ਪੰਜਾਬ ਵਿੱਚ ਅਫੀਮ ਦੀ ਖੇਤੀ ਸ਼ੁਰੂ ਹੋਵੇ: ਡਾ. ਗਾਂਧੀ

ਪੰਜਾਬ ਵਿੱਚ ਅਫੀਮ ਦੀ ਖੇਤੀ ਸ਼ੁਰੂ ਹੋਵੇ: ਡਾ. ਗਾਂਧੀ
ਡਾ. ਧਰਮਵੀਰ ਗਾਂਧੀ ਸੰਬੋਧਨ ਕਰਦੇ ਹੋਏ।

ਅੰਮ੍ਰਿਤਸਰ/ਬਿਊਰੋ ਨਿਊਜ਼:
ਇਥੇ ਸਾਈਂ ਮੀਆਂ ਮੀਰ ਫਾਊਂਡੇਸ਼ਨ ਵੱਲੋਂ ਚੇਅਰਮੈਨ ਹਰਭਜਨ ਸਿੰਘ ਬਰਾੜ ਦੀ ਅਗਵਾਈ ਹੇਠ ਪੰਜਾਬ ਵਿੱਚ ਅਫੀਮ ਤੇ ਭੁੱਕੀ ਦੀ ਖੇਤੀ ਸ਼ੁਰੂ ਕਰਨ ਸਬੰਧੀ ਕਰਵਾਈ ਗਈ ਵਿਚਾਰ-ਚਰਚਾ ਵਿੱਚ ਬੁਲਾਰਿਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜੇ ਪੰਜਾਬ ਨੂੰ ਘਾਤਕ ਨਸ਼ਿਆਂ ਤੋਂ ਮੁਕਤ ਕਰਨਾ ਹੈ ਤਾਂ ਇਸ ਦਾ ਇਕੋ-ਇਕ ਹੱਲ ਹੈ ਕਿ ਇਥੇ ਅਫੀਮ ਦੀ ਕੁਦਰਤੀ ਖੇਤੀ ਸ਼ੁਰੂ ਕੀਤੀ ਜਾਵੇ। ਇਹ ਵੀ ਕਿਹਾ ਗਿਆ ਕਿ ਨਸ਼ਾ ਵਿਰੋਧੀ ਐਕਟ 1985 ਨਾਲ ਨਸ਼ਿਆਂ ਵਿੱਚ ਵਾਧਾ ਹੋਇਆ ਹੈ, ਡਰੱਗ ਮਾਫੀਆ ਦਾ ਪਾਸਾਰ ਹੋਇਆ ਹੈ, ਇਸ ਲਈ ਇਸ ਐਕਟ ਵਿਚ ਸੋਧ ਕੀਤੀ ਜਾਵੇ। ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਅੱਜ ਪੰਜਾਬ ਨਸ਼ਿਆਂ ਕਾਰਨ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੈਕ, ਹੈਰੋਇਨ, ਸ਼ਰਾਬ ਤੇ ਹੋਰ ਘਾਤਕ ਸਿੰਥੈਟਿਕ ਨਸ਼ਿਆਂ ਨੂੰ ਖਤਮ ਕਰਨ ਲਈ ਅਫੀਮ ਤੇ ਭੁੱਕੀ ਦੀ ਕੁਦਰਤੀ ਖੇਤੀ ਪੰਜਾਬ ਵਿੱਚ ਸ਼ੁਰੂ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਪੁਲੀਸ ਦਾ ਗ਼ੈਰ-ਸਿਆਸੀਕਰਨ ਅਤੇ ਗੈਰ-ਅਪਰਾਧੀਕਰਨ ਬਹੁਤ ਜ਼ਰੂਰੀ ਹੈ। ਸਿਹਤ ਵਿਭਾਗ ਪੰਜਾਬ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਜਗਜੀਤ ਸਿੰਘ ਚੀਮਾ ਨੇ ਕਿਹਾ ਕਿ ਜੇ ਪੰਜਾਬ ਵਿਚ ਕੁਦਰਤੀ ਨਸ਼ਿਆਂ ਦੀ ਖੇਤੀ ਸ਼ੁਰੂ ਹੋ ਜਾਵੇ ਤਾਂ ਡਰਗ ਮਾਫੀਆ ਅਤੇ ਨਸ਼ਿਆਂ ਦੀ ਮੰਡੀ ਆਪਣੇ ਆਪ ਖਤਮ ਹੋ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਿੰਥੈਟਿਕ ਨਸ਼ੇ ਖਾਣ ਵਾਲਿਆਂ ਨੂੰ ਕੁਦਰਤੀ ਨਸ਼ੇ ਦਿਓਗੇ ਤਾਂ ਉਨ੍ਹਾਂ ਦੀ ਜ਼ਿੰਦਗੀ ਬਚ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਪੰਜਾਬ ਨੂੰ ਡਰੱਗ ਮਾਫੀਆ ਤੋਂ ਬਚਾਉਣਾ ਹੈ ਤਾਂ ਨਸ਼ਾ ਵਿਰੋਧੀ ਐਕਟ ਵਿੱਚ ਸੋਧ ਕੀਤੀ ਜਾਵੇ। ਸ੍ਰੀ ਰਣਜੀਤ ਸਿੰਘ ਨੇ ਕਿਹਾ ਕਿ ਸਿੰਥੈਟਿਕ ਨਸ਼ੇ, ਸ਼ਰਾਬ, ਮੈਡੀਕਲ ਨਸ਼ੇ ਜਵਾਨੀ ਨੂੰ ਤਬਾਹ ਕਰ ਰਹੇ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਪਾਣੀ, ਜਵਾਨੀ ਤੇ ਕਿਰਸਾਨੀ ਨੂੰ ਅਫੀਮ ਦੀ ਖੇਤੀ ਸ਼ੁਰੂ ਕਰਕੇ ਹੀ ਬਚਾਇਆ ਜਾ ਸਕਦਾ ਹੈ।  ਹਰਿਦਆਲ ਸਿੰਘ ਘਰਿਆਲਾ ਨੇ ਕਿਹਾ ਕਿ ਜੇ ਦੇਸ਼ ਦੇ 12 ਸੂਬਿਆਂ ਵਿੱਚ ਅਫੀਮ ਦੀ ਖੇਤੀ ਹੋ ਸਕਦੀ ਹੈ ਤਾਂ ਪੰਜਾਬ ਵਿੱਚ ਕਿਉਂ ਨਹੀਂ? ਸੁਨਾਮ ਤੋਂ ਆਏ ਐਡਵੋਕੇਟ ਸੰਪੂਰਨ ਸਿੰਘ ਨੇ ਵੀ ਪੰਜਾਬ ਵਿਚ ਅਫੀਮ ਦੀ ਖੇਤੀ ਸ਼ੁਰੂ ਕਰਨ ਦਾ ਸੁਝਾਅ ਦਿੱਤਾ। ਸਰਬਜੀਤ ਸਿੰਘ ਸੋਹਲ, ਬਲਵਿੰਦਰ ਸਿੰਘ ਝਬਾਲ ਨੇ ਵੀ ਆਪਣੇ ਵਿਚਾਰ ਰੱਖੇ। ਹਰਭਜਨ ਸਿੰਘ ਬਰਾੜ ਨੇ ਸਭ ਦਾ ਧੰਨਵਾਦ ਕੀਤਾ ਅਤੇ ਮੰਚ ਦੇ ਸੰਚਾਲਨ ਦੀ ਭੂਮਿਕਾ ਸ੍ਰੀ ਕੰਵਲਜੀਤ ਸਿੰਘ ਸਿਧੂ ਨੇ ਨਿਭਾਈ। ਸੈਮੀਨਾਰ  ਤੋਂ ਪਹਿਲਾਂ ਡਾ. ਗਾਂਧੀ ਨੇ ਸਾਈਂ ਮੀਆਂ ਮੀਰ ਸਰਾਂ ਦਾ ਉਦਘਾਟਨ ਕੀਤਾ। ਇਸ ਮੌਕੇ ਹੋਏ ਸੰਗੀਤ ਪ੍ਰੋਗਰਾਮ ਵਿੱਚ ਗਾਇਕ ਦਲਵਿੰਦਰ ਦਿਆਲਪੁਰੀ ਨੇ ਰੰਗ ਬੰਨ੍ਹਿਆ।