ਭਾਈ ਖਾਲੜਾ ‘ਤੇ ਬਣੀ ਫਿਲਮ ‘ਪੰਜਾਬ 95’ ਟੋਰਾਂਟੋ ਫਿਲਮ ਮੇਲੇ ਵਿਚੋਂ ਬਾਹਰ

ਭਾਈ ਖਾਲੜਾ ‘ਤੇ ਬਣੀ ਫਿਲਮ ‘ਪੰਜਾਬ 95’ ਟੋਰਾਂਟੋ ਫਿਲਮ ਮੇਲੇ ਵਿਚੋਂ ਬਾਹਰ

ਸੈਂਸਰ ਬੋਰਡ ਦੇ ਕੱਟਾਂ ਤੋਂ ਸਿੱਖ ਭਾਈਚਾਰਾ ਨਰਾਜ਼,ਭਾਈ ਪਾਲ ਸਿੰਘ ਫਰਾਂਸ ਤੇ ਸੁਖਬੀਰ ਸਿੰਘ ਬਾਦਲ ਵਲੋਂ ਨਿਖੇਧੀ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਜਲੰਧਰ- ਮਨੁੱਖੀ ਹੱਕਾਂ ਦੇ ਵੱਡੇ ਅਲੰਬਰਦਾਰ ਜਸਵੰਤ ਸਿੰਘ ਖਾਲੜਾ ‘ਤੇ ਬਣੀ ਫਿਲਮ ‘ਪੰਜਾਬ 95’ ਨੂੰ ਇੱਕ ਹੋਰ ਝਟਕਾ ਲੱਗਿਆ ਹੈ ।ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ਹੁਣ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦਾ ਹਿੱਸਾ ਨਹੀਂ ਹੋਵੇਗੀ। ਹਾਲਾਂਕਿ ਪਹਿਲਾਂ ਇਹ ਚਰਚਾ ਸੀ ਪਰ ਇਸ ਫ਼ਿਲਮ ਦਾ ਪ੍ਰੀਮੀਅਰ ਟੋਰਾਂਟੋ ਫਿਲਮ ਮੇਲੇ ਵਿਚ ਹੋਵੇਗਾ। ਇਸ ਫਿਲਮ ਨੂੰ ਟੋਰਾਂਟੋ ਫਿਲਮ ਮੇਲੇ ਵਿਚੋਂ ਰਾਜਸੀ ਦਬਾਅ ਕਾਰਨ ਹਟਾਇਆ ਗਿਆ ਹੈ। ਬਹਾਨਾ ਇਹ ਬਣਾਇਆ ਹੈ ਕਿ ਫਿਲਮ ਵਿਚ ਗਾਲਾਂ ਹੋਣ ਵਾਲੇ ਟਿਫ ਫਿਲਮ ਫੈਸਟੀਵਲ ਤੋਂ ਬਾਹਰ ਕੱਢਿਆ ਹੈ । ਫਿਲਮ ‘ਪੰਜਾਬ 95’ ਦੀ ਸਕ੍ਰੀਨਿੰਗ 11 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਟਿਫ ਫਿਲਮ ਫੈਸਟੀਵਲ ਵਿੱਚ ਹੋਣੀ ਸੀ। ਪਹਿਲਾਂ ਸੈਂਸਰ ਬੋਰਡ ਨੇ ਨਾਂ ਬਦਲਣ ਅਤੇ 21 ਕੱਟਾਂ ਤੋਂ ਬਾਅਦ ਫਿਲਮ ਨੂੰ ਏ ਸਰਟੀਫਿਕੇਟ ਨਾਲ ਰਿਲੀਜ਼ ਕਰਨ ਦੀ ਸ਼ਰਤ ਰੱਖੀ ਸੀ । ਜਿਸ ਨੂੰ ਫਿਲਮ ਦੇ ਪ੍ਰੋਡੂਸਰ ਵੱਲੋਂ ਮੁੰਬਈ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ।ਫਿਲਮ ‘ਪੰਜਾਬ 95’ ਦਾ ਨਿਰਦੇਸ਼ਨ ਹਨੀ ਤ੍ਰੇਹਨ ਨੇ ਕੀਤਾ ਹੈ। ਇਸ ਫਿਲਮ ਵਿਚ ਦਿਲਜੀਤ ਦੋਸਾਂਝ ਤੋਂ ਇਲਾਵਾ ਅਰਜੁਨ ਰਾਮਪਾਲ, ਸੁਵਿੰਦਰ ਵਿੱਕੀ ਮੁੱਖ ਭੂਮਿਕਾਵਾਂ ਵਿਚ ਹਨ। ਭਾਈ ਜਸਵੰਤ ਸਿੰਘ ਖਾਲੜਾ ‘ਤੇ ਬਣੀ ਫਿਲਮ ‘ਤੇ ਲਗਾਤਾਰ ਲਗਾਈ ਗਈ ਰੋਕ ‘ਤੇ ਸਿੱਖ ਭਾਈਚਾਰਾ ਕਾਫੀ ਗੁਸੇ ਵਿਚ ਹੈ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਵੀ ਸਵਾਲ ਚੁੱਕਿਆ ਹੈ ਕਿ ਇਕ ਪਾਸੇ ਪੰਜਾਬ ਤੇ ਸਿਖ ਸੰਤਾਪ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਦੂਜੇ ਪਾਸੇ ਸਿਖ ਸੰਤਾਪ ਦਾ ਇਤਿਹਾਸ ਸਿਰਜਣ ਵਾਲੀਆਂ ਫਿਲਮਾਂ ਨੂੰ ਰੁਕਵਾ ਰਹੇ ਹਨ ।

ਪੰਥਕ ਆਗੂ ਪਾਲ ਸਿੰਘ ਫਰਾਂਸ ਦਾ ਕਹਿਣਾ ਹੈ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਹਿੰਦੇ ਹਨ ਕਿ ਕਾਂਗਰਸ ਵੱਲੋਂ ਸ੍ਰੀ ਅਕਾਲ ਤਖਤ ‘ਤੇ ਹਮਲਾ ਕੀਤਾ ਗਿਆ ਸਿੱਖਾਂ ‘ਤੇ ਜ਼ੁਲਮ ਕੀਤੇ ਗਏ ਅਤੇ ਦੂਜੇ ਪਾਸੇ ਉਹ ਕਾਂਗਰਸ ਵੱਲੋਂ ਕੀਤੇ ਗਏ ਜ਼ੁਲਮ ਦਿਖਾਉਣਾ ਨਹੀਂ ਚਾਹੁੰਦੇ ਹਨ । ਜਿੰਨ੍ਹਾਂ ਵਿੱਚ ਭਾਈ ਜਸਵੰਤ ਸਿੰਘ ਖਾਲੜਾ ‘ਤੇ ਅਣਮਨੁੱਖੀ ਕਤਲ ਵੀ ਸ਼ਾਮਲ ਹੈ । ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸੈਂਸਰ ਬੋਰਡ ਵੱਲੋਂ ਫਿਲਮ ‘ਪੰਜਾਬ 95’ ‘ਤੇ 21 ਕੱਟ ਲਗਾਉਣ ਦਾ ਵਿਰੋਧ ਕਰਦੇ ਹੋਏ ਇਸ ਨੂੰ ਸਿੱਖਾਂ ਖਿਲਾਫ ਪੱਖਪਾਤੀ ਵਤੀਰਾ ਦੱਸਿਆ ਸੀ।

ਸੁਖਬੀਰ ਬਾਦਲ ਨੇ ਕਿਹਾ ਸੀ ਇਹ ਫਿਲਮ ਅਦਾਲਤ ਦੇ ਦਸਤਾਵੇਜ਼ ‘ਤੇ ਆਧਾਰਿਤ ਹੈ । ਸੈਂਸਰ ਬੋਰਡ ਬੇਵਜ੍ਹਾ ਕੱਟ ਲੱਗਾ ਕੇ ਉਸ ਵੇਲੇ ਦੀ ਸਰਕਾਰ ਦੇ ਜ਼ੁਲਮਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦੇ ਯੋਧੇ ਭਾਈ ਖਾਲੜਾ ਨੇ ਪੁਲਿਸ ਦੀ ਕਸਟੱਡੀ ਵਿੱਚ ਹੋਣ ਵਾਲੇ ਕਤਲ ਨੂੰ ਉਜਾਗਰ ਕੀਤਾ ਸੀ । ਅਕਾਲੀ ਦਲ ਦੇ ਪ੍ਰਧਾਨ ਨੇ ਇਲਜ਼ਾਮ ਲਗਾਇਆ ਸੀ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਸਿੱਖਾਂ ‘ਤੇ ਬਣਨ ਵਾਲੀ ਫਿਲਮਾਂ ਨੂੰ ਲੈਕੇ ਸੈਸਰ ਬੋਰਡ ਅਲਗ ਸੋਚ ਰੱਖਣ ਦਾ ਹੈ । ਸੁਖਬੀਰ ਸਿੰਘ ਬਾਦਲ ਨੇ ਕਿਹਾ ਇਸੇ ਸੈਂਸਰ ਬੋਰਡ ਨੇ ਕਸ਼ਮੀਰ ਫਾਈਲ ਨੂੰ ਮਨਜ਼ੂਰੀ ਦਿੱਤੀ ਸੀ ਜਿਸ ਨੇ ਕਸ਼ਮੀਰੀ ਪੰਡਤਾਂ ‘ਤੇ ਹੋਏ ਜ਼ੁਲਮ ਬਾਰੇ ਦੱਸਿਆ ਸੀ । ਯਾਨੀ ਸਾਫ ਹੈ ਕਿ ਬੋਰਡ ਨਿਰਪੱਖ ਨਹੀਂ ਹੈ ।ਉਹ ਸਿਖਾਂ ਨਾਲ ਵਿਤਕਰਾ ਕਰ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਸੈਂਸਰ ਬੋਰਡ ਨੂੰ ਕਿਹਾ ਉਹ ਸਾਰੇ ਕੱਟ ਨੂੰ ਵਾਪਸ ਲਏ ਅਤੇ ਫਿਲਮ ਨੂੰ ਉਸ ਦੇ ਅਸਲੀ ਰੂਪ ਵਿੱਚ ਰਿਲੀਜ਼ ਹੋਣ ਦੇਵੇ ਤਾਂ ਕਿ ਸਿੱਖ ਭਾਈਚਾਰੇ ਖਿਲਾਫ ਹੋਣ ਜ਼ੁਲਮ ਦੀ ਕਹਾਣੀ ਨੂੰ ਦਬਾਇਆ ਨਾ ਜਾਵੇ।

ਫਿਲਮ ਵਿੱਚ ਜਸਵੰਤ ਸਿੰਘ ਖਾਲੜਾ ਦੀ ਮੁੱਖ ਭੂਮਿਕਾ ਦਿਲਜੀਤ ਸਿੰਘ ਦੋਸਾਂਝ ਨਿਭਾ ਰਹੇ ਹਨ ਉਨ੍ਹਾਂ ਦੇ ਨਾਲ ਅਰਜੁਨ ਰਾਮਪਾਲ ਵੀ ਹਨ । ਪਹਿਲਾਂ ਫਿਲਮ ਦਾ ਨਾਂ ਘੱਲੂਘਾਰਾ ਸੀ ਪਰ ਸੈਂਸਰ ਬੋਰਡ ਵੱਲੋਂ ਇਤਰਾਜ਼ ਤੋਂ ਬਾਅਦ ਇਸ ਦਾ ਨਾਂ ਬਦਲ ਦਿੱਤਾ ਗਿਆ । ਫਿਲਮ ਪੰਜਾਬ 95 ਨੂੰ ਪ੍ਮ ਪਰਡਿਊਸ ਰੋਨੀ ਸਕਰੂਵਾਲਾ ਨੇ ਕੀਤਾ ਹੈ । ਜਦਕਿ ਇਸ ਦੇ ਡਾਇਰੈਕਟਰ ਹਨੀ ਤ੍ਰੇਹਾਨ ਹਨ ਜਿੰਨਾਂ ਨੇ 2020 ਵਿੱਚ ਨੈਟਫਲਿਕਸ ‘ਤੇ ਰਾਤ ਅਕੇਲੀ ਹੈ ਬਣਾਈ ਸੀ ।

ਜਸਵੰਤ ਸਿੰਘ ਖਾਲੜਾ ‘ਤੇ ਬਣੀ ਹੈ ਫਿਲਮ

ਫਿਲਮ ‘ਪੰਜਾਬ 95’ ਦਾ ਡਾਇਰੈਕਸ਼ਨ ਹਨੀ ਤ੍ਰੇਹਾਨ ਨੇ ਕੀਤਾ ਹੈ । ਇਹ ਮਨੁੱਖੀ ਹੱਕਾਂ ਦੇ ਵੱਡੇ ਅਲੰਬਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਹੈ । ਖਾਲੜਾ ਪੰਜਾਬ ਵਿੱਚ 1980 ਤੋਂ 1990 ਦੇ ਦਹਾਕੇ ਦੌਰਾਨ ਮਨੁੱਖੀ ਅਧਿਕਾਰਾਂ ਦੀ ਹੋਈ ਉਲੰਘਣਾ ਦੇ ਖਿਲਾਫ਼ ਸਭ ਤੋਂ ਮਜ਼ਬੂਤ ਆਵਾਜ਼ ਸਨ । ਉਹ ਅੰਮ੍ਰਿਤਸਰ ਵਿੱਚ ਇੱਕ ਬੈਂਕ ਦੇ ਮੈਨੇਜਰ ਸਨ। ਉਨ੍ਹਾਂ ਨੇ 1984 ਅਤੇ ਖਾੜਕੂਵਾਦ ਦੇ ਦੌਰ ਦੌਰਾਨ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਐਨਕਾਉਂਟਰ ਨੂੰ ਲੈਕੇ ਸਵਾਲ ਚੁੱਕੇ ਸਨ । ਉਨ੍ਹਾਂ ਦੀ ਜਥੇਬੰਦੀ ਨੇ ਪੰਜਾਬ ਵਿੱਚ ਤਕਰੀਬਨ 25 ਹਜ਼ਾਰ ਲੋਕਾਂ ਦੀ ਨਜਾਇਜ਼ ਤਰੀਕੇ ਨਾਲ ਹੋਈ ਮੌਤ ਦਾ ਖੁਲਾਸਾ ਕੀਤਾ ਸੀ। ਇੱਥੋਂ ਤੱਕ ਪੁਲਿਸ ਨੇ ਆਪਣੇ ਵੀ 2000 ਲੋਕਾਂ ਦਾ ਕਤਲ ਕਰਵਾ ਦਿੱਤਾ ਸੀ ਜੋ ਉਨ੍ਹਾਂ ਦੇ ਕੰਮਾਂ ਵਿੱਚ ਸਹਿਯੋਗ ਨਹੀਂ ਕਰਦੇ ਸਨ ਜਾਂ ਮਨੁੱਖੀ ਅਧਿਕਾਰਾਂ ਲਈ ਅਵਾਜ਼ ਉਠਾਉਂਦੇ ਸਨ।

ਭਾਈ ਖਾਲੜਾ ਸਤੰਬਰ 1995 ਵਿੱਚ ਲਾਪਤਾ ਹੋ ਗਏ, ਆਖਿਰੀ ਵਾਰ ਉਨ੍ਹਾਂ ਨੂੰ ਆਪਣੇ ਘਰ ਦੇ ਸਾਹਮਣੇ ਕਾਰ ਸਾਫ ਕਰਦੇ ਹੋਏ ਵੇਖਿਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਵਿੱਚ 6 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਮੰਨਿਆ ਗਿਆ ਸੀ। ਸੀਬੀਐਫਸੀ ਦੇ ਮੁਤਾਬਿਕ ਫਿਲਮ ਸੰਵੇਦਨਸ਼ੀਲ ਹੈ ਅਤੇ ਫਿਲਮ ਦੇ ਸੀਨ ਅਤੇ ਡਾਇਲਾਗ ਗਾਈਡਲਾਈਨ ਦੇ ਮੁਤਾਬਿਕ ਕੱਟੇ ਗਏ ਹਨ । ਉਨ੍ਹਾਂ ਦੱਸਿਆ ਕਿ ਫਿਲਮ ਵਿੱਚ ਹਟਾਏ ਗਏ ਡਾਇਲਾਗ ਅਤੇ ਸੀਨ ਹਿੰਸਾ ਅਤੇ ਸਿੱਖ ਨੌਜਵਾਨਾਂ ਨੂੰ ਭੜਕਾ ਸਕਦੇ ਹਨ । ਇਸ ਲਈ ਇਨ੍ਹਾਂ ਨੂੰ ਹਟਾਇਆ ਗਿਆ ਹੈ।