ਸ਼੍ਰੋਮਣੀ ਕਮੇਟੀ ਮੈਂਬਰ ਦੇ ਫਾਰਮ 'ਤੇ ਤਿੰਨ ਕਤਲ ਕਰਕੇ ਫਰਾਰ ਹੋਏ ਪ੍ਰਵਾਸੀ ਮਜ਼ਦੂਰ ਦੀ ਤਸਵੀਰ ਜਾਰੀ ਕੀਤੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਰੂਪਨਗਰ ਪੁਲੀਸ ਨੇ ਪੁਲੀਸ ਥਾਣਾ ਨੂਰਪੁਰ ਬੇਦੀ ਅਧੀਨ ਆਉਂਦੇ ਪਿੰਡ ਸੁਆੜਾ ਦੇ ਭਿੰਡਰ ਫਾਰਮ ’ਤੇ ਲੰਘੀ ਰਾਤ 3 ਵਿਅਕਤੀਆਂ ਦੇ ਕਤਲ ਮਾਮਲੇ ’ਚ ਲੋੜੀਂਦੇ ਪਰਵਾਸੀ ਮਜ਼ਦੂਰ ਸੁਖਦੇਵ ਮਾਹਤੋ (23) ਵਾਸੀ ਬਿਹਾਰ ਦੀ ਫੋਟੋ ਸੋਸ਼ਲ ਮੀਡੀਆ ’ਤੇ ਜਾਰੀ ਕੀਤੀ ਹੈ।
ਸਥਾਨਕ ਪੁਲੀਸ ਥਾਣੇ ਦੇ ਐਸਐਚਓ ਜਤਿਨ ਕਪੂਰ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਵਿੱਚ ਪੁਲੀਸ ਨੇ ਟੀਮਾਂ ਬਣਾ ਕੇ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ। ਪੁਲੀਸ ਨੇ ਭਿੰਡਰ ਫਾਰਮ ਦੇ ਮਾਲਕ ਅਤੇ ਹਿਮਾਚਲ ਪ੍ਰਦੇਸ਼ ਦੇ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਦੇ ਬਿਆਨਾਂ ’ਤੇ ਸੁਖਦੇਵ ਵਿਰੁੱਧ ਤੀਹਰੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਇਥੇ ਦੱਸਣਯੋਗ ਹੈ ਕਿ ਲੰਘੀ ਰਾਤ ਸੁਖਦੇਵ ਨੇ ਫਾਰਮ ’ਤੇ ਸੌਂ ਰਹੇ ਪਿੰਡ ਭਨੂੰਹਾਂ ਦੇ ਵਸਨੀਕ ਕੇਸਰ ਸਿੰਘ (50) ਸਮੇਤ ਦੋ ਹੋਰ ਪਰਵਾਸੀ ਮਜ਼ਦੂਰਾਂ ਰਾਮੂ (50) ਅਤੇ ਸ਼ੰਕਰ (55) ਵਾਸੀ ਬਾਗਾ ਬਿਹਾਰ ਦਾ ਦਾਤਰ ਮਾਰ ਕੇ ਕਤਲ ਕਰ ਦਿੱਤਾ ਸੀ ਤੇ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਲੀਸ ਨੇ ਸੋਸ਼ਲ ਮੀਡੀਆ ’ਤੇ ਫੋਟੋ ਜਾਰੀ ਕਰਕੇ ਸੂਹ ਦੇਣ ਦੀ ਅਪੀਲ ਕੀਤੀ ਹੈ। ਐਸਐਸਪੀ ਰੂਪਨਗਰ ਸਵਪਨ ਸ਼ਰਮਾ ਨੇ ਇਹ ਵਿਸ਼ਵਾਸ ਦਿਵਾਇਆ ਕਿ ਪੁਲੀਸ ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰ ਲਵੇਗੀ।
Comments (0)