ਪੰਜਾਬ ਦੇ 10 ਜ਼ਿਲ੍ਹਿਆਂ ‘ਚ ਕਰਫਿਊ; ਫ਼ੌਜ ਸੱਦੀ ਕੁਝ ਇਲਾਕਿਆਂ ‘ਚ ਦਿੱਤੀ ਢਿੱਲ ਸਮਰਥਕਾਂ ਨੇ ਪੈਟਰੋਲ ਬੰਬਾਂ ਦੀ ਕੀਤੀ ਵਰਤੋਂ; ਕਈ ਥਾਂ ਚਲਾਈਆਂ ਗੋਲੀਆਂ

ਪੰਜਾਬ ਦੇ 10 ਜ਼ਿਲ੍ਹਿਆਂ ‘ਚ ਕਰਫਿਊ; ਫ਼ੌਜ ਸੱਦੀ ਕੁਝ ਇਲਾਕਿਆਂ ‘ਚ ਦਿੱਤੀ ਢਿੱਲ ਸਮਰਥਕਾਂ ਨੇ ਪੈਟਰੋਲ ਬੰਬਾਂ ਦੀ ਕੀਤੀ ਵਰਤੋਂ; ਕਈ ਥਾਂ ਚਲਾਈਆਂ ਗੋਲੀਆਂ

ਬਠਿੰਡਾ/ਬਿਊਰੋ ਨਿਊਜ਼ :
ਡੇਰਾ ਪੈਰੋਕਾਰਾਂ ਨੇ ਮਾਲਵੇ ਵਿੱਚ ਰੇਲਵੇ ਸਟੇਸ਼ਨਾਂ ਅਤੇ ਟੈਲੀਫੋਨ ਐਕਸਚੇਂਜਾਂ ਸਮੇਤ ਦਰਜਨਾਂ ਸਰਕਾਰੀ ਇਮਾਰਤਾਂ ਅਤੇ ਤੇਲ ਪੰਪਾਂ ਨੂੰ ਅੱਗ ਲਾ ਦਿੱਤੀ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸੇ ਤਰ੍ਹਾਂ ਅੱਧੀ ਦਰਜਨ ਬਿਜਲੀ ਗਰਿੱਡਾਂ ਦਾ ਵੀ ਨੁਕਸਾਨ ਕੀਤਾ ਗਿਆ। ਡੇਰਾ ਮੁਖੀ ਨੂੰ ਫ਼ੈਸਲਾ ਸੁਣਾਏ ਜਾਣ ਮਗਰੋਂ ਡੇਰਾ ਪੈਰੋਕਾਰ ਭੜਕ ਉੱਠੇ ਅਤੇ ਦੋ ਘੰਟਿਆਂ ਵਿੱਚ ਹੀ ਕਈ ਥਾਈਂ ਹਿੰਸਕ ਕਾਰਵਾਈਆਂ ਕੀਤੀਆਂ। ਹਿੰਸਕ ਹਾਲਾਤ ਦੇ ਮੱਦੇਨਜ਼ਰ ਪੰਜਾਬ ਵਿੱਚ ਫ਼ੌਜ ਸੱਦੀ ਗਈ ਹੈ ਤੇ ਦਸ ਜ਼ਿਲ੍ਹਿਆਂ ਵਿੱਚ ਕਰਫਿਊ ਲਾ ਦਿੱਤਾ ਗਿਆ ਹੈ। ਕਰਫਿਊ ਲੱਗਣ ਵਾਲੇ ਜ਼ਿਲ੍ਹਿਆਂ ਵਿੱਚ ਸੰਗਰੂਰ, ਬਰਨਾਲਾ, ਮੁਹਾਲੀ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਫ਼ਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਸ਼ਾਮਲ ਹਨ। ਕਰਫਿਊ ਵਾਲੀਆਂ ਥਾਵਾਂ ‘ਤੇ ਫ਼ੌਜ ਵੱਲੋਂ ਫਲੈਗ ਮਾਰਚ ਵੀ ਕੀਤਾ ਗਿਆ। ਪੁਲੀਸ ਨੇ ਡੇਰਾ ਸਿਰਸਾ ਦੀਆਂ ਸੂਬਾਈ ਪੱਧਰ ਦੀਆਂ ਕਮੇਟੀਆਂ ਦੇ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਇੰਜ ਜਾਪਦਾ ਹੈ ਕਿ ਡੇਰਾ ਪੈਰੋਕਾਰਾਂ ਨੇ ਪਹਿਲਾਂ ਹੀ ਰਣਨੀਤੀ ਘੜੀ ਹੋਈ ਸੀ ਕਿਉਂਕਿ ਪੈਰੋਕਾਰਾਂ ਨੇ ਮੂੰਹ ਸਿਰ ਬੰਨ੍ਹ ਕੇ ਇੱਕੋ ਵੇਲੇ ਪੈਟਰੋਲ ਨਾਲ ਭਰੀਆਂ ਬੋਤਲਾਂ ਸੁੱਟ ਕੇ ਵੱਖ-ਵੱਖ ਥਾਈਂ ਨੁਕਸਾਨ ਕੀਤਾ। ਡੇਰਾ ਪੈਰੋਕਾਰਾਂ ਨੇ ਮਲੋਟ ਰੇਲਵੇ ਸਟੇਸ਼ਨ ‘ਤੇ ਪੈਟਰੋਲ ਦੀਆਂ ਬੋਤਲਾਂ ਸੁੱਟ ਕੇ ਅੱਗ ਲਾ ਦਿੱਤੀ ਅਤੇ ਇੱਥੇ ਪਏ ਕੰਪਿਊਟਰ ਵੀ ਭੰਨ ਦਿੱਤੇ। ਬਠਿੰਡਾ ਨੇੜਲੇ ਬੱਲੂਆਣਾ ਰੇਲਵੇ ਸਟੇਸ਼ਨ ਦੇ ਬੁਕਿੰਗ ਦਫ਼ਤਰ ਨੂੰ ਅੱਗ ਲਾਈ ਗਈ। ਚਸ਼ਮਦੀਦਾਂ ਮੁਤਾਬਕ ਕਰੀਬ ਸਵਾ 3 ਵਜੇ ਮੋਟਰਸਾਇਕਲ ਸਵਾਰ ਡੇਰਾ ਪੈਰੋਕਾਰ ਆਏ, ਜਿਨ੍ਹਾਂ ਨੇ ਪਹਿਲਾਂ ਗੋਲੀਆਂ ਚਲਾਈਆਂ ਅਤੇ ਫੇਰ ਅੱਗ ਲਾ ਦਿੱਤੀ। ਸਟੇਸ਼ਨ ਮਾਸਟਰ ਜਾਨ ਬਚਾਅ ਕੇ ਭੱਜਿਆ ਤੇ ਇੱਕ ਰੇਲਗੱਡੀ ਨੂੰ ਵੀ ਰੋਕਣਾ ਪਿਆ। ਬੱਲੂਆਣਾ ਵਿਚ 132 ਕੇਵੀ ਗਰਿੱਡ ਨੂੰ ਵੀ ਅੱਗ ਲਾਈ ਗਈ। ਬਠਿੰਡਾ ਪੁਲੀਸ ਨੇ ਜ਼ਿਲ੍ਹੇ ਵਿੱਚ ਅੱਗ ਲਾਉਣ ਤੇ ਭੰਨ-ਤੋੜ ਦੀਆਂ ਘਟਨਾਵਾਂ ਸਬੰਧੀ ਚਾਰ ਦਰਜਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਸ਼ੇਰਗੜ੍ਹ ਰੇਲਵੇ ਸਟੇਸ਼ਨ (ਨੇੜੇ ਸੰਗਤ ਮੰਡੀ) ਨੂੰ ਵੀ ਅੱਗ ਲਾਈ ਗਈ।
ਪੁਲੀਸ ਨੇ ਫਿਰੋਜ਼ਪੁਰ ਨੇੜਲੇ ਫਿਰੋਜ਼ਸ਼ਾਹ ਰੇਲਵੇ ਸਟੇਸ਼ਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਬਠਿੰਡਾ ਦੀ ਰਾਮਾ ਮੰਡੀ ਵਿੱਚ ਟੈਲੀਫੋਨ ਐਕਸਚੇਂਜ ‘ਤੇ ਪੈਟਰੋਲ ਬੰਬ ਸੁੱਟੇ ਗਏ, ਜਿਸ ਨਾਲ ਅੱਗ ਲੱਗ ਗਈ। ਬਠਿੰਡਾ ਦੇ ਪਿੰਡ ਭਾਈਰੂਪਾ, ਜੀਵਨ ਸਿੰਘ ਵਾਲਾ ਅਤੇ ਬਾਂਡੀ ਵਿੱਚ ਸਾਂਝ ਕੇਂਦਰ ਫੂਕੇ ਗਏ। ਪਿੰਡ ਬਾਂਡੀ ਦੀ ਟੈਲੀਫੋਨ ਐਕਸਚੇਂਜ ਫੁਕਣ ਦੀ ਕੋਸ਼ਿਸ਼ ਪੁਲੀਸ ਨੇ ਨਾਕਾਮ ਕਰ ਦਿੱਤੀ। ਪਿੰਡ ਮਾਹੀਨੰਗਲ ਵਿੱਚ ਸਹਿਕਾਰੀ ਸਭਾ ਦੀ ਇਮਾਰਤ ਤੇ ਪਿੰਡ ਲਾਲੇਆਣਾ ਵਿਚ ਪ੍ਰਾਈਵੇਟ ਕੰਪਨੀ ਦੇ ਟਾਵਰ ਨੂੰ ਅੱਗ ਲਾਈ ਗਈ। ਮੁਕਤਸਰ ਦੇ ਪਿੰਡ ਤਪਾ ਖੇੜਾ ਵਿੱਚ ਐਕਸਚੇਂਜ ਫੂਕਣ ਦੀ ਕੋਸ਼ਿਸ਼ ਪੁਲੀਸ ਨੇ ਅਸਫ਼ਲ ਬਣਾਈ। ਇਸੇ ਜ਼ਿਲ੍ਹੇ ਦੇ ਪਿੰਡ ਬੁਰਜ ਸਿੰਧਵਾਂ, ਛਾਪਿਆਂਵਾਲੀ ਅਤੇ ਸ਼ਾਮ ਖੇੜਾ ਦੇ ਤੇਲ ਪੰਪਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਮਾਨਸਾ ਵਿੱਚ ਆਮਦਨ ਕਰ ਵਿਭਾਗ ਦੇ ਦਫ਼ਤਰ ਵਿੱਚ ਦੋ ਕਾਰਾਂ ਨੂੰ ਅੱਗ ਲਾਏ ਜਾਣ ਤੋਂ ਇਲਾਵਾ ਪਿੰਡ ਦਾਤੇਵਾਸ ਤੇ ਮੱਤਾ ਦੇ ਗਰਿੱਡਾਂ ਵਿੱਚ ਪੈਟਰੋਲ ਬੰਬ ਸੁੱਟੇ ਗਏ। ਭੀਖੀ ਤੇ ਹੋਡਲਾ ਕਲਾਂ ਵਿੱਚ ਸਾੜ-ਫੂਕ ਦੀਆਂ ਘਟਨਾਵਾਂ ਵਾਪਰੀਆਂ। ਮਹਿਲ ਕਲਾਂ ਨੇੜਲੇ ਪਿੰਡ ਚੰਨਣਵਾਲ ਅਤੇ ਵਜ਼ੀਦਕੇ ਵਿੱਚ ਵੀ ਅੱਗ ਲਾਉਣ ਦੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਤੋਂ ਇਲਾਵਾ ਹੰਢਿਆਇਆ, ਕੋਟਕਪੂਰਾ ਅਤੇ ਮੋਗਾ ਵਿੱਚ ਅੱਗ ਲਾਉਣ ਦੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋਈਆਂ। ਪੁਲੀਸ ਦੀ ਮੁਸਤੈਦੀ ਸਦਕਾ ਬਹੁਤੀਆਂ ਥਾਵਾਂ ‘ਤੇ ਪੈਰੋਕਾਰਾਂ ਨੂੰ ਹਿੰਸਕ ਕਾਰਵਾਈਆਂ ਦਾ ਮੌਕੇ ਨਹੀਂ ਮਿਲਿਆ।
ਲੰਬੀ : ਡੇਰਾ ਮੁਖੀ ਖ਼ਿਲਾਫ਼ ਅਦਾਲਤੀ ਫ਼ੈਸਲੇ ਦੇ ਰੋਸ ਵਜੋਂ ਪਿੰਡ ਹਾਕੂਵਾਲਾ ਵਿਚ ਚਾਰ ਨਕਾਬਪੋਸ਼ਾਂ ਨੇ ਪੈਟਰੋਲ ਪੰਪ ਨੂੰ ਅੱਗ ਲਗਾ ਕੇ ਗੋਲੀਆਂ ਚਲਾਈਆਂ। ਇਹ ਨਕਾਬਪੋਸ਼ ਮੋਟਰਸਾਈਕਲ ਤੇ ਕਾਰ ‘ਤੇ ਅਬੋਹਰ-ਡੱਬਵਾਲੀ ਸੜਕ ਉਤੇ ਪਿੰਡ ਹਾਕੂਵਾਲਾ ਦੇ ਤੇਲ ਪੰਪ ‘ਤੇ ਪੁੱਜੇ। ਉਨ੍ਹਾਂ ਨੇ ਪੰਪ ਦੀ ਮਸ਼ੀਨ ‘ਤੇ ਪੈਟਰੋਲ ਬੰਬ ਸੁੱਟਿਆ ਅਤੇ ਪੰਪ ਦੇ ਦਫ਼ਤਰ ਵੱਲ ਗੋਲੀਆਂ ਚਲਾਈਆਂ। ਮੰਨਿਆ ਜਾ ਰਿਹਾ ਹੈ ਕਿ ਇਸ ਖੇਤਰ ਵਿੱਚ ਉਕਤ ਘਟਨਾਵਾਂ ਨੂੰ ਇੱਕੋ ਗੁਟ ਨੇ ਹੀ ਅੰਜਾਮ ਦਿੱਤਾ ਹੈ।
ਕੈਥਲ ਤੇ ਕਾਲਾਇਤ ਵਿੱਚ ਕਰਫਿਊ:
ਚੰਡੀਗੜ੍ਹ : ਕੈਥਲ ਅਤੇ ਕਾਲਾਇਤ ਵਿਚ ਆਮ ਜਨਤਾ ਦੀ ਜਾਨ ਮਾਲ ਦੀ ਸੁਰੱਖਿਆ ਦੇ ਮੱਦੇਨਜ਼ਰ ਕਰਫਿਊ ਲੱਗਾ ਦਿੱਤਾ ਹੈ। ਕਰਫਿਊ ਲਾਉਣ ਦਾ ਹੁਕਮ ਕੈਥਲ ਦੀ ਜ਼ਿਲਾ ਮੈਜਿਸਟ੍ਰੇਟ ਸੁਨੀਤਾ ਵਰਮਾ ਨੇ ਲੋਕਾਂ ਦੀ ਜਾਨ ਮਾਲ ਨੂੰ ਖਤਰੇ ਦੇ ਮੱਦੇਨਜ਼ਰ ਲਾਉਣ ਦਾ ਫੈਸਲਾ ਕੀਤਾ। ਇਸੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬਾ ਵਾਸੀਆਂ ਨੂੰ ਸ਼ਾਂਤੀ ਬਣਾਏ ਰੱਖਣ ਲਈ ਅਪੀਲ ਕੀਤੀ ਹੈ। ਹਰਿਆਣਾ ਦੇ ਡੀ.ਜੀ.ਪੀ.ਬਲਜੀਤ ਸਿੰਘ ਸੰਧੂ ਨੇ ਲੋਕਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।