ਪੰਜਾਬ 'ਚ ਲੋਕ ਸਭਾ ਦੀਆਂ 13 ਸੀਟਾਂ ਜਿੱਤਣ ਲਈ ਰਾਜਸੀ ਧਿਰਾਂ ਸਰਗਰਮ

ਪੰਜਾਬ 'ਚ ਲੋਕ ਸਭਾ ਦੀਆਂ 13 ਸੀਟਾਂ ਜਿੱਤਣ ਲਈ ਰਾਜਸੀ ਧਿਰਾਂ ਸਰਗਰਮ

*ਬਾਦਲ ਦਲ ਪੰਜਾਬ ਬਚਾਉ ਯਾਤਰਾ ਵਿਚ ਸਰਗਰਮ,ਕਾਂਗਰਸ ਤੇ ਆਪ ਦਾ ਸਮਝੌਤਾ ਸਿਰੇ ਨਾ ਚੜ੍ਹਿਆ

*ਕਾਂਗਰਸ ਹਾਈਕਮਾਂਡ ਲਈ ਸਿਧੂ ਤੇ ਖਹਿਰਾ ਸਿਰਦਰਦੀ ਬਣੇ

*ਭਾਜਪਾ ਰਾਮ ਮੰਦਰ ਤੇ ਮੋਦੀ ਸਹਾਰੇ

*ਬਹੁਕੋਣੇ ਮੁਕਾਬਲੇ ਹੋਣ ਦੀ ਸੰਭਾਵਨਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਲੰਧਰ- ਪੰਜਾਬ 'ਚ ਲੋਕ ਸਭਾ ਦੀਆਂ 13 ਸੀਟਾਂ ਜਿੱਤਣ ਲਈ ਰਾਜਸੀ ਪਾਰਟੀਆਂ ਨੂੰ ਭਾਰੀ ਮਿਹਨਤ ਕਰਨੀ ਪਵੇਗੀ ।ਭਾਰਤ ਅੰਦਰ ਭਾਵੇਂ ਲੋਕ ਸਭਾ ਚੋਣਾਂ ਦਾ ਅਧਿਕਾਰਤ ਤੌਰ 'ਤੇ ਐਲਾਨ ਹੋਣਾ ਅਜੇ ਬਾਕੀ ਹੈ, ਪਰ ਪੰਜਾਬ ਅੰਦਰ ਸਾਰੀਆਂ ਰਾਜਸੀ ਧਿਰਾਂ ਨੇ ਚੋਣ ਤਿਆਰੀਆਂ ਵਿੱਢ ਦਿੱਤੀਆਂ ਹਨ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪੰਜਾਬ ਦੀ ਸਿਆਸਤ ਵਿੱਚ ਪਾਰਟੀ ਦਾ ਖੁੱਸਿਆ ਆਧਾਰ ਬਹਾਲ ਕਰਨ ਲਈ ਸ਼ੁਰੂ ਕੀਤੀ ਗਈ ‘ਪੰਜਾਬ ਬਚਾਓ ਯਾਤਰਾ’ ਰਾਹੀਂ ਸੰਸਦੀ ਚੋਣਾਂ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ  'ਪੰਜਾਬ ਬਚਾਓ ਯਾਤਰਾ' ਦੀ ਸ਼ੁਰੂਆਤ ਅਕਾਲ ਤਖਤ ਸਾਹਿਬ ਅੰਮ੍ਰਿਤਸਰ  ਤੋਂ ਅਰਦਾਸ ਕਰਕੇ ਕੀਤੀ ਗਈ।   ਪਾਰਟੀ ਵੱਲੋਂ ਇਸ ਯਾਤਰਾ ਰਾਹੀਂ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪਾਰਟੀ ਕੇਡਰਾਂ ਨੂੰ ਸਰਗਰਮ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਵੀ ਆਰੰਭਿਆ ਗਿਆ ਹੈ। ਭਾਜਪਾ ਨਾਲੋਂ ਸਿਆਸੀ ਤੋੜ-ਵਿਛੋੜੇ ਮਗਰੋਂ ਅਕਾਲੀ ਦਲ ਦਾ ਵੋਟ ਬੈਂਕ 18 ਫੀਸਦ ਸੁੰਗੜ ਗਿਆ ਹੈ। ਵਿਧਾਨ ਸਭਾ ਵਿੱਚ ਵੀ ਪਾਰਟੀ ਦੇ ਸਿਰਫ਼ ਤਿੰਨ ਹੀ ਮੈਂਬਰ ਹਨ। ਇਸ ਵੇਲੇ ਅਕਾਲੀ ਦਲ ਦਾ ਬਸਪਾ ਨਾਲ ਸਿਆਸੀ ਗੱਠਜੋੜ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਦਸੰਬਰ ਮਹੀਨੇ ਵਿੱਚ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਤੋਂ ਭੁੱਲਾਂ ਦੀ ਮੁਆਫ਼ੀ ਮੰਗ ਕੇ ਪੰਥਕ ਏਕਤਾ ਦਾ ਹੋਕਾ ਦਿੱਤਾ ਸੀ। ਇਸ ਮਗਰੋਂ ਲਗਾਤਾਰ ਰੁੱਸੇ ਹੋਏ ਜਾਂ ਪਾਰਟੀ ਛੱਡ ਚੁੱਕੇ ਆਗੂਆਂ ਨੂੰ ਵਾਪਸ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੀ ਸ਼ੁਰੂਆਤ ਵਿੱਚ ਦਿੱਲੀ ਦੇ ਅਕਾਲੀ ਆਗੂ ਮਨਜੀਤ ਸਿੰਘ ਜੀਕੇ ਨੇ ਪਾਰਟੀ ’ਚ ਸ਼ਮੂਲੀਅਤ ਕੀਤੀ ਸੀ। ਇਸੇ ਤਰ੍ਹਾਂ ਬੀਬੀ ਜਗੀਰ ਕੌਰ ਤੇ ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ ਵਿਚ ਸ਼ਮੂਲੀਅਤ ਲਈ ਵੀ ਜ਼ੋਰ ਅਜਮਾਇਸ਼ ਕੀਤੀ ਜਾ ਰਹੀ ਹੈ। 

ਯਾਤਰਾ ਨੂੰ  ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸਿਰਫ਼ ਅਕਾਲੀ ਦਲ ਪਾਰਟੀ ਹੈ, ਜਿਸ ਨੇ ਪੰਜਾਬ ਨਾਲ ਖੜ੍ਹਣਾ ਹੈ। ਉਨ੍ਹਾਂ ਕਿਹਾ ਜੋ ਵੀ ਹੁਣ ਤੱਕ ਹੋਇਆ ਹੈ, ਉਸ ਵਿਚ ਅਕਾਲੀ ਦਲ ਪਾਰਟੀ ਤੋਂ ਇਲਾਵਾ ਹੋਰ ਕਿਸੇ ਪਾਰਟੀ ਨੇ ਆਵਾਜ਼ ਨਹੀਂ ਉਠਾਈ। 

ਅਕਾਲੀ ਦਲ ਨੇ ਭਾਵੇਂ ਭਾਨਾ ਸਿਧੂ ਦੀ ਗਿ੍ਫਤਾਰੀ ਕਰਕੇ ਕੋਈ ਸਟੈਂਡ ਨਹੀਂ ਲਿਆ ਪਰ ਸਿਮਰਨਜੀਤ ਸਿੰਘ ਮਾਨ ਦੀ ਨਜ਼ਰਬੰਦੀ ਵਿਰੁਧ ਉਹਨਾਂ ਆਪ ਸਰਕਾਰ ਦੀ ਸਖਤ ਨਿਖੇਧੀ ਕੀਤੀ ਹੈ।ਇਸ ਤੋਂ ਜਾਪਦਾ ਹੈ ਕਿ ਉਹ ਗਰਮ ਪੰਥਕ ਰਾਜਨੀਤੀ ਨਾਲ ਉਲਝਣਾ ਨਹੀਂ ਚਾਹੁੰਦੇ।ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਘਰ ਵਿਚ ਹੀ ਪੰਜਾਬ ਪੁਲਿਸ ਵਲੋਂ ਨਜ਼ਰਬੰਦ ਕੀਤੇ ਜਾਣ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਦੀ ਇਸ ਕਾਰਵਾਈ ਨੂੰ ਲੋਕ ਰਾਜ ਦਾ ਕਤਲ ਕਰਾਰ ਦਿੱਤਾ ।

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸੂਬੇ ਦੇ 2 ਕਰੋੜ 12 ਲੱਖ 31 ਹਜ਼ਾਰ 916 ਵੋਟਰਾਂ ਨੂੰ ਵੱਸ ਵਿਚ ਕਰਨ ਲਈ ਰਾਜਸੀ ਮਾਹਿਰ ਰਣਨੀਤੀ ਘੜਣ ਵਿਚ ਲੱਗੇ ਹੋਏ ਹਨ । ਇਸ ਵਾਰ ਦੀਆਂ ਚੋਣਾਂ 'ਚ ਲੋਕਾਂ ਵਲੋਂ ਖੇਤੀ, ਦਰਿਆਵਾਂ ਦੇ ਪਾਣੀ, ਬੇਰੁਜ਼ਗਾਰੀ ਤੇ ਨਸ਼ੇ ਦੀ ਰੋਕਥਾਮ ਸਬੰਧੀ ਉਮੀਦਵਾਰਾਂ ਨੂੰ ਸਵਾਲ-ਜਵਾਬ ਦੇ ਨਾਲ-ਨਾਲ ਜਵਾਬਦੇਹ ਵੀ ਬਣਾਇਆ ਜਾਵੇਗਾ ।ਇਹ ਵੀ ਕਿ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ 'ਚ 37 'ਤੇ ਹਿੰਦੂ ,78 'ਤੇ ਸਿੱਖ ਅਤੇ 2 ਸੀਟਾਂ 'ਤੇ ਮੁਸਲਮਾਨ ਵੋਟਰਾਂ ਦੀ ਗਿਣਤੀ ਉਮੀਦਵਾਰਾਂ ਦੀ ਜਿੱਤ ਹਾਰ ਲਈ ਫੈਸਲਾਕੁੰਨ ਸਾਬਿਤ ਹੋਵੇਗੀ । ਜਾਣਕਾਰੀ ਅਨੁਸਾਰ ਅੰਮਿ੍ਤਸਰ ਦੀਆਂ 11 ਸੀਟਾਂ 'ਵਿਚੋਂ 4 'ਤੇ ਹਿੰਦੂ ਤੇ 7 ਸੀਟਾਂ 'ਤੇ ਸਿੱਖ ਵੋਟਰਾਂ ਦੀ ਗਿਣਤੀ ਵਧੇਰੇ ਹੈ। ਪਠਾਨਕੋਟ ਵਿਚ ਤਿੰਨਾਂ ਸੀਟਾਂ 'ਤੇ ਹਿੰਦੂ ਵੋਟਰਾਂ ਦਾ ਦਬਦਬਾ ਦੱਸਿਆ ਜਾ ਰਿਹਾ ਹੈ ।ਹੁਸ਼ਿਆਰਪੁਰ ਵਿਚ 7 ਸੀਟਾਂ 'ਵਿਚੋਂ 3 ਸੀਟਾਂ 'ਤੇ ਹਿੰਦੂ , 4 ਸੀਟਾਂ 'ਤੇ ਸਿੱਖ, ਤਰਨਤਾਰਨ ਦੀਆਂ 4 ਸੀਟਾਂ 'ਤੇ ਸਿੱਖ ਵੋਟਰਾਂ ਦਾ ਦਬਦਬਾ ਹੈ । ਜਲੰਧਰ ਦੀਆਂ 9 ਸੀਟਾਂ 'ਚੋਂ 3 'ਤੇ ਹਿੰਦੂ ਅਤੇ 6 'ਤੇ ਸਿੱਖ ਵੋਟਰ, ਲੁਧਿਆਣਾ ਦੀਆਂ 14 ਸੀਟਾਂ ਵਿਚੋਂ 4 'ਤੇ ਹਿੰਦੂ ਅਤੇ 10 'ਤੇ ਸਿੱਖ ਅਤੇ ਬਠਿੰਡਾ ਦੀਆਂ 6 ਸੀਟਾਂ 'ਵਿਚੋਂ ਇਕ 'ਤੇ ਹਿੰਦੂ ਅਤੇ 5 'ਤੇ ਸਿੱਖ ਵੋਟਰਾਂ ਦੀ ਗਿਣਤੀ ਵਧੇਰੇ ਦੱਸੀ ਜਾ ਰਹੀ ਹੈ । ਇਸੇ ਤਰ੍ਹਾਂ ਫ਼ਾਜ਼ਿਲਕਾ ਦੀਆਂ 4 ਸੀਟਾਂ 'ਚੋਂ 3 'ਤੇ ਹਿੰਦੂ, ਇਕ 'ਤੇ ਸਿੱਖ ਅਤੇ ਫ਼ਰੀਦਕੋਟ ਦੀਆਂ ਤਿੰਨਾਂ ਸੀਟਾਂ 'ਤੇ ਸਿੱਖ ਵੋਟਰਾਂ ਦਾ ਦਬਦਬਾ ਮੰਨਿਆ ਜਾ ਰਿਹਾ ਹੈ ।ਗੁਰਦਾਸਪੁਰ ਦੀਆਂ 7 ਸੀਟਾਂ ਵਿਚੋਂ 2 'ਤੇ ਹਿੰਦੂ, 5 'ਤੇ ਸਿੱਖ, ਸੰਗਰੂਰ ਦੀਆਂ 5 ਸੀਟਾਂ ਵਿਚੋਂ ਇੱਕ 'ਤੇ ਹਿੰਦੂ, 4 'ਤੇ ਸਿੱਖ ਅਤੇ ਬਰਨਾਲਾ ਦੀਆਂ 3 ਸੀਟਾਂ ਵਿਚੋਂ ਇੱਕ 'ਤੇ ਹਿੰਦੂ ਅਤੇ 2 'ਤੇ ਸਿੱਖ, ਮੋਗਾ ਦੀਆਂ 4 ਸੀਟਾਂ ਵਿਚੋਂ ਇਕ 'ਤੇ ਹਿੰਦੂ, 3 'ਤੇ ਸਿੱਖ, ਫ਼ਤਹਿਗੜ੍ਹ ਦੀਆਂ 3 ਸੀਟਾਂ ਵਿਚ ਇਕ 'ਤੇ ਹਿੰਦੂ, 2 'ਤੇ ਸਿੱਖ, ਕਪੂਰਥਲਾ ਦੀਆਂ 4 ਸੀਟਾਂ 'ਚੋਂ 2 'ਤੇ ਹਿੰਦੂ ਅਤੇ 2 'ਤੇ ਸਿੱਖ ਵੋਟਰਾਂ ਦੀ ਗਿਣਤੀ ਵਧੇਰੇ ਹੈ । ਇਸੇ ਤਰ੍ਹਾਂ ਨਵਾਂਸ਼ਹਿਰ ਦੀਆਂ 3 ਸੀਟਾਂ ਵਿਚੋਂ 2 'ਤੇ ਹਿੰਦੂ, 1 'ਤੇ ਸਿੱਖ, ਰੋਪੜ ਦੀਆਂ 3 ਸੀਟਾਂ 'ਚੋਂ ਇਕ 'ਤੇ ਹਿੰਦੂ, 2 'ਤੇ ਸਿੱਖ ਅਤੇ ਮੁਕਤਸਰ ਦੀਆਂ ਚਾਰਾਂ ਸੀਟਾਂ 'ਤੇ ਸਿੱਖ ਵੋਟਰਾਂ ਦਾ ਦਬਦਬਾ ਮੰਨਿਆ ਜਾ ਰਿਹਾ ਹੈ ।ਪਟਿਆਲਾ ਦੀਆਂ 8 ਸੀਟਾਂ ਵਿਚੋਂ 3 'ਤੇ ਹਿੰਦੂ ਅਤੇ 5 'ਤੇ ਸਿੱਖ, ਮਾਨਸਾ ਦੀਆਂ 3 ਸੀਟਾਂ ਵਿਚੋਂ ਇੱਕ 'ਤੇ ਹਿੰਦੂ ਅਤੇ 2 'ਤੇ ਸਿੱਖ ਅਤੇ ਮੋਹਾਲੀ ਦੀਆਂ ਤਿੰਨਾਂ ਸੀਟਾਂ 'ਤੇ ਸਿੱਖ ਵੋਟਰਾਂ ਦਾ ਵਧੇਰੇ ਪ੍ਰਭਾਵ ਹੈ । ਇਸੇ ਤਰ੍ਹਾਂ ਮਲੇਰਕੋਟਲਾ ਦੀਆਂ ਦੋਵਾਂ ਸੀਟਾਂ 'ਤੇ ਮੁਸਲਮਾਨ ਵੋਟਰਾਂ ਦੀ ਗਿਣਤੀ ਵਧੇਰੇ ਦੱਸੀ ਜਾ ਰਹੀ ਹੈ ।ਚੋਣਾਂ ਦਾ ਭਾਵੇਂ ਮਹਿਜ਼ ਐਲਾਨ ਹੋਣਾ ਬਾਕੀ ਹੈ ਪਰ ਲੋਕ ਮੁੱਦੇ ਅਜੇ ਤੱਕ ਗ਼ਾਇਬ ਹਨ । ਖੱਬੀਆਂ ਪਾਰਟੀਆਂ ਬਸਪਾ ਤੇ ਕਈ ਹੋਰ ਰਾਜਸੀ ਧਿਰਾਂ ਪਹਿਲਾਂ ਹੀ ਰਾਜਨੀਤਕ ਹਾਸ਼ੀਏ 'ਤੇ ਚਲੀਆਂ ਗਈਆਂ ਹਨ । ਪੰਜਾਬ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਆਪਸੀ ਗੱਠਜੋੜ ਦੀ ਸੰਭਾਵਨਾ ਡਾਵਾਂਡੋਲ ਹੈ।

 ਪੰਜਾਬ ਕਾਂਗਰਸ ਦੇ ਆਗੂ ਗੱਠਜੋੜ ਲਈ ਰਾਜ਼ੀ ਨਹੀਂ ਹੋ ਰਹੇ। ਉਨ੍ਹਾਂ ਨੂੰ ਕਾਂਗਰਸ ਦਾ ਵੋਟ ਬੈਂਕ ਅਤੇ ਆਧਾਰ ਖੁੱਸਣ ਦਾ ਡਰ ਹੈ। ਇਸ ਨਾਲ ਕਈ ਕਾਂਗਰਸੀ ਨੇਤਾਵਾਂ ਨੂੰ ਆਪਣੀ ਹੋਂਦ ਵੀ ਖ਼ਤਰੇ ਵਿਚ ਪਈ ਨਜ਼ਰ ਆ ਰਹੀ ਹੈ। ਉਨ੍ਹਾਂ ਅਨੁਸਾਰ ਇਸ ਸਮਝੌਤੇ ਨਾਲ ਉਨ੍ਹਾਂ ਦੇ ਕਾਡਰ ਨੂੰ ਵੀ ਢਾਅ ਲੱਗੇਗੀ। ਇਹ ਵੀ ਦੇਖਣਾ ਹੋਵੇਗਾ ਕਿ ਇਸ ਤੋਂ ਪਹਿਲਾਂ ਦੋਹਾਂ ਪਾਰਟੀਆਂ ਅੰਦਰ ਆਪਸੀ ਕੁੜੱਤਣ ਕਿਵੇਂ ਦੂਰ ਹੋਵੇਗੀ? ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਨ੍ਹਾਂ ਕਾਂਗਰਸੀ ਆਗੂਆਂ ਖ਼ਿਲਾਫ਼ ਵੱਖ ਵੱਖ ਦੋਸ਼ਾਂ ਅਧੀਨ ਮਾਮਲੇ ਦਰਜ ਕੀਤੇ ਹਨ ਉਹ ਨੇਤਾ ਇਸ ਗੱਠਜੋੜ ਨੂੰ ਕਿਵੇਂ ਲੈਣਗੇ? ਆਮ ਆਦਮੀ ਪਾਰਟੀ ਹੁਣ ਤੱਕ ਕਾਂਗਰਸ ਨੂੰ ਭ੍ਰਿਸ਼ਟ ਦੱਸਦੀ ਆ ਰਹੀ ਹੈ। ਗੱਠਜੋੜ ਤੋਂ ਬਾਅਦ ਉਹ ਇਸ ਦੀ ਕਿਵੇਂ ਤਾਰੀਫ਼ ਕਰੇਗੀ ਅਤੇ ਭਵਿੱਖ ਵਿਚ ਪੰਜਾਬ ਸਰਕਾਰ ਇਨ੍ਹਾਂ ਕੇਸਾਂ ਨਾਲ ਕਿਵੇਂ ਨਜਿੱਠੇਗੀ? ਦੂਸਰਾ ਆਪ ਨੂੰ ਇਹ ਗੱਠਜੋੜ ਸ਼ਾਇਦ ਇਸ ਲਈ ਵੀ ਕਰਨਾ ਪੈ ਰਿਹਾ ਹੈ ਕਿਉਂਕਿ ਉਸ ਨੂੰ ਖ਼ਦਸ਼ਾ ਹੈ ਕਿ ਪੰਜਾਬ ਦੇ ਲੋਕ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਜ਼ਿਆਦਾ ਖ਼ੁਸ਼ ਨਹੀਂ ਹਨ ਅਤੇ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਰਗੇ ਹੁੰਗਾਰੇ ਦੀ ਘੱਟ ਹੀ ਉਮੀਦ ਹੈ। ਕੁਝ ਦਿਨ ਪਹਿਲਾਂ ਤੱਕ ਹਰ ਮਸਲੇ 'ਤੇ ਆਹਮੋ ਸਾਹਮਣੇ ਖੜ੍ਹੀਆਂ ਦੋਵੇਂ ਪਾਰਟੀਆਂ ਹੁਣ ਕਿਵੇਂ ਇਕੱਠੀਆਂ ਹੋਣਗੀਆਂ? ਇਸ ਸਮੇਂ ਪੰਜਾਬ ਅੰਦਰ ਕਾਂਗਰਸ ਦੇ ਸੱਤ ਅਤੇ ਆਮ ਆਦਮੀ ਪਾਰਟੀ ਦਾ ਇਕ ਲੋਕ ਸਭਾ ਮੈਂਬਰ ਹੈ। ਗੱਠਜੋੜ ਤੋਂ ਬਾਅਦ ਸੀਟਾਂ ਦੀ ਵੰਡ ਕਿਸ ਤਰੀਕੇ ਨਾਲ ਹੁੰਦੀ ਹੈ, ਇਸ ਬਾਰੇ ਵੀ ਭਾਰੀ ਰੇੜਕਾ ਬਣਿਆ ਹੋਇਆ ਹੈ।   ਪਿਛਲੇ ਦਿਨੀਂ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦਵਿੰਦਰ ਯਾਦਵ ਨੇ ਵੀ ਇਸ ਸਬੰਧ ਵਿਚ ਪੰਜਾਬ ਦਾ ਤਿੰਨ ਦਿਨਾ ਦੌਰਾ ਕਰ ਕੇ ਸੂਬਾਈ ਨੇਤਾਵਾਂ ਨਾਲ ਇਸ ਮਾਮਲੇ ਵਿਚ ਗੱਲ ਕੀਤੀ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਬਹੁਤੇ ਨੇਤਾ ਇਸ ਗੱਠਜੋੜ ਦੇ ਹੱਕ ਵਿਚ ਨਹੀਂ ਹਨ। ਜਦੋਂ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਰਾਜ ਵਿਚ ਪਿਛਲੇ ਦਿਨੀਂ ਕੀਤੀਆਂ ਸਿਆਸੀ ਰੈਲੀਆਂ ਵਿਚ ਗੱਠਜੋੜ ਲਈ ਹਾਮੀ ਭਰ ਚੁੱਕੇ ਹਨ, ਪ੍ਰੰਤੂ ਪੰਜਾਬ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਾਰਟੀ ਹਾਈਕਮਾਨ ਉਪਰੋਂ ਜੋ ਫ਼ੈਸਲਾ ਲਵੇਗੀ ਉਹ ਉਸ ਨੂੰ ਮੰਨਣ ਦੇ ਉਹ ਪਾਬੰਦ ਹੋਣਗੇ।

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਗੱਠਜੋੜ ਦਾ ਤਿੱਖਾ ਵਿਰੋਧ ਕੀਤਾ ਹਸੀ। ਦੂਜੇ ਪਾਸੇ ਗੱਠਜੋੜ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿਚ ਵੀ ਘੁਸਰ ਮੁਸਰ ਸ਼ੁਰੂ ਹੋ ਗਈ ਹੈ ਕਿ ਜਿਸ ਪਾਰਟੀ ਦੀ ਆਲੋਚਨਾ ਕਰ ਕੇ ਉਹ ਸੱਤਾ ਵਿਚ ਆਏ ਹਨ। ਉਸੇ ਪਾਰਟੀ ਨਾਲ ਗੱਠਜੋੜ ਦੀਆਂ ਉਹ ਹੁਣ ਤਿਆਰੀਆਂ ਕਰ ਰਹੇ ਹਨ। ਉਹ ਆਗ਼ਾਮੀ ਚੋਣਾਂ ਵਿਚ ਕਿਹੜੇ ਮੂੰਹ ਨਾਲ ਵੋਟਰਾਂ ਕੋਲ ਜਾਣਗੇ। ਲਗਾਤਾਰ ਪਿਛਲੀ ਕਾਂਗਰਸ ਸਰਕਾਰ ਸਮੇਂ ਹੋਏ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾ ਕੇ ਕਾਂਗਰਸ ਦੇ ਸਾਬਕ ਦਰਜਨ ਤੋਂ ਵੱਧ ਮੰਤਰੀਆਂ 'ਤੇ ਵਿਜੀਲੈਂਸ ਰਾਹੀਂ ਕਾਰਵਾਈ ਕਰਵਾਉਂਦੀ ਆ ਰਹੀ ਹੈ। ਦੂਜੇ ਪਾਸੇ ਕਾਂਗਰਸ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ, ਫ਼ੌਜਾ ਸਿੰਘ ਸਰਾਰੀ ਅਤੇ ਲਾਲ ਚੰਦ ਕਟਾਰੂਚੱਕ ਵਰਗੇ ਮੰਤਰੀਆਂ ਦੇ ਨਾਂਅ ਲੈ ਕੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਉਨ੍ਹਾਂ ਦੀ ਅਤੇ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦੀ ਰਹੀ ਹੈ। ਇਹੀ ਨਹੀਂ ਪਾਰਟੀ ਰਾਜ ਵਿਚ ਅਮਨ ਕਾਨੂੰਨ ਦੀ ਵਿਗੜੀ ਹਾਲਤ, ਨਸ਼ਿਆਂ ਦੇ ਕਾਰੋਬਾਰ ਅਤੇ ਰੇਤਾ, ਬੱਜਰੀ ਦੀ ਕਾਲਾਬਾਜ਼ਾਰੀ ਵਰਗੇ ਮੁੱਦਿਆਂ 'ਤੇ ਵੀ ਸਰਕਾਰ ਦੀ ਗੰਭੀਰ ਆਲੋਚਕ ਰਹੀ ਹੈ। ਇਸ ਗੱਠਜੋੜ ਤੋਂ ਬਾਅਦ ਚੋਣਾਂ ਵਿਚ ਉਹ ਆਪਣਾ ਇਹ ਵਿਰੋਧ ਕਿਵੇਂ ਛੁਪਾਏਗੀ? ਫਿਰ ਵੀ ਇਹ ਗੱਠਜੋੜ ਹੁੰਦਾ ਹੈ ਜਾਂ ਨਹੀਂ ਆਉਣ ਵਾਲੇ ਦਿਨਾਂ ਵਿਚ ਹੀ ਪਤਾ ਲੱਗੇਗਾ। 

 

ਓਧਰ ਭਾਜਪਾ ਵਾਲੇ ਕਹਿੰਦੇ ਕਮਲ ਦਾ ਫੁੱਲ ਪੰਜਾਬ ਦੇ ਨਾਲ ਨਾਲ ਪੂਰੇ ਦੇਸ਼ ਵਿਚ ਖਿੜ੍ਹੇਗਾ ,ਕਿਉਂਕਿ ਰਾਮ ਮੰਦਰ ਤੇ ਮੋਦੀ ਜੀ ਦੀ ਲਹਿਰ ਹੈ ।ਦੂਜੇ ਪਾਸੇ ਕਾਂਗਰਸ ਨਵਜੋਤ ਸਿਧੂ ਨਾਲ ਉਲਝੀ ਹੋਈ ਹੈ।ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦਾ ਪੰਜਾਬ ਤੇ ਸਿਖ ਏਜੰਡਾ ਕਾਂਗਰਸ ਲਈ ਸਿਰਦਰਦੀ ਬਣਿਆ ਹੋਇਆ ਹੈ।ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਸਿਖ ਤੇ ਪੰਜਾਬ ਏਜੰਡਾ ਨਹੀਂ ਅਪਨਾਏਗੀ ਤਾਂ ਉਹ ਪੰਜਾਬ ਵਿਚ ਰਾਜਨੀਤਕ ਤਾਕਤ ਨਹੀਂ ਫੜ ਸਕੇਗੀ।

ਭਾਨਾ ਸਿਧੂ ਦੀ ਗਿ੍ਫਤਾਰੀ ਬਾਅਦ ਸੁਖਪਾਲ ਸਿੰਘ ਖਹਿਰਾ ਖਾਲਿਸਤਾਨੀ ਆਗੂ ਸਿਮਰਨਜੀਤ ਸਿੰਘ ਮਾਨ ਨਾਲ ਇਕਸੁਰ ਦਿਖਾਈ ਦੇ ਰਹੇ ਹਨ।ਭਾਨਾ ਸਿਧੂ ਦੇ ਹਕ ਵਿਚ ਸਟੈਂਡ ਲੈਣ ਕਾਰਣ ਸਿਮਰਨਜੀਤ ਸਿੰਘ ਮਾਨ ਦੀ ਨਜ਼ਰਬੰਦੀ ਬਾਰੇ ਖਹਿਰਾ ਨੇ ਸਖਤ ਸਟੈਂਡ ਲਿਆ ਹੈ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਜਮਹੂਰੀਅਤ ਤੇ ਸੰਵਿਧਾਨ ਵਿਚ ਦਰਜ ਸਾਡੇ ਮੌਲਿਕ ਅਧਿਕਾਰਾਂ ਦਾ ਕਤਲ ਹੈ ।ਕੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਪੰਜਾਬ ਸਰਕਾਰ ਦੇ ਗ਼ਲਤ ਫ਼ੈਸਲਿਆਂ ਦਾ ਵਿਰੋਧ ਕਰਨ ਦੀ ਵੀ ਇਜਾਜ਼ਤ ਨਹੀਂ ਹੈ ।ਪੰਜਾਬ ਸਰਕਾਰ ਸਹਿਣਸ਼ੀਲਤਾ ਗੁਆ ਚੁੱਕੀ ਹੈ, ਜਿਹੜੀ ਕਿ ਪੰਜਾਬ ਦੇ ਹੱਕਾਂ ਲਈ ਬੋਲਣ ਵਾਲੇ ਨੌਜਵਾਨਾਂ ਖ਼ਿਲਾਫ਼ ਝੂਠੇ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਬੰਦ ਕਰ ਰਹੀ ਹੈ । 

ਦੂਜੇ ਪਾਸੇ ਜਾਗਰੂਕ ਵੋਟਰਾਂ ਦਾ ਕਹਿਣਾ ਹੈ ਕਿ ਰਾਜਨੀਤਕ ਪਾਰਟੀਆਂ ਵਲੋਂ ਉਕਤ ਮੁੱਦਿਆਂ ਸਬੰਧੀ ਕੋਈ ਏਜੰਡਾ ਰੱਖਿਆ ਸੀ ਜਾਂ ਨਹੀਂ ਇਹ ਤਾਂ ਸੂਬੇ ਦੀ ਅੱਧੀ ਆਬਾਦੀ ਨੇ ਸੋਚਣਾ ਹੀ ਨਹੀਂ ਕਿਉਂ ਜੋਂ ਇਹ ਲੋਕ ਆਟਾ ਦਾਲ ,ਮੁਫਤ ਬਿਜਲੀ ਸਮੇਤ ਮੁਫ਼ਤ ਸਕੀਮਾਂ ਦੀ ਨਮਕ ਹਲਾਲੀ ਚੁਕਾਉਣ ਲਈ ਪਾਬੰਦ ਹੋ ਜਾਂਦੇ ਹਨ ।ਜਦ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਨੂੰ ਇਹ ਮਿਲਦੀਆਂ ਸਹੂਲਤਾਂ ਦਾ ਕਰਜ਼ਾ ਉਨ੍ਹਾਂ ਦੇ ਹੀ ਸਿਰ ਚੜ੍ਹ ਰਿਹਾ ਹੈ ਤੇ ਹਰ ਜੰਮਦੇ ਜਵਾਕ ਸਿਰ ਕਰਜ਼ੇ ਦੀ ਰਕਮ 1 ਲੱਖ ਰੁਪਏ ਤੋਂ ਟੱਪ ਗਈ ਹੈ । ਕੁਲ ਮਿਲਾਕੇ ਪੰਜਾਬ ਅੰਦਰ ਲੋਕ ਸਭਾ ਚੋਣਾਂ ਆਮ ਆਦਮੀ ਪਾਰਟੀ, ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਲਈ ਵਕਾਰ ਦਾ ਸਵਾਲ ਬਣੀਆਂ ਹੋਈਆਂ ਹਨ ਅਤੇ ਪੰਜਾਬ ਦੀਆਂ ਬਹੁਤੀਆਂ ਸੀਟਾਂ 'ਤੇ ਬਹੁਕੋਨੇ ਅਤੇ ਫਸਵੇਂ ਮੁਕਾਬਲੇ ਹੋਣ ਦੀਆਂ ਕਿਆਸ-ਅਰਾਈਆਂ ਹਨ ।