ਪਾਕਿਸਤਾਨ ਦੇ ਨਵੇਂ ਨਕਸ਼ੇ ਵਿਚ ਇਮਰਾਨ ਖਾਨ ਨੇ ਜੰਮੂ ਕਸ਼ਮੀਰ ਅਤੇ ਜੂਨਾਗੜ੍ਹ ਨੂੰ ਸ਼ਾਮਲ ਕੀਤਾ

ਪਾਕਿਸਤਾਨ ਦੇ ਨਵੇਂ ਨਕਸ਼ੇ ਵਿਚ ਇਮਰਾਨ ਖਾਨ ਨੇ ਜੰਮੂ ਕਸ਼ਮੀਰ ਅਤੇ ਜੂਨਾਗੜ੍ਹ ਨੂੰ ਸ਼ਾਮਲ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਬੀਤੇ ਕੱਲ੍ਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ਦਾ ਨਵਾਂ ਨਕਸ਼ਾ ਜਾਰੀ ਕੀਤਾ। ਪਾਕਿਸਤਾਨ ਦੇ ਇਸ ਨਵੇਂ ਨਕਸ਼ੇ ਵਿਚ ਜੰਮੂ ਕਸ਼ਮੀਰ ਦੇ ਪੂਰੇ ਇਲਾਕੇ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਨਾਲ ਹੀ ਜੂਨਾਗੜ੍ਹ ਨੂੰ ਵੀ ਪਾਕਿਸਤਾਨ ਦਾ ਇਲਾਕਾ ਇਲਾਨਿਆ ਗਿਆ ਹੈ। 

ਭਾਰਤੀ ਪ੍ਰਬੰਧ ਹੇਠਲੇ ਜੰਮੂ ਕਸ਼ਮੀਰ ਨੂੰ ਪਾਕਿਸਤਾਨ ਦੇ ਨਕਸ਼ੇ ਵਿਚ ਸ਼ਾਮਲ ਕਰਦਿਆਂ ਲਿਖਿਆ ਗਿਆ ਹੈ ਕਿ ਇਸ ਇਲਾਕੇ 'ਤੇ ਭਾਰਤ ਦਾ ਗੈਰ ਕਾਨੂੰਨੀ ਕਬਜ਼ਾ ਹੈ ਅਤੇ ਇਸ ਝਗੜੇ ਵਾਲੇ ਇਲਾਕੇ ਦਾ ਹੱਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤੇ ਮੁਤਾਬਕ ਹੀ ਹੋਵੇਗਾ।


ਪਾਕਿਸਤਾਨ ਵੱਲੋਂ ਜਾਰੀ ਕੀਤਾ ਗਿਆ ਨਵਾਂ ਨਕਸ਼ਾ

ਪਾਕਿਸਤਾਨ ਨੇ ਇਸ ਵਾਰ ਆਪਣੇ ਨਕਸ਼ੇ ਵਿਚ ਜੂਨਾਗੜ੍ਹ ਨੂੰ ਵੀ ਸ਼ਾਮਲ ਕੀਤਾ ਹੈ। ਇਸ ਸਮੇਂ ਭਾਰਤ ਦੇ ਗੁਜਰਾਤ ਸੂਬੇ ਦਾ ਹਿੱਸਾ ਹੈ ਜੂਨਾਗੜ੍ਹ। 1947 ਦੀ ਵੰਡ ਮੌਕੇ ਇਹ ਇਲਾਕਾ ਵੀ ਦੋਵਾਂ ਮੁਲਕਾਂ ਦਰਮਿਆਨ ਵਿਵਾਦ ਦਾ ਹਿੱਸਾ ਬਣਿਆ ਸੀ। 

ਪਾਕਿਸਤਾਨ ਨੇ ਸਿਆਚਿਨ ਦੇ ਸਾਰੇ ਇਲਾਕੇ ਨੂੰ ਨਕਸ਼ੇ ਵਿਚ ਪਾਕਿਸਤਾਨ ਦਾ ਇਲਾਕਾ ਐਲਾਨਿਆ ਹੈ ਅਤੇ ਇਸ 'ਤੇ ਭਾਰਤੀ ਕਬਜ਼ੇ ਨੂੰ ਨਜ਼ਾਇਜ਼ ਦੱਸਿਆ ਹੈ। 

ਇਕ ਹੋਰ ਵੱਡੀ ਤਬਦੀਲੀ ਕਰਦਿਆਂ ਪਾਕਿਸਤਾਨ ਦੇ ਨਵੇਂ ਨਕਸ਼ੇ ਵਿਚ ਭਾਰਤ-ਪਾਕਿਸਤਾਨ ਦਰਮਿਆਨ ਕੌਮਾਂਤਰੀ ਹੱਦ ਨੂੰ ਸਰ ਕਰੀਰ ਦੇ ਪੂਰਬੀ ਕੰਢੇ 'ਤੇ ਮੰਨਿਆ ਗਿਆ ਹੈ। ਭਾਰਤ ਦਾ ਕਹਿਣਾ ਹੈ ਕਿ ਇਹ ਹੱਦ ਸਰ ਕਰੀਕ ਦੇ ਪੱਛਮੀ ਕੰਢੇ 'ਤੇ ਹੈ। 

ਭਾਰਤ ਦੇ ਵਿਦੇਸ਼ ਮਹਿਕਮੇ ਨੇ ਪਾਕਿਸਤਾਨ ਦੇ ਇਸ ਨਵੇਂ ਨਕਸ਼ੇ ਨੂੰ ਰੱਦ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਇਹਨਾਂ ਦਾਅਵਿਆਂ ਦੀ ਕੋਈ ਕੌਮਾਂਤਰੀ ਮਾਨਤਾ ਨਹੀਂ ਹੈ।