ਖਤਮ ਹੋ ਰਹੇ ਮਨੁੱਖੀ ਰਿਸ਼ਤੇ 

ਖਤਮ ਹੋ ਰਹੇ ਮਨੁੱਖੀ ਰਿਸ਼ਤੇ 

ਸਾਡਾ ਸਮਾਜ

ਦੁਨੀਆਂ ਵਿੱਚ ਅਰਬਾਂ ਦੀ ਗਿਣਤੀ ਵਿੱਚ ਪ੍ਰਾਣੀ ਧਰਤੀ, ਜਲ ਅਤੇ ਹਵਾ ਵਿੱਚ ਵਿਚਰ ਰਹੇ ਹਨ।  ਇਹ ਆਪਣੇ ਖਾਣਪੀਣ, ਰਹਿਣ ਸਹਿਣ ਦਾ ਇੰਤਜ਼ਾਮ ਵੀ ਕਰਦੇ ਹਨ। ਪਰ ਇਨ੍ਹਾਂ ਵਿੱਚ ਸਮਝ, ਸੋਚ ਸ਼ਕਤੀ, ਭਾਵੁਕਤਾ, ਆਪਸੀ ਰਿਸ਼ਤਿਆਂ ਦੀ ਸਮਝ ਬਹੁਤ ਘੱਟ ਹੈ। ਪਰ ਇਸ ਧਰਤੀ ’ਤੇ ਮਨੁੱਖ ਹੀ ਹੈ ਜਿਸ ਵਿੱਚ ਸਮਝ, ਸੋਚ, ਨਵੀਆਂ ਨਵੀਆਂ ਕਾਢਾਂ ਅਤੇ ਖੋਜਾਂ ਕਰਨ ਦੀ ਸ਼ਕਤੀ ਹੈ। ਮਨੁੱਖ ਹੀ ਹੈ ਜੋ ਬੋਲ ਸਕਦਾ ਹੈ, ਗੱਲਬਾਤ ਕਰ ਸਕਦਾ ਹੈ, ਜੋ ਆਪਣੀਆਂ ਭਾਵਨਾਵਾਂ, ਜਜ਼ਬਾਤ ਅਤੇ ਸੰਵੇਦਨਾਵਾਂ ਪ੍ਰਗਟ ਕਰ ਸਕਦਾ ਹੈ। ਮਨੁੱਖ ਹੀ ਹੈ ਜੋ ਰਿਸ਼ਤਿਆਂ ਦੀ ਕਦਰ ਕਰਨਾ ਜਾਣਦਾ ਹੈ ਅਤੇ ਰਿਸ਼ਤਿਆਂ ਨੂੰ ਲੀਰੋ ਲੀਰ ਵੀ ਮਨੁੱਖ ਹੀ ਕਰਦਾ ਹੈ। ਇਹ ਵਰਤਾਰਾ ਕਿਉਂ ਹੋ ਰਿਹਾ ਹੈ। ਕੀ ਅਸੀਂ ਇੰਨੇ ਲਾਲਚੀ, ਸਵਾਰਥੀ ਅਤੇ ਨਿਰਮੋਹੇ ਹੋ ਗਏ ਹਾਂ ਕਿ ਅਸੀਂ ਆਪਸੀ ਰਿਸ਼ਤਿਆਂ, ਖਾਸ ਕਰਕੇ ਖੂਨ ਦੇ ਰਿਸ਼ਤਿਆਂ ਨੂੰ ਵੀ ਭੁੱਲ ਚੁੱਕੇ ਹਾਂ।ਹਰ ਰੋਜ਼ ਅਖਬਾਰਾਂ ਵਿੱਚ ਕਿੰਨੀਆਂ ਹੀ ਅਜਿਹੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਪੁੱਤ ਨੇ ਮਾਂ ਜਾਂ ਪਿਉ, ਭਾਈ ਨੇ ਭਾਈ, ਪਿਉ ਨੇ ਪੁੱਤ ਜਾਂ ਧੀ, ਜੀਜੇ ਨੇ ਸਾਲੇ ਦਾ ਅਤੇ ਸਾਲੇ ਨੇ ਜੀਜੇ ਦਾ ਦਾ ਕਤਲ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਦੇ ਅਖਬਾਰ ਵਿੱਚ ਖਬਰ ਸੀ ਕਿ ਪਾਤੜਾਂ ਕੋਲ ਜ਼ਮੀਨ ਦੇ ਝਗੜੇ ਕਾਰਨ ਸਕੇ ਭਤੀਜੇ ਨੇ ਆਪਣੇ ਸਕੇ ਚਾਚੇ ਅਤੇ ਚਾਚੇ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕੀ ਸਾਡੀ ਸਹਿਣਸ਼ੀਲਤਾ ਅਤੇ ਸੋਚ ਸ਼ਕਤੀ ਖੰਭ ਲਾ ਕੇ ਕਿਤੇ ਉਡ ਪੁੱਡ ਗਈ ਹੈ ਕਿ ਅਸੀਂ ਲਾਲਚ ਅਤੇ ਗੁੱਸੇ ਵਿੱਚ ਇਹ ਵੀ ਨਹੀਂ ਸੋਚਦੇ ਕਿ ਜਿਸ ਖੂਨ ਨੂੰ ਅਸੀਂ ਵਹਾ ਰਹੇ ਹਾਂ ਉਹ ਖੂਨ ਸਾਡਾ ਹੀ ਹੈ। ਲੜਾਈ ਤੋਂ ਬਾਅਦ ਥਾਣੇ, ਕਚਹਿਰੀਆਂ ਦੇ ਗੇੜੇ, ਵਕੀਲਾਂ ਦੀਆਂ ਫੀਸਾਂ ਦਾ ਖਰਚਾਂ ਕਾਤਲ ਦਾ ਝੱਗਾ ਚੌੜ ਕਰ ਦਿੰਦਾ ਹੈ। ਜੇਕਰ ਸਜ਼ਾ ਹੋ ਜਾਵੇ ਤਾਂ ਸਮਝੋ ਪਰਿਵਾਰ ਦੀ ਬਰਬਾਦੀ।ਇੱਕ ਹੋਰ ਖਬਰ ਪੜ੍ਹੀ ਕਿ ਘੱਗੇ ਦੇ ਨੇੜੇ ਦੋਧਨਾ ਪਿੰਡ ਵਿੱਚ ਪੈਸੇ ਦੇ ਝਗੜੇ ਕਾਰਨ ਪਿਉ ਨੇ ਪੁੱਤ ਦਾ ਕਤਲ ਕਰ ਦਿੱਤਾ। ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਕੋਲ ਸੁਰੰਗੜਾ ਪਿੰਡ ਵਿੱਚ ਨਸ਼ੇ ਲਈ ਪੈਸੇ ਨਾ ਮਿਲਣ ਤੇ ਪੁੱਤਰ ਨੇ ਤੇਜ਼ਧਾਰ ਹਥਿਆਰ ਨਾਲ ਪਿਉ ਦਾ ਕਤਲ ਕਰ ਦਿੱਤਾ। ਮਾਨਸਾ ਜ਼ਿਲ੍ਹੇ ਵਿੱਚ ਇੱਕ ਚਚੇਰੇ ਭਰਾ ਨੇ ਆਪਣੇ ਤਾਏ ਦੇ ਮੁੰਡੇ ਦਾ ਜ਼ਮੀਨ ਦੇ ਝਗੜੇ ਵਿੱਚ ਕਤਲ ਕਰ ਦਿੱਤਾ। ਥੋੜ੍ਹੇ ਦਿਨ ਪਹਿਲਾਂ ਇੱਕ ਮਾਂ ਨੇ ਆਪਣੇ ਕਥਿਤ ਪ੍ਰੇਮੀਆਂ ਨਾਲ ਮਿਲ ਕੇ ਆਪਣੇ ਸਕੇ ਪੁੱਤ ਦਾ ਕਤਲ ਕਰਕੇ ਲਾਸ਼ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ। ਪਰ ਆਖਰ ਉਹ ਫੜੀ ਗਈ। ਪੁੱਤ ਜੋ ਮਾਂ ਲਈ ਜਿਗਰ ਦਾ ਟੁਕੜਾ ਹੁੰਦਾ ਹੈ, ਜਿਸਦੇ ਮਾੜੀ ਜਿਹੀ ਝਰੀਟ ਆ ਜਾਵੇ ਤੇ ਮਾਂ ਦਾ ਕਲੇਜਾ ਫਟ ਜਾਂਦਾ ਹੈ। ਕਿਉਂ ਉਸ ਮਾਂ ਨੇ ਬੇਗਾਨਿਆਂ ਦੀ ਖਾਤਰ ਸਕਾ ਪੁੱਤ ਮਾਰ ਦਿੱਤਾ।

ਪੈਸੇ ਦੇ ਲਾਲਚ ਦੀ ਇੱਕ ਹੋਰ ਖਬਰ ਮੁਤਾਬਕ ਮਾਛੀਵਾੜੇ ਦੇ ਕੋਲ ਇੱਕ ਪਿੰਡ ਦਾ ਫੌਜੀ ਸੇਵਾ ਮੁਕਤ ਹੋ ਕੇ ਘਰ ਆਇਆ। ਸੇਵਾ ਮੁਕਤੀ ਤੋਂ ਬਾਅਦ ਮਿਲਣ ਵਾਲੇ ਬਕਾਏ ਦੇ ਪੈਸੇ ਜੋ ਲੱਖਾਂ ਵਿੱਚ ਸਨ, ਉਸ ਦੀ ਇੱਛਾ ਸੀ ਕਿ ਇਸ ਵਿੱਚੋਂ ਕੁਝ ਰਕਮ ਆਪਣੇ ਅਲੱਗ ਰਹਿ ਰਹੇ ਪੁੱਤਰ ਨੂੰ ਵੀ ਦੇ ਦੇਵੇ। ਘਰ ਵਿੱਚ ਅਜਿਹਾ ਕਲੇਸ਼ ਛਿੜਿਆ ਕਿ ਉਸ ਦੀ ਪਤਨੀ, ਵੱਡੇ ਮੁੰਡੇ ਦੀ ਘਰਵਾਲੀ ਅਤੇ ਰਿਸ਼ਤੇਦਾਰਾਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ। ਕੁੱਟ ਮਾਰ ਜ਼ਿਆਦਾ ਹੋਣ ਕਾਰਨ ਮਰ ਗਿਆ। ਵਿਚਾਰਾ ਫੌਜੀ ਕਿੰਨੇ ਸਾਲ ਘਰੋਂ ਬਾਹਰ ਰਿਹਾ ਹੋਵੇਗਾ। ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਪਹਾੜਾਂ, ਜੰਗਲਾਂ, ਰੋਹੀਆਂ ਬੀਅਬਾਨਾਂ, ਮਾਰੂਥਲਾਂ ਅਤੇ ਸਰਹੱਦਾਂ ’ਤੇ ਡਿਉੂਟੀ ਦਿੰਦਾ ਰਿਹਾ। ਸੇਵਾ ਮੁਕਤੀ ਸਮੇਂ ਕਿੰਨਾ ਦਿਲ ਵਿੱਚ ਚਾਅ ਹੋਵੇਗਾ ਕਿ ਮੈਂ ਆਪਣੇ ਇੰਨੇ ਸਾਲਾਂ ਦੇ ਵਿਛੋੜੇ ਬਾਅਦ ਪਰਿਵਾਰ ਵਿੱਚ ਰਹਾਂਗਾ। ਪਰ ਲਾਲਚੀ ਟੱਬਰ ਨੇ ਲਾਲਚ ਵਿੱਚ ਮਨੁੱਖੀ ਰਿਸ਼ਤਿਆਂ ਦਾ ਘਾਣ ਕਰ ਦਿੱਤਾ।ਅਖਬਾਰਾਂ ਅਤੇ ਟੀ.ਵੀ. ’ਤੇ ਖਬਰਾਂ ਵਿੱਚ ਕਿਤੇ ਜ਼ਮੀਨ ਪਿੱਛੇ, ਕਿਤੇ ਪੈਸਿਆਂ ਪਿੱਛੇ ਪੁੱਤ ਨੇ ਮਾਂ ਦਾ ਕਤਲ ਕਰ ਦਿੱਤਾ ਜਾਂ ਪਿਉ ਵੱਢ ਦਿੱਤਾ। ਥੋੜ੍ਹੇ ਜਿਹੇ ਦਿਨ ਪਹਿਲਾਂ ਖਬਰ ਆਈ ਕਿ ਇੱਕ ਪੁੱਤ ਨੇ ਆਪਣੀ ਮਾਂ ਦਾ ਕਰੰਟ ਲਾ ਕੇ ਕਤਲ ਕਰ ਦਿੱਤਾ। ਮਾਂ ਬਾਪ ਜੋ ਆਪਣੀ ਔਲਾਦ ਦੀ ਖਾਤਰ ਸਾਰੀ ਉਮਰ ਮਿੱਟੀ ਵਿੱਚ ਮਿੱਟੀ ਹੋ ਕੇ ਸਰਦੀ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਦਿਨ ਰਾਤ ਮਿਹਨਤ ਕਰਦੇ ਹਨ, ਜਦੋਂ ਸੁੱਖ ਦਾ ਟਾਈਮ ਆਉਂਦਾ ਹੈ ਤਾਂ ਬੱਚੇ ਮਾਂ ਪਿਉ ਨੂੰ ਸੁਖ ਦੇਣ ਦੀ ਥਾਂ ਕਤਲ ਕਰਨ ਤੋਂ ਵੀ ਨਹੀਂ ਹਿਚਕਚਾਉਂਦੇ। ਧੀਆਂ ਬਣਾ ਕੇ ਲਿਆਂਦੀਆਂ ਨੂੰਹਾਂ ਨੂੰ ਦਹੇਜ ਖਾਤਰ ਕਤਲ ਕਰ ਦਿੱਤਾ ਜਾਂਦਾ ਹੈ। ਮੁੰਡੇ ਦੀ ਚਾਹਤ ਵਿੱਚ ਗਰਭ ਵਿੱਚ ਪਲ ਰਹੇ ਮਾਦਾ ਭਰੂਣ ਦਾ ਕਤਲ ਕਰ ਦਿੱਤਾ ਜਾਂਦਾ। ਆਪਣੀ ਸਕੀ ਧੀ ਨੂੰ ਅਣਖ ਦੀ ਖਾਤਰ ਕਤਲ ਕਰ ਦਿੱਤਾ ਜਾਂਦਾ ਹੈ। ਇਨ੍ਹਾਂ ਮਾੜੀਆਂ ਹਰਕਤਾਂ ਨੇ ਮਨੁੱਖੀ ਰਿਸ਼ਤਿਆਂ ਦਾ ਘਾਣ ਕਰ ਦਿੱਤਾ ਹੈ। ਸਾਡੀ ਸੋਚ ਨੂੰ ਕੀ ਹੋ ਗਿਆ ਹੈ? ਕੀ ਅਸੀਂ ਨੈਤਿਕਤਾ, ਮਰਿਆਦਾ ਅਤੇ ਖੂਨ ਦੇ ਰਿਸ਼ਤੇ ਬਿਲਕੁਲ ਹੀ ਭੁੱਲ ਗਏ ਹਾਂ? ਕੀ ਅਸੀਂ ਜਾਨਵਰ ਬਣ ਗਏ ਹਾਂ?

ਮਨੋਵਿਗਿਆਨੀਆਂ ਦਾ ਮੱਤ ਹੈ ਕਿ ਕੋਈ ਮਨੁੱਖ ਕਾਤਲ ਬਣਨ ਸਮੇਂ ਸੁੱਧ ਬੁੱਧ ਖੋ ਕੇ ਪਸ਼ੂ ਬਿਰਤੀ ਵਾਲਾ ਬਣ ਜਾਂਦਾ ਹੈ। ਕੱਲ੍ਹ ਸੋਸ਼ਲ ਮੀਡੀਆ ’ਤੇ ਇੱਕ ਬਜ਼ੁਰਗ ਮਾਤਾ ਦੀ ਇੱਕ ਬਿਜਲਈ ਮੀਡੀਆ ਕਰਮੀ ਨਾਲ ਗੱਲਬਾਤ ਹੋ ਰਹੀ ਸੀ। ਮੁੰਬਈ ਦੇ ਸਟੇਸ਼ਨ ਦੇ ਪਲੇਟਫਾਰਮ ਤੇ ਲੀਲਾਵਤੀ ਨਾਂ ਦੀ ਬਜ਼ੁਰਗ ਔਰਤ ਬੈਠੀ ਸੀ। ਉਸ ਨੇ ਦੱਸਿਆ ਕਿ ਉਸਦਾ ਇੱਕ ਪੁੱਤਰ ਮੁੰਬਈ ਅਤੇ ਦੋ ਪੁੱਤਰ ਅਤੇ ਦੋ ਧੀਆਂ ਦਿੱਲੀ ਰਹਿੰਦੇ ਹਨ। ਮੁੰਬਈ ਵਾਲਾ ਮੁੰਡਾ ਬਿਮਾਰ ਸੀ।, ਮੈ ਉਸਦੀ ਖਬਰਸਾਰ ਲੈਣ ਦਿੱਲੀ ਤੋਂ ਆਈ। ਹੁਣ ਜਦ ਮੁੰਡਾ ਠੀਕ ਹੋ ਗਿਆ ਤਾਂ ਉਸ ਨੇ ਮਾਂ ਨੂੰ ਘਰੋਂ ਕੱਢ ਦਿੱਤਾ ਅਤੇ ਧੱਕੇ ਵੀ ਮਾਰੇ। ਉਹ ਦੋ ਘੰਟੇ ਤੋਂ ਗੱਡੀ ਉਡੀਕ ਰਹੀ ਸੀ। ਉਸ ਨੇ ਦਿੱਲੀ ਜਾਣਾ ਸੀ। ਉਸ ਨੇ ਇਹ ਵੀ ਦੱਸਿਆ, “ਮੇਰੇ ਘਰ ਵਾਲੇ ਦੇ ਮਰਨ ਤੋਂ ਬਾਅਦ ਦਿੱਲੀ ਵਾਲੇ ਮੁੰਡੇ ਕੁੜੀਆਂ ਵੀ ਮੈਂਨੂੰ ਘਰ ਨਹੀਂ ਰੱਖਦੇ। ਮੇਰੀ ਉਮਰ 78 ਸਾਲ ਹੈ। ਕੰਮ ਮੈਂ ਕਰ ਨਹੀਂ ਸਕਦੀ, ਹੁਣ ਮੈਂ ਭੀਖ ਮੰਗ ਕੇ ਰੋਟੀ ਖਾਇਆ ਕਰੂੰਗੀ।” ਉਸ ਔਰਤ ਦੀ ਵਿਥਿਆ ਸੁਣ ਕੇ ਮੀਡੀਆ ਕਰਮੀ ਵੀ ਰੋ ਰਹੀ ਸੀ। ਮਾਂ ਪਿਉ ਚਾਰ ਚਾਰ, ਪੰਜ ਪੰਜ ਧੀਆਂ ਪੁੱਤਾਂ ਨੂੰ ਪਾਲਦੇ ਹਨ ਪਰ ਇੱਕ ਮਾਂ ਪਿਉ ਨੂੰ ਪੁੱਤ ਧੀਆਂ ਰੋਟੀ ਨਹੀਂ ਦੇ ਸਕਦੇ।

ਅੱਜ ਸੈਕੜਿਆਂ ਦੀ ਗਿਣਤੀ ਵਿੱਚ ਖੁੱਲ੍ਹੇ ਬਿਰਧ ਆਸ਼ਰਮ ਬਜ਼ੁਰਗਾਂ ਨਾਲ ਭਰੇ ਪਏ ਹਨ। ਸਾਡਾ ਪਿਆਰ, ਸਾਡੇ ਜਜ਼ਬਾਤ, ਸਾਡੇ ਰਿਸ਼ਤੇ ਤਾਰ ਤਾਰ ਹੋ ਰਹੇ ਹਨ। ਕੀ ਮਨੁੱਖ ਅੱਜ ਇੰਨਾ ਪਦਾਰਥਵਾਦੀ, ਸਵਾਰਥੀ ਹੋ ਗਿਆ ਹੈ? ਮਾਂ ਦਿਵਸ ’ਤੇ ਅਸੀਂ ਮਾਂ ਨਾਲ ਸੈਲਫੀਆਂ ਖਿਚਾਉਂਦੇ ਹਾਂ ਪਰ ਬਿਰਧ ਆਸ਼ਰਮ ਵਿੱਚ ਵੀ ਨਿਗਾਹ ਮਾਰੋ। ਅੱਜ ਦੇ ਸਮੇਂ ਵਿੱਚ ਅਸੀਂ ਇੰਨੇ ਸਵਾਰਥੀ ਹੋ ਗਏ ਹਾਂ ਕਿ ਅਸੀਂ ਮਨੁੱਖੀ ਰਿਸ਼ਤਿਆਂ ਨੂੰ ਲੀਰੋ ਲੀਰ ਕਰ ਦਿੱਤਾ ਹੈ।

 

 ਪ੍ਰਿੰ. ਸੁਖਦੇਵ ਸਿੰਘ ਰਾਣਾ