ਹਿੰਦੂ ਔਰੰਗਜ਼ੇਬ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ

ਹਿੰਦੂ ਔਰੰਗਜ਼ੇਬ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ
20ਵੀਂ ਸਦੀ ਦੇ ਮੁੱਢਲੇ ਸਮੇਂ ਵਿੱਚ ਬਾਬਰੀ ਮਸਜਿਦ ਦੀ ਖਿੱਚੀ ਗਈ ਤਸਵੀਰ (ਸ੍ਰੋਤ: ਬ੍ਰਿਟਿਸ਼ ਲਾਇਬਰੇਰੀ)

ਸੁਖਵਿੰਦਰ ਸਿੰਘ

ਸਾਲ 1675 ਈਸਵੀ ਵਿੱਚ ਦਿੱਲੀ ਦੇ ਤਖਤ 'ਤੇ ਬੈਠੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਸੱਤਾ ਦੇ ਹੰਕਾਰ ਵਿੱਚ ਆ ਕੇ ਆਪਣੀ ਰਾਜਸੀ ਤਾਕਤ ਨਾਲ ਹਿੰਦੂ ਧਾਰਮਿਕ ਮਾਨਤਾ ਨੂੰ ਖਤਮ ਕਰਨ ਲਈ ਜ਼ਬਰਦਸਤੀ ਦੇ ਤਰੀਕੇ ਦੀ ਵਰਤੋਂ ਸ਼ੁਰੂ ਕੀਤੀ। ਦਿੱਲੀ ਤਖਤ ਦੀ ਤਾਕਤ ਦੇ ਹੰਕਾਰ ਵਿੱਚ ਝੱਲੇ ਹੋਏ ਔਰੰਗਜ਼ੇਬ ਨੇ ਇਨਸਾਫ ਦੇ ਧਰਮ ਤੋਂ ਅੱਖਾਂ ਫੇਰ ਲਈਆਂ ਸੀ। ਉਸਨੇ ਹਿੰਦੂ ਲੋਕਾਂ ਅੰਦਰ ਆਪਣਾ ਡਰ ਪਾਉਣ ਲਈ ਅਤੇ ਉਹਨਾਂ ਦੀਆਂ ਧਾਰਮਿਕ ਮਾਨਤਾਵਾਂ ਨੂੰ ਜ਼ਲੀਲ ਕਰਨ ਲਈ ਹਿੰਦੂ ਧਾਰਮਿਕ ਸਥਾਨਾਂ ਨੂੰ ਢਾਹੁਣਾ ਸ਼ੁਰੂ ਕੀਤਾ ਤੇ ਜ਼ਬਰੀ ਧਰਮ ਤਬਦੀਲ ਕਰਨ ਤੋਂ ਇਨਕਾਰੀ ਹਿੰਦੂਆਂ ਦਾ ਕਤਲੇਆਮ ਵੀ ਕੀਤਾ। ਇਸ ਕਤਲੇਆਮ ਅੱਗੇ ਬੇਵਸ ਹੋਈ ਕਮਜ਼ੋਰ ਹਿੰਦੂ ਵਸੋਂ ਨੇ ਸਿੱਖੀ ਦੇ ਦਰ ਦਾ ਆਸਰਾ ਤੱਕਦਿਆਂ ਅਨੰਦਪੁਰ ਸਾਹਿਬ ਪਹੁੰਚ ਕੀਤੀ ਤੇ ਸਿੱਖਾਂ ਦੇ ਨੌਵੇਂ ਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਾਹਦਰ ਜੀ ਨੇ ਅਕਾਲੀ ਹੁਕਮ ਅਧੀਨ ਮਜ਼ਲੂਮ ਦਾ ਸਹਾਰਾ ਬਣਨ ਅਤੇ ਜ਼ਾਲਮ ਹਕੂਮਤ ਦੀ ਬੇਇਨਸਾਫੀ ਨੂੰ ਵੰਗਾਰਨ ਦਾ ਐਲਾਨ ਕੀਤਾ। ਗੁਰੂ ਪਾਤਸ਼ਾਹ ਨੇ ਸ਼ਹਾਦਤ ਦੇ ਕੇ ਇਸ ਮਨੁੱਖੀ ਸੱਭਿਅਤਾ ਨੂੰ ਸਬਕ ਦਿੱਤਾ ਕਿ ਕੋਈ ਵੀ ਰਾਜ ਉਸ ਸਮੇਂ ਆਪਣੇ ਰਾਜ ਹੋਣ ਦੀ ਵਾਜਬੀਅਤ ਗਵਾ ਬੈਠਦਾ ਹੈ ਜਦੋਂ ਉਹ ਇਨਸਾਫ ਤੋਂ ਇਨਕਾਰੀ ਹੋ ਕੇ ਆਪਣੇ ਵਿਚਾਰ ਨੂੰ ਜ਼ਬਰਨ ਗੈਰ-ਧਾਰਾ ਵਾਲੇ ਲੋਕਾਂ 'ਤੇ ਥੋਪਣਾ ਸ਼ੁਰੂ ਕਰ ਦਿੰਦਾ ਹੈ। ਅਜਿਹੇ ਹਾਲਾਤਾਂ ਵਿੱਚ ਪੀੜਤ ਧਿਰ ਕਿਸੇ ਵੀ ਵਿਚਾਰ ਦੀ ਹੋਵੇ ਉਸ ਦੀ ਹਮਾਇਤ ਵਿੱਚ ਖੜ੍ਹਣਾ ਹੀ ਅਕਾਲ ਦਾ ਇਲਾਹੀ ਹੁਕਮ ਹੈ। 

ਇਸ ਅਕਾਲੀ ਸਬਕ ਨੂੰ ਆਪਣੇ ਹਿਰਦੇ ਵਿੱਚ ਵਸਾਈ ਖਾਲਸਾ ਪੰਥ ਹਰ ਸਾਲ ਨਵੰਬਰ-ਦਸੰਬਰ ਦੇ ਮਹੀਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਾ ਹੈ। ਇਸ ਵਰ੍ਹੇ ਵੀ 2 ਦਸੰਬਰ ਵਾਲੇ ਦਿਨ ਇਹ ਇਤਿਹਾਸਕ ਦਿਹਾੜਾ ਲੰਘ ਕੇ ਗਿਆ ਹੈ। ਇਸ ਦਿਹਾੜੇ ਤੋਂ ਕੁੱਝ ਦਿਨਾਂ ਬਾਅਦ ਹੀ ਅੱਜ 6 ਦਸੰਬਰ ਨੂੰ ਅਯੋਧਿਆ ਸਥਿਤ ਬਾਬਰੀ ਮਸਜਿਦ ਦੇ ਕਤਲ ਦੀ ਵਰ੍ਹੇਗੰਢ ਹੈ। 1992 ਵਿੱਚ ਅੱਜ ਦੇ ਦਿਨ ਦਿੱਲੀ ਤਖਤ 'ਤੇ ਕਾਬਜ ਹਿੰਦੂਤਵੀ ਰਾਜਸੱਤਾ ਦੇ ਹੰਕਾਰ ਨਾਲ ਭਰੀ ਹਿੰਦੂ ਭੀੜ ਨੇ ਹਮਲਾ ਕਰਕੇ ਮੁਸਲਿਮ ਧਰਮ ਦੀ ਇਬਾਦਤਗਾਹ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਸੀ। ਇਹ ਵਰਤਾਰਾ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਹੋ ਜਿਹਾ 1675 ਵਿੱਚ ਸੀ। ਉੱਥੇ ਮੁਗਲ ਰਾਜ ਹਿੰਦੂ ਧਰਮ ਦੇ ਧਾਰਮਿਕ ਅਦਾਰਿਆਂ ਨੂੰ ਢਾਹ ਰਿਹਾ ਸੀ ਤੇ ਹਿੰਦੂ ਜਨਤਾ ਦਾ ਕਤਲੇਆਮ ਕਰ ਰਿਹਾ ਸੀ, ਤੇ ਇਸ ਵਾਰ ਹਿੰਦੂ ਬਹੁਗਿਣਤੀ ਦੀਆਂ ਵੋਟਾਂ ਨਾਲ ਸਥਾਪਤ ਰਾਜ ਮੁਸਲਿਮ ਧਰਮ ਦੇ ਧਾਰਮਿਕ ਅਦਾਰਿਆਂ ਨੂੰ ਢਾਹ ਰਿਹਾ ਸੀ ਤੇ ਮੁਸਲਿਮ ਜਨਤਾ ਦਾ ਕਤਲੇਆਮ ਕਰ ਰਿਹਾ ਸੀ। 

ਇਹਨਾਂ ਇੱਕੋ ਜਿਹੇ ਵਰਤਾਰਿਆਂ ਵਿੱਚ ਸਿੱਖੀ ਦੇ ਦਰ ਦੀ 1675 ਵਾਲੀ ਸਥਿਤੀ ਅਤੇ 1992 ਵਾਲੀ ਸਥਿਤੀ ਦੇ ਵਿਸ਼ਲੇਸ਼ਣ 'ਤੇ ਦੀਰਘ ਵਿਚਾਰ ਕਰਨ ਦੀ ਜ਼ਰੂਰਤ ਹੈ। ਇਸ ਵਿਚਾਰ ਮਗਰੋਂ ਗੁਰੂ ਪਾਤਸ਼ਾਹ ਵੱਲੋਂ ਦਰਸਾਏ ਸਬਕ ਦੇ ਚਾਨਣ ਅਧੀਨ ਖਾਲਸਾ ਪੰਥ ਨੂੰ ਆਪਣਾ ਅੱਜ ਦਾ ਪੱਖ ਸਪੱਸ਼ਟਤਾ ਨਾਲ ਦੁਨੀਆ ਸਾਹਮਣੇ ਰੱਖਣਾ ਚਾਹੀਦਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।