ਸਰਕਾਰੀ ਬੰਗਲੇ ਦੀ ਸਜਾਵਟ 'ਤੇ 45 ਕਰੋੜ ਰੁਪਏ ਖ਼ਰਚ ਹੋਣ ਦੀ ਖ਼ਬਰ ਬਾਰੇ ਕੇਜਰੀਵਾਲ ਨੇ ਚੁਪੀ ਧਾਰੀ

ਸਰਕਾਰੀ ਬੰਗਲੇ ਦੀ ਸਜਾਵਟ 'ਤੇ 45 ਕਰੋੜ ਰੁਪਏ ਖ਼ਰਚ ਹੋਣ ਦੀ ਖ਼ਬਰ  ਬਾਰੇ ਕੇਜਰੀਵਾਲ ਨੇ ਚੁਪੀ ਧਾਰੀ

ਕਾਂਗਰਸ ਅਨੁਸਾਰ ਕੇਜਰੀਵਾਲ ਦੇ 'ਮਹਿਲ' 'ਤੇ 45 ਨਹੀਂ 171 ਕਰੋੜ ਰੁਪਏ ਖਰਚੇ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਦਿੱਲੀ-ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੂਰੀ ਤਰ੍ਹਾਂ ਨਾਲ ਖ਼ਾਮੋਸ਼ ਹੋ ਗਏ ਹਨ। ਜਦੋਂ ਤੋਂ ਉਨ੍ਹਾਂ ਦੇ ਸਰਕਾਰੀ ਬੰਗਲੇ ਦੀ ਸਜਾਵਟ 'ਤੇ 45 ਕਰੋੜ ਰੁਪਏ ਖ਼ਰਚ ਹੋਣ ਦੀ ਖ਼ਬਰ ਆਈ ਹੈ ਉਦੋਂ ਤੋਂ ਉਹ ਚੁੱਪ ਹਨ ਅਤੇ ਉਨ੍ਹਾਂ ਨੇ ਸਿਆਸੀ ਸਰਗਰਮੀਆਂ ਤੋਂ ਵੀ ਦੂਰੀ ਬਣਾ ਰੱਖੀ ਹੈ। ਇੱਥੋਂ ਤੱਕ ਕਿ ਕਰਨਾਟਕ ਚੋਣਾਂ ਵਿਚ ਪ੍ਰਚਾਰ ਲਈ ਵੀ ਉਹ ਨਹੀਂ ਗਏ, ਜਦੋਂ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਉਨ੍ਹਾਂ ਨੇ ਕਰਨਾਟਕ ਦੇ ਕਈ ਦੌਰੇ ਕੀਤੇ ਸਨ ਅਤੇ ਪੂਰੀ ਤਾਕਤ ਨਾਲ ਚੋਣ ਲੜਨ ਦਾ ਐਲਾਨ ਕੀਤਾ ਸੀ। ਫ਼ਿਲਹਾਲ ਆਪਣੇ ਬੰਗਲੇ ਨੂੰ ਲੈ ਕੇ ਚੱਲ ਰਹੀਆਂ ਕਹਾਣੀਆਂ ਜਾਂ ਉਸ ਨਾਲ ਜੁੜੇ ਰਿਕਾਰਡ ਜ਼ਬਤ ਕਰਨ ਦੇ ਉਪ ਰਾਜਪਾਲ ਦੇ ਆਦੇਸ਼ ਜਾਂ ਹਰ ਵਾਰ ਸੁਣਵਾਈ ਵਿਚ ਮਨੀਸ਼ ਸਿਸੋਦੀਆ ਦੀ ਜ਼ਮਾਨਤ ਖ਼ਾਰਜ ਹੋਣ ਜਿਹੇ ਮਸਲੇ 'ਤੇ ਵੀ ਉਹ ਕੁਝ ਨਹੀਂ ਬੋਲ ਰਹੇ। ਉਲਟਾ ਉਨ੍ਹਾਂ ਦੇ ਪੁਰਾਣੇ ਵੀਡੀਓ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿਚ ਉਹ ਖ਼ੁਦ ਨੂੰ ਆਮ ਆਦਮੀ ਦੱਸ ਕੇ ਸਾਦਗੀ ਨਾਲ ਰਹਿਣ ਦੀਆਂ ਕਸਮਾਂ ਖਾ ਰਹੇ ਹਨ। ਉਨ੍ਹਾਂ ਦਾ ਇਕ ਪੁਰਾਣਾ ਟਵੀਟ ਵੀ ਵਾਇਰਲ ਹੋਇਆ ਹੈ, ਜਿਸ ਵਿਚ ਉਨ੍ਹਾਂ ਨੇ ਤਤਕਾਲੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਘਰ ਵਿਚ 10 ਏ.ਸੀ. ਲੱਗੇ ਹੋਣ 'ਤੇ ਸਵਾਲ ਚੁੱਕੇ ਸਨ ਅਤੇ ਹੈਰਾਨੀ ਜਤਾਈ ਸੀ ਕਿ ਕੋਈ ਕਿਵੇਂ ਏਨੇ ਆਲੀਸ਼ਾਨ ਘਰ 'ਚ ਰਹਿ ਸਕਦਾ ਹੈ? ਹੁਣ ਉਨ੍ਹਾਂ ਦੇ ਘਰ ਦੀ ਸਜਾਵਟ 'ਤੇ 45 ਕਰੋੜ ਰੁਪਏ ਖ਼ਰਚ ਹੋਣ ਦੇ ਦਸਤਾਵੇਜ਼ ਸਾਹਮਣੇ ਆ ਗਏ ਹਨ। ਇਸ ਤੋਂ ਕੇਜਰੀਵਾਲ ਦੀ ਆਮ ਆਦਮੀ ਵਾਲੀ ਛਵੀ ਨੂੰ ਜੋ ਧੱਕਾ ਲੱਗਾ ਹੈ, ਉਸ ਨੂੰ ਠੀਕ ਕਰਨਾ ਉਨ੍ਹਾਂ ਲਈ ਅਤੇ ਉਨ੍ਹਾਂ ਦੀ ਪੂਰੀ ਪਾਰਟੀ ਲਈ ਮੁਸ਼ਕਿਲ ਹੋ ਰਿਹਾ ਹੈ।

ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਨਵੀਨੀਕਰਨ 'ਤੇ 45 ਕਰੋੜ ਰੁਪਏ ਨਹੀਂ ਬਲਕਿ 171 ਕਰੋੜ ਰੁਪਏ ਦਾ ਖਰਚਾ ਆਇਆ ਹੈ ਕਿਉਂਕਿ ਦਿੱਲੀ ਦੀ 'ਆਪ' ਸਰਕਾਰ ਨੂੰ ਉਨ੍ਹਾਂ ਅਫਸਰਾਂ ਲਈ ਵਾਧੂ ਫਲੈਟ ਖਰੀਦਣੇ ਪਏ, ਜਿਨ੍ਹਾਂ ਦੇ ਘਰ ਜਾਂ ਤਾਂ ਮੁੱਖ ਮੰਤਰੀ ਦੇ ਰਿਹਾਇਸ਼ੀ ਕੰਪਲੈਕਸ ਦੇ ਵਿਸਤਾਰ ਲਈ ਢਾਹੁਣੇ ਪਏ ਜਾਂ ਖਾਲੀ ਕਰਨੇ ਪਏ । ਕੇਜਰੀਵਾਲ 'ਤੇ ਝੂਠੀ ਸਾਦੀ ਜੀਵਨਸ਼ੈਲੀ ਦੇ ਬਾਵਜੂਦ ਘਰ 'ਤੇ ਕਰੋੜਾਂ ਰੁਪਏ ਖਰਚਣ ਦਾ ਦੋਸ਼ ਲਗਾਉਂਦੇ ਹੋਏ ਕਾਂਗਰਸ ਦੇ ਬੁਲਾਰੇ ਤੇ ਸੀਨੀਅਰ ਆਗੂ ਅਜੇ ਮਾਕਨ ਨੇ ਕਿਹਾ ਕਿ ਇਸ ਦੇ ਉਲਟ ਦਿੱਲੀ ਵਿਚ ਸਾਦਗੀ ਦੀ ਮੂਰਤ ਉਨ੍ਹਾਂ ਦੀ ਪਾਰਟੀ ਦੀ ਆਗੂ ਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਸੀ ।ਮਾਕਨ ਨੇ ਦੋਸ਼ ਲਾਇਆ ਕਿ ਸ਼ੀਲਾ ਦੀਕਸ਼ਿਤ ਦੀ ਪੂਰੀ ਕੈਬਨਿਟ ਵਲੋਂ ਆਪਣੇ ਸ਼ਾਸਨ ਦੇ 15 ਸਾਲਾਂ 'ਚ ਆਪਣੇ ਘਰਾਂ 'ਤੇ ਖਰਚ ਕੀਤੀ ਰਕਮ ਦਾ ਅਰਵਿੰਦ ਕੇਜਰੀਵਾਲ ਵਲੋਂ ਆਪਣੇ ਮਹਿਲ ਦੇ ਨਵੀਨੀਕਰਨ 'ਤੇ ਖਰਚ ਕੀਤੀ ਰਕਮ ਨਾਲ ਕੋਈ ਮੇਲ ਨਹੀਂ ।ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਦੀ ਰਿਹਾਇਸ਼ 'ਤੇ ਖਰਚ ਕੀਤੀ ਗਈ ਰਕਮ 45 ਕਰੋੜ ਰੁਪਏ ਨਹੀਂ ਬਲਕਿ 171 ਕਰੋੜ ਰੁਪਏ ਹੈ ਤੇ ਇਹ ਰਕਮ ਕੋਵਿਡ ਮਹਾਂਮਾਰੀ ਦੇ ਉਸ ਸਮੇਂ ਦੌਰਾਨ ਖਰਚ ਕੀਤੀ ਗਈ ਜਦੋਂ ਲੋਕ ਹਸਪਤਾਲ ਦੇ ਬੈੱਡਾਂ ਤੇ ਆਕਸੀਜਨ ਦੀ ਘਾਟ ਲਈ ਇਧਰ-ਉਧਰ ਭੱਜ ਰਹੇ ਸਨ ।ਮਾਕਨ ਨੇ ਕਿਹਾ ਕਿ ਮੈਂ ਦੱਸਾਂਗਾ ਕਿ 171 ਕਰੋੜ ਰੁਪਏ ਕਿਵੇਂ ਖਰਚੇ ਗਏ ।ਕੇਜਰੀਵਾਲ ਦੀ ਸਰਕਾਰੀ ਰਿਹਾਇਸ਼-6 ਫਲੈਗਸਟਾਫ ਰੋਡ ਸਿਵਲ ਲਾਈਨ ਕੋਲ 4 ਰਿਹਾਇਸ਼ੀ ਕੰਪਲੈਕਸ ਹਨ ।ਇਨ੍ਹਾਂ ਚਾਰ ਰਿਹਾਇਸ਼ੀ ਕੰਪਲੈਕਸਾਂ 'ਚ ਮਿਲ ਕੇ 22 ਅਫਸਰਾਂ ਦੇ ਫਲੈਟ ਹਨ ।ਇਨ੍ਹਾਂ 22 ਵਿਚੋਂ 15 ਜਾਂ ਤਾਂ ਪ੍ਰਾਪਤ ਕੀਤੇ ਗਏ, ਖਾਲੀ ਕੀਤੇ ਗਏ ਜਾਂ ਢਾਹ ਦਿੱਤੇ ਗਏ ਤੇ ਬਾਕੀ 7 ਲਈ ਇਹ ਨਿਰਦੇਸ਼ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਦੁਬਾਰਾ ਅਲਾਟ ਨਹੀਂ ਕੀਤਾ ਜਾਵੇਗਾ ।ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਫਲੈਟਾਂ ਦੀ ਭਰਪਾਈ ਲਈ ਕੇਜਰੀਵਾਲ ਸਰਕਾਰ ਨੇ ਰਾਸ਼ਟਰਮੰਡਲ ਖੇਡਾਂ ਦੇ ਪਿੰਡ ਵਿਚ 126 ਕਰੋੜ ਰੁਪਏ ਦੇ 21 ਟਾਈਪ-5 ਫਲੈਟ ਖਰੀਦੇ ।ਕਾਂਗਰਸੀ ਆਗੂ ਨੇ ਕਿਹਾ ਕਿ ਇਸ ਲਈ ਇਨ੍ਹਾਂ 21 ਫਲੈਟਾਂ ਦੀ ਕੀਮਤ ਨੂੰ ਵੀ ਕੇਜਰੀਵਾਲ ਦੀ ਰਿਹਾਇਸ਼ 'ਤੇ ਖਰਚ ਹੋਈ ਕੁੱਲ ਕੀਮਤ ਵਿਚ ਜੋੜ ਲੈਣਾ ਚਾਹੀਦਾ ਹੈ ਕਿਉਂਕਿ ਰਿਹਾਇਸ਼ ਨੂੰ ਵਧਾਉਣ ਲਈ ਇਹ ਜ਼ਰੂਰੀ ਸੀ ।