ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਬਿਡਨ ਨੇ ਭਾਰਤ ਨੂੰ ਕਸ਼ਮੀਰੀਆਂ ਦੇ ਹੱਕ ਬਹਾਲ ਕਰਨ ਲਈ ਕਿਹਾ

ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਬਿਡਨ ਨੇ ਭਾਰਤ ਨੂੰ ਕਸ਼ਮੀਰੀਆਂ ਦੇ ਹੱਕ ਬਹਾਲ ਕਰਨ ਲਈ ਕਿਹਾ
ਜੋਇ ਬਿਡਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕਾ ਵਿਚ ਇਸ ਸਾਲ ਦੇ ਅਖੀਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਉਮੀਦਵਾਰ ਅਤੇ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋਇ ਬਿਡਨ ਨੇ ਕਿਹਾ ਹੈ ਕਿ ਭਾਰਤ ਨੂੰ ਕਸ਼ਮੀਰੀ ਲੋਕਾਂ ਦੇ ਹੱਕਾਂ ਨੂੰ ਬਹਾਲ ਕਰਨਾ ਚਾਹੀਦਾ ਹੈ। ਬਿਡਨ ਨੇ ਭਾਰਤ ਵੱਲੋਂ ਬੀਤੇ ਸਾਲ ਬਣਾਏ ਗਏ ਨਾਗਰਿਕਤਾ (ਸੋਧ) ਕਾਨੂੰਨ (ਸੀਏਏ) ਅਤੇ ਅਸਾਮ ਵਿਚ ਲਾਗੂ ਕੀਤੇ ਜਾ ਰਹੇ ਕੌਮੀ ਨਾਗਰਿਕਤਾ ਰਜਿਸਟਰ (ਐਨਆਰਸੀ) ਉੱਤੇ ਵੀ ਨਰਾਜ਼ਗੀ ਪ੍ਰਗਟ ਕੀਤੀ।

ਜੋਇ ਬਿਡਨ ਦੀ ਰਾਸ਼ਟਰਪਤੀ ਚੋਣ ਮੁਹਿੰਮ ਦੀ ਵੈਬਸਾਈਟ 'ਤੇ "ਜੋਇ ਬਿਡਨ ਦਾ ਅਮਰੀਕੀ ਮੁਸਲਿਮ ਭਾਈਚਾਰੇ ਲਈ ਅਜੇਂਡਾ' ਸਿਰਲੇਖ ਹੇਠ ਛਾਪੇ ਗਏ ਨੀਤੀ ਪੱਤਰ ਮੁਤਾਬਕ ਭਾਰਤ ਦੀਆਂ ਇਹ ਕਾਰਵਾਈਆਂ ਦੇਸ਼ ਦੀ ਧਰਮ ਨਿਰਪੱਖ ਪਰੰਪਰਾ ਅਤੇ ਲੋਕਤੰਤਰ ਵਿਰੋਧੀ ਹਨ। 

ਬਿਡਨ ਮੁਹਿੰਮ ਦੇ ਇਹਨਾਂ ਵਿਚਾਰਾਂ ਦਾ ਅਮਰੀਕਾ ਦੇ ਹਿੰਦੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅਮਰੀਕਾ ਦੀ ਹਿੰਦੂ ਸੰਸਥਾ ਨੇ ਭਾਰਤ ਵਿਰੋਧੀ ਇਹਨਾਂ ਸ਼ਬਦਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। 

ਇਸ ਨੀਤੀ ਪੱਤਰ ਵਿਚ ਕਿਹਾ ਗਿਆ ਹੈ ਕਿ ਕਸ਼ਮੀਰ ਵਿਚ ਕਸ਼ਮੀਰੀ ਲੋਕਾਂ ਦੇ ਹੱਕਾਂ ਨੂੰ ਬਹਾਲ ਕਰਨ ਲਈ ਭਾਰਤ ਸਰਕਾਰ ਨੂੰ ਸਾਰੇ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਸਰਕਾਰ ਵਿਰੋਧੀ ਅਵਾਜ਼ਾਂ ਨੂੰ ਦਬਾਉਣ ਨਾਲ ਜਿਵੇਂ ਕਿ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ 'ਤੇ ਪਾਬੰਦੀਆਂ ਲਾਉਣ ਅਤੇ ਇੰਟਰਨੈਟ 'ਤੇ ਰੋਕਾਂ ਲਾਉਣ ਨਾਲ ਲੋਕਤੰਤਰ ਕਮਜ਼ੋਰ ਹੁੰਦਾ ਹੈ।

ਜ਼ਿਕਰਯੋਗ ਹੈ ਕਿ ਭਾਰਤ ਵਿਚ ਘੱਟਗਿਣਤੀ ਧਾਰਮਿਕ ਭਾਈਚਾਰਿਆਂ ਅਤੇ ਦਲਿਤਾਂ ਉੱਤੇ ਹੋ ਰਹੇ ਜ਼ੁਲਮਾਂ ਵਿਚ ਪਿਛਲੇ ਕੁੱਝ ਸਾਲਾਂ ਅੰਦਰ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਕਸ਼ਮੀਰ ਵਿਚ ਭਾਰਤ ਵੱਲੋਂ ਲਗਭਗ ਇਕ ਸਾਲ ਤੋਂ ਲੋਕਾਂ ਦੇ ਮੂਲ ਹੱਕਾਂ 'ਤੇ ਪਾਬੰਦੀਆਂ ਲਾਈਆਂ ਹੋਈਆਂ ਹਨ।