ਬੱਬਰ ਖਾਲਸਾ ਨਾਲ ਸਬੰਧਾਂ ਦੇ ਦੋਸ਼ 'ਚ ਗ੍ਰਿਫਤਾਰ ਬੀਬੀ ਅੰਮ੍ਰਿਤਪਾਲ ਕੌਰ ਨੇ ਜੇਲ੍ਹ ਵਿੱਚ ਭੁੱਖ ਹੜਤਾਲ ਰੱਖੀ

ਬੱਬਰ ਖਾਲਸਾ ਨਾਲ ਸਬੰਧਾਂ ਦੇ ਦੋਸ਼ 'ਚ ਗ੍ਰਿਫਤਾਰ ਬੀਬੀ ਅੰਮ੍ਰਿਤਪਾਲ ਕੌਰ ਨੇ ਜੇਲ੍ਹ ਵਿੱਚ ਭੁੱਖ ਹੜਤਾਲ ਰੱਖੀ
ਪੁਲਿਸ ਹਿਰਾਸਤ ਵਿੱਚ ਅੰਮ੍ਰਿਤਪਾਲ ਕੌਰ

ਮੋਹਾਲੀ: ਪੰਜਾਬ ਪੁਲਿਸ ਵੱਲੋਂ ਬੱਬਰ ਖਾਲਸਾ ਜਥੇਬੰਦੀ ਨਾਲ ਸਬੰਧ ਦੱਸ ਕੇ ਗ੍ਰਿਫਤਾਰ ਕੀਤੀ ਗਈ ਬੀਬੀ ਅੰਮ੍ਰਿਤਪਾਲ ਕੌਰ ਨੇ ਅਦਾਲਤ ਵਿੱਚ ਪੇਸ਼ ਨਾ ਕਰਨ ਦੇ ਰੋਸ ਵਜੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।

ਮੋਹਾਲੀ ਪੁਲਸ ਵੱਲੋਂ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਗ੍ਰਿਫਤਾਰ ਬੀਬੀ ਅੰਮ੍ਰਿਤਪਾਲ ਕੌਰ ਨੇ ਅਦਾਲਤ ਵਿੱਚ ਪੇਸ਼ੀਆਂ ‘ਤੇ ਨਾ ਲਿਆਉਣ ਦੇ ਰੋਸ ਵਜੋਂ ਪਟਿਆਲਾ ਜੇਲ ਵਿੱਚ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। 

ਵਕੀਲ ਕੁਲਵਿੰਦਰ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਗਿਰਫਤਾਰ ਸਿੰਘਾਂ ਅਤੇ ਬੀਬੀ ਨੂੰ ਅਦਾਲਤ ਵਿੱਚ ਪੇਸ਼ੀਆਂ ‘ਤੇ ਨਹੀਂ ਲਿਆਂਦਾ ਜਾਂਦਾ। ਜਿਸ ਕਰਕੇ ਕੇਸ ਦੀ ਸੁਣਵਾਈ ਵਿੱਚ ਦੇਰੀ ਹੋ ਰਹੀ ਹੈ। ਪੁਲਿਸ ਅਤੇ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਸਿੰਘਾਂ ਨੂੰ ਅਦਾਲਤ ਵਿੱਚ ਪੇਸ਼ ਨਾ ਕਰਨ ਦਾ ਸਿਲਸਿਲਾ ਪਿਛਲੇ ਸਾਲ ਤੋਂ ਚੱਲ ਰਿਹਾ ਹੈ ਅਤੇ ਬੰਦੀ ਸਿੰਘਾਂ ਦੇ ਮਾਮਲਿਆਂ ਨੂੰ ਜਾਣਬੁੱਝ ਕੇ ਲਮਕਾਇਆ ਜਾ ਰਿਹਾ ਹੈ ਤਾਂ ਜੋ ਸਿੱਖ ਨੌਜਵਾਨਾਂ ਨੂੰ ਲੰਮਾ ਸਮਾਂ ਜੇਲ੍ਹਾਂ ਵਿੱਚ ਰੱਖਿਆ ਜਾਵੇ। 

ਉਹਨਾਂ ਦੱਸਿਆ ਕਿ ਬੀਬੀ ਅੰਮ੍ਰਿਤਪਾਲ ਕੌਰ ਖਿਲਾਫ ਪੁਲਿਸ ਥਾਣਾ ਫੇਸ -1 ਮੋਹਾਲੀ ਵਿਖੇ ਐੱਫਆਈਆਰ:110/25-05-17 ਵਿੱਚ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀਆਂ ਮੱਦਾਂ 18, 19, 20 ਅਤੇ ਅਸਲਾ ਕਾਨੂੰਨ 23/54/59 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਮੋਹਾਲੀ ਪੁਲਿਸ ਵੱਲੋਂ ਬੱਬਰ ਖਾਲਸਾ ਨਾਲ ਸਬੰਧਾਂ ਦੇ ਨਾਂ ‘ਤੇ ਬੀਬੀ ਅੰਮ੍ਰਿਤਪਾਲ ਕੌਰ ਨੂੰ ਸਾਲ 2017 ਵਿੱਚ ਅਸਲ੍ਹੇ ਸਮੇਤ ਗ੍ਰਿਫ਼ਤਾਰ  ਦਾ ਦਾਅਵਾ ਕੀਤਾ ਗਿਆ ਸੀ ਤੇ ਇਸ ਮਾਮਲੇ 'ਚ ਹੋਰ 11 ਲੋਕਾਂ ਦੀਆਂ ਵੀ ਗ੍ਰਿਫਤਾਰੀਆਂ ਹੋਈਆਂ ਸਨ।