰ ਹਾਕੀ ਦੇ ਉਜਵਲ ਭਵਿੱਖ ਦੀ ਅੰਗੜਾਈ ਕਿਹਾ।