ਸ਼ਿਕਾਗੋ ਵਿਖੇ ਲੱਗੀਆਂ 'ਰੰਗਲਾ ਪੰਜਾਬ 2019' ਦੀਆਂ ਰੌਣਕਾਂ

ਸ਼ਿਕਾਗੋ ਵਿਖੇ ਲੱਗੀਆਂ 'ਰੰਗਲਾ ਪੰਜਾਬ 2019' ਦੀਆਂ ਰੌਣਕਾਂ

ਪੰਜਾਬੀ ਕਲਚਰਲ ਸੁਸਾਇਟੀ ਨੇ ਸਥਾਪਨਾ ਦੇ 25 ਸਾਲ ਹੋਣ 'ਤੇ ਮਨਾਈ ਸਿਲਵਰ ਜੁਬਲੀ 
ਸ਼ਿਕਾਗੋ/ਏਟੀ ਨਿਊਜ਼ : 

ਇਥੋਂ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਸਾਲ ਦੇ ਸਭ ਤੋਂ ਵੱਧ ਚਰਚਿਤ ਸੱਭਿਆਚਾਰਕ ਪ੍ਰੋਗਰਾਮਾਂ ਵਿਚੋਂ ਇਕ, “ਰੰਗਲਾ ਪੰਜਾਬ 2019”, ਦਾ ਆਯੋਜਨ ਪੰਜਾਬੀ ਕਲਚਰਲ ਸੁਸਾਇਟੀ ਵੱਲੋਂ ਕੀਤਾ ਗਿਆ। ਕਾਲਜ ਆਫ ਡੂਪੇਜ, ਸ਼ਿਕਾਗੋ ਦੇ ਸ਼ਹਿਰ ਗਲੇਨ ਏਲਿਨ ਵਿਚ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਇਕੱਠੇ ਹੋਏ ਲੋਕਾਂ ਨੇ ਪੰਜ ਘੰਟੇ ਤਕ ਇਸ ਪ੍ਰੋਗਰਾਮ ਦਾ ਆਨੰਦ ਮਾਣਿਆਂ। ਇਕ ਅੰਦਾਜ਼ੇ ਮੁਤਾਬਿਕ ਇਸ ਪ੍ਰੋਗਰਾਮ ਵਿਚ 1000 ਤੋਂ ਵੱਧ ਲੋਕ ਹਾਜ਼ਰ ਹੋਏ। ਲਗਭਗ 50 ਪੀਸੀਐਸ ਆਯੋਜਕਾਂ ਅਤੇ ਵਲੰਟੀਅਰਾਂ ਨੇ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿਚ ਆਪਣਾ ਯੋਗਦਾਨ ਦਿੱਤਾ ਅਤੇ 300 ਪ੍ਰਤੀਯੋਗੀਆਂ ਨੇ 25 ਤੋਂ ਵੱਧ ਐਕਟ ਪੇਸ਼ ਕੀਤੇ। ਇਸ ਤਰ੍ਹਾਂ ਪੰਜਾਬੀ ਕਲਚਰਲ ਸੁਸਾਇਟੀ ਆਫ ਸ਼ਿਕਾਗੋ ਨੇ ਆਪਣੀ 25 ਸਾਲਾਂ ਦੀ ਕਮਿਊਨਿਟੀ ਸੇਵਾ ਦੀ ਸਿਲਵਰ ਜੁਬਲੀ ਦਾ ਜਸ਼ਨ ਮਨਾਇਆ।
ਪੰਜਾਬੀ ਅਮਰੀਕਨਾਂ ਦੀ ਅਗਲੀ ਪੀੜ੍ਹੀ ਵਲੋਂ ਪੇਸ਼ ਕੀਤਾ ਗਿਆ ਇਹ ਇਕ ਯਾਦਗਾਰੀ, ਪਰਿਵਾਰਕ-ਸ਼ੋਅ ਸੀ, ਜਿਸ ਵਿਚ ਪੰਜਾਬੀ ਲੋਕਗੀਤ ਅਤੇ ਸੱਭਿਆਚਾਰਕ ਵੰਨਗੀਆਂ ਦੀ ਇਕ ਲੰਮੀ ਸੂਚੀ ਸ਼ਾਮਲ ਕੀਤੀ ਗਈ। ਸ਼ਿਕਾਗੋਲੈਂਡ ਅਤੇ ਇਸ ਦੇ ਨੇੜਲੇ ਸੂਬਿਆਂ ਵਿਸਕਾਨਸਿਨ ਤੇ ਇੰਡੀਆਨਾ ਤੋਂ ਹਿੱਸਾ ਲੈਣ ਵਾਲੀਆਂ ਟੀਮਾਂ ਨੇ ਇਸ ਮੇਲੇ ਵਿਚ ਭਾਗ ਲਿਆ। ਨੌਜਵਾਨ ਵਲੰਟੀਅਰਾਂ ਤੇ ਕੋਆਰਡੀਨੇਟਰਜ਼ ਨੇ ਪੰਜ ਸਾਲ ਦੀ ਉਮਰ ਦੇ ਬੱਚਿਆਂ, ਜੋ “ਰੰਗਲਾ ਪੰਜਾਬ” ਵਿਚ ਭਾਗ ਲੈ ਰਹੇ ਸਨ,
ਨੂੰ ਵਿਸ਼ੇਸ਼ ਤੌਰ 'ਤੇ ਸਿਖਲਾਈ ਦਿੱਤੀ। 
ਇਸ ਮੌਕੇ ਪੀਸੀਐਸ ਦੇ ਚੇਅਰਮੈਨ ਗੁਰਦੀਪ ਸਿੰਘ ਨੰਦਰਾ ਨੇ ਕਿਹਾ ਕਿ ਇਹ ਪ੍ਰੋਗਰਾਮ ਜਿਥੇ ਨੌਜਵਾਨਾਂ ਨੂੰ ਆਪਣੀ ਸੱਭਿਆਚਾਰਕ ਪਛਾਣ ਵਿਕਸਿਤ ਕਰਨ ਲਈ ਇੱਕ ਪਲੇਟਫਾਰਮ ਦੇ ਤੌਰ 'ਤੇ ਕੰਮ ਕਰਦਾ ਹੈ, ਉਥੇ ਸਥਾਨਕ ਭਾਈਚਾਰੇ ਦੇ ਲੋਕਾਂ ਮੂਹਰੇ ਆਪਣੀ ਪ੍ਰਤਿਭਾ ਦਿਖਾਉਣ ਦਾ ਕੰਮ ਵੀ ਕਰਦਾ ਹੈ। ਪੀਸੀਐਸ ਪ੍ਰਧਾਨ ਹਰਵਿੰਦਰ ਪਾਲ ਸਿੰਘ ਲਾਇਲ ਨੇ ਕਿਹਾ ਕਿ ਵਿਦੇਸ਼ਾਂ ਤੋਂ ਮਨੋਰੰਜਨ ਕਲਾਵਾਂ ਵਾਸਤੇ ਕਲਾਕਾਰਾਂ ਦੀ ਭਰਤੀ ਕਰਨ ਲਈ ਮੁਕਾਬਲੇ ਕਰਵਾਉਣ ਲਈ ਬਹੁਤ ਜ਼ਿਆਦਾ ਸਮਾਂ, ਧੀਰਜ, ਸਮਰਪਣ ਅਤੇ ਸਖਤ ਮਿਹਨਤ ਦੀ ਲੋੜ ਹੁੰਦੀ ਹੈ। ਲੰਮੇ ਸਮੇਂ ਬਾਅਦ ਸਾਡੀ ਅਗਲੀ ਪੀੜ੍ਹੀ ਵਿਚ ਪੰਜਾਬੀ ਸਭਿਆਚਾਰ ਦੇ ਬੀਜ ਬੀਜਣ ਦੇ ਇਸ ਕੰਮ ਦੇ ਨਤੀਜੇ ਬਹੁਤ ਹੀ ਸਾਰਥਿਕ ਹੋਣਗੇ। ਪੀਸੀਐਸ ਦੇ ਉਪ ਪ੍ਰਧਾਨ ਵਿੱਕ ਸਿੰਘ ਨੇ ਦਰਸ਼ਕਾਂ ਦਾ ਸਵਾਗਤ ਕੀਤਾ। 
ਸਮਾਗਮ ਦੀ ਸ਼ੁਰੂਆਤ ਪੈਲਾਟਾਈਨ ਦੇ ਗੁਰਮਤਿ ਸਕੂਲ ਦੀ ਸਿੱਖ ਰਿਲੀਜਨਜ਼ ਸੋਸਾਇਟੀ (ਐਸਆਰਐਸ) ਦੇ ਬੱਚਿਆਂ ਦੁਆਰਾ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਤੋਂ ਬਾਅਦ ਰੰਗੀਨ ਕੱਪੜਿਆਂ ਵਿਚ ਡਾਂਸ ਅਤੇ ਗਾਣੇ ਵੱਖ-ਵੱਖ ਉਮਰ ਵਰਗਾਂ ਦੇ ਸਥਾਨਕ ਕਲਾਕਾਰ ਬੱਚਿਆਂ ਦੁਆਰਾ ਪੇਸ਼ ਕੀਤੇ ਗਏ।

ਪੰਜਾਬੀ ਸੱਭਿਆਚਾਰਕ ਨਾਵਾਂ ਵਾਲੀਆਂ ਭੰਗੜਾ ਤੇ ਗਿੱਧਾ ਟੀਮਾਂ “ਨਵੀਂ ਪਨੀਰੀ”, “ਪੰਜਾਬੀ ਮੁਟਿਆਰਾਂ”, “ਪੰਜਾਬੀ ਅਕਾਡਮੀ ਸ਼ਿਕਾਗੋ”, “ਗੱਭਰੂ ਪੰਜਾਬ ਦੇ”, “ਮਿਲਵੌਕੀ ਭੰਗੜਾ”, “ਇੰਡੀਆਨਾ ਭੰਗੜਾ” “ਸ਼ੌਂਕਣਾਂ ਸ਼ਿਕਾਗੋ ਦੀਆਂ” ਅਤੇ ਮੋਨਾ ਭੱਲਾ ਵਰਗੇ ਸ਼ਿਕਾਗੋ ਦੇ ਮਸ਼ਹੂਰ ਗਾਇਕਾਂ ਨੇ ਭੰਗੜੇ, ਗਿੱਧੇ ਤੇ ਗੀਤ-ਸੰਗੀਤ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ। ਪੰਜਾਬੀ ਢੋਲ ਦੀ ਧਮਕ ਵਾਲੀ ਬੀਟ ਉਤੇ ਭੰਗੜਾ ਅਤੇ ਗਿੱਧਾ ਰਵਾਇਤੀ ਬੋਲੀਆਂ ਨਾਲ ਪੇਸ਼ ਕੀਤਾ ਗਿਆ। 
ਇਹ ਪ੍ਰਤੀਤ ਹੁੰਦਾ ਸੀ ਕਿ ਸਾਰੇ ਜਿਵੇਂ ਵਾਪਸ ਪੰਜਾਬ ਦੇ ਪਿੰਡਾਂ, ਤਿਉਹਾਰਾਂ ਅਤੇ ਯੂਨੀਵਰਸਿਟੀਆਂ ਦੇ ਯੁਵਕ ਮੇਲਿਆਂ ਵਿਚ ਆ ਗਏ ਹੋਣ।
ਸਮੁੱਚੇ ਪ੍ਰੋਗਰਾਮ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ, ਜਿਸ ਨੂੰ ਗੁਰਨਾਜ਼ ਕੌਰ ਸੋਹੀ, ਨਵਤੇਜ ਸਿੰਘ ਸੋਹੀ, ਗੁਰੂ ਧਾਲੀਵਾਲ, ਰਸਕੀਰਤ ਸਿੰਘ, ਗੁਰਕਿਰਨ ਕੌਰ ਪਾਲੀਆ, ਮਨਪ੍ਰੀਤ ਕੌਰ ਅਤੇ ਸਿਮਰਨ ਕੌਰ ਭੱਲਾ ਨੇ ਉਤਸ਼ਾਹ ਨਾਲ ਅੱਗੇ ਵਧਾਇਆ। ਪ੍ਰੋਗ੍ਰਾਮ ਵਿਚ ਸਾਰੇ ਟਿਕਟ ਧਾਰਕਾਂ ਲਈ ਇੱਕ ਸੋਨੇ ਦੇ ਸਿੱਕੇ ਦਾ ਰੱਫਲ ਡਰਾਅ ਸ਼ਾਮਲ ਸੀ, ਜੋ ਰੀਗਲ ਜਵੈਲਰਜ਼ ਦੁਆਰਾ ਸਪਾਂਸਰ ਕੀਤਾ ਗਿਆ। 
ਪੀਸੀਐਸ ਦੇ ਪ੍ਰਧਾਨ ਹਰਵਿੰਦਰ ਪਾਲ ਸਿੰਘ ਲਾਇਲ ਵੱਲੋਂ ਪੀਸੀਐਸ ਬੋਰਡ ਨਾਲ ਜਾਣ ਪਹਿਚਾਣ ਕਰਵਾਈ ਗਈ। ਇਸ ਤੋਂ ਬਾਅਦ ਰਾਜਿੰਦਰ ਸਿੰਘ ਮਾਗੋ ਨੇ ਕਾਂਸੀ, ਸਿਲਵਰ, ਗੋਲਡ, ਪਲੈਟਿਨਮ ਅਤੇ ਗ੍ਰੈਂਡ ਇਨਾਮਾਂ ਦੀ ਘੋਸ਼ਣਾ ਕੀਤੀ। ਪੀਸੀਐਸ ਦੇ ਚੇਅਰਮੈਨ ਗੁਰਦੀਪ ਸਿੰਘ ਨੰਦਰਾ ਦੁਆਰਾ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।  ਪੀਸੀਐਸ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਪਾਲਿਆ ਅਤੇ ਚੇਅਰਮੈਨ ਭੁਪਿੰਦਰ ਸਿੰਘ ਧਾਲੀਵਾਲ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।
ਮੁੱਖ ਮਹਿਮਾਨ ਦਰਸ਼ਨ ਸਿੰਘ ਧਾਲੀਵਾਲ, ਬਲਕ ਪੈਟਰੋਲੀਅਮ ਵਿਸਕੌਨਸਿਨ, ਵਿਸਕੌਨਸਿਨ ਦੇ ਗ੍ਰੈਂਡ ਸਪਾਂਸਰ ਡਾ. ਭੁਪਿੰਦਰ ਸਿੰਘ ਸੈਣੀ ਅਤੇ ਕੈਲੀਫੋਰਨੀਆ ਦੇ ਡਾ. ਨਰਿੰਦਰ ਸਿੰਘ ਗਰੇਵਾਲ ਨੇ ਆਪਣੇ ਵਧਾਈ ਸੰਦੇਸ਼ ਭੇਜੇ ਕਿਉਂਕਿ ਉਹ ਸ਼ਹਿਰ ਤੋਂ ਬਾਹਰ ਹੋਣ ਕਾਰਨ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ।
ਇਹ ਸਮਾਗਮ ਹਰਵਿੰਦਰ ਪਾਲ ਸਿੰਘ ਲਾਇਲ, ਵਿਕ ਸਿੰਘ, ਪਰਵਿੰਦਰ ਸਿੰਘ ਨਨੁਆ, ਮਨਜੀਤ ਸਿੰਘ ਭੱਲਾ, ਭੁਪਿੰਦਰ ਸਿੰਘ ਧਾਲੀਵਾਲ, ਗੁਰਲਾਲ ਸਿੰਘ ਭੱਠਲ, ਨਵਤੇਜ ਸਿੰਘ ਸੋਹੀ, ਬਿਕਰਮ ਸਿੰਘ ਸੋਹੀ, ਪਰਮਜੋਤ ਸਿੰਘ ਪਰਮਾਰ, ਸੁਰਿੰਦਰ ਸਿੰਘ ਪਾਲੀਆ, ਰਜਿੰਦਰ ਐਸ. ਮਾਗੋ, ਮਨਜੀਤ ਸਿੰਘ ਗਿੱਲ, ਸੁਖਮੇਲ ਐਸ ਅਟਵਾਲ, ਮੋਹਿੰਦਰਜੀਤ ਸਿੰਘ ਸੈਣੀ, ਓਂਕਾਰ ਐਸ. ਸੰਘਾ, ਜਸਬੀਰ ਸਿੰਘ ਪਾਲੀਆ, ਭਿੰਡਰ ਐਸ.ਪੰਮਾ, ਅਮਰਜੀਤ ਕੇ. ਅਟਵਾਲ, ਬਲਵਿੰਦਰ ਸਿੰਘ ਗਿਰਨ, ਗੁਰਮੀਤ ਸਿੰਘ ਢਿੱਲੋਂ, ਪਰਮਿੰਦਰ ਸਿੰਘ ਘੋਤਰਾ, ਯਾਦਵਿੰਦਰ ਐਸ. ਗਰੇਵਾਲ, ਰਾਜ ਧਾਲੀਵਾਲ, ਰਜਨੀਸ਼ ਨੰਦਰਾ ਅਤੇ ਸਮੂਹ ਵਲੰਟੀਅਰਜ਼ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਨੇਪਰੇ ਚੜ੍ਹਿਆ।