ਪਾਕਿ ਵਿਚਲੇ ਗੁਰਦੁਆਰਿਆਂ ਦੀ ਸੇਵਾ ਸੰਭਾਲ ‘ਚ ਘਾਟ ਨਹੀਂ ਰਹਿਣ ਦੇਵਾਂਗੇ: ਚੌਧਰੀ ਮੁਹਮੰਦ ਸਰਵਰ

ਪਾਕਿ ਵਿਚਲੇ ਗੁਰਦੁਆਰਿਆਂ ਦੀ ਸੇਵਾ ਸੰਭਾਲ ‘ਚ ਘਾਟ ਨਹੀਂ ਰਹਿਣ ਦੇਵਾਂਗੇ: ਚੌਧਰੀ ਮੁਹਮੰਦ ਸਰਵਰ

ਫਰੀਮੌਂਟ (ਹੁਸਨ ਲੜੋਆ ਬੰਗਾ): ਪਾਕਿਸਤਾਨ ਦੇ ਵੱਡੇ ਸੂਬੇ ਪੰਜਾਬ ਦੇ ਗਵਰਨਰ ਜਨਾਬ ਚੌਧਰੀ ਮੁਹਮੰਦ ਸਰਵਰ ਇਕ ਵਿਸ਼ੇਸ਼ ਅਮਰੀਕੀ ਦੌਰੇ ਉਤੇ ਹਨ। ਉਹ ਅਮਰੀਕਾ ਵਸਦੀ ਸਿੱਖ ਕੌਮ ਨੂੰ ਪਾਕਿਸਤਾਨ ਹਕੂਮਤ ਵੱਲੋਂ ਗੁਰੂ ਨਾਨਕ ਸਾਹਿਬ ਦੇ 550 ਸਾਲਾ ਗੁਰਪੁਰਬ ਸ੍ਰੀ ਨਨਕਾਣਾ ਸਾਹਿਬ ਵਿਚ ਮਨਾਉਣ ਦਾ ਸੱਦਾ ਦੇਣ ਆਏ ਹਨ।  

ਵਾਸ਼ਿੰਗਟਨ ਡੀ.ਸੀ. ਤੇ ਨਿਊਯਾਰਕ ਤੋਂ ਬਾਅਦ ਉਹ ਕੈਲੇਫੋਰਨੀਆ ਦੇ ਸ਼ਹਿਰ ਫਰੀਮੌਂਟ ਪਹੁੰਚੇ ਜਿੱਥੇ ਪ੍ਰਸਿੱਧ ਮਿਰਾਜ ਬੈਂਕੁਇਟ ਹਾਲ ਵਿਚ ਸਿੱਖ ਤੇ ਪਾਕਿਸਤਾਨੀ ਭਾਈਚਾਰੇ ਨੇ ਗਵਰਨਰ ਸਾਹਿਬ ਦਾ ਸ਼ਾਹਾਨਾ ਸੁਆਗਤ ਕੀਤਾ। ਭਰਵੇਂ ਇਕੱਠ ਵਿਚ ਬਹੁਤ ਸਾਰੇ ਬੁਲਾਰਿਆਂ ਨੇ ਗਵਰਨਰ ਪੰਜਾਬ ਦਾ ਸੁਆਗਤ ਕੀਤਾ ਤੇ ਉਨ੍ਹਾਂ ਦੇ ਅਮਰੀਕੀ ਦੌਰੇ ਨੂੰ ਜੀ ਆਇਆਂ ਕਿਹਾ। ਸਟੇਜ ਸਕੱਤਰ ਦੀ ਸੇਵਾ ਦਵਿੰਦਰ ਸਿੰਘ ਨੇ ਨਿਭਾਈ। ਬੁਲਾਰਿਆਂ ਵਿਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ, ਡਾ. ਅਮਰਜੀਤ ਸਿੰਘ, ਡਾ. ਅਜੀਤਪਾਲ ਸਿੰਘ ਸੰਧੂ, ਡਾ. ਅੰਮ੍ਰਿਤ ਸਿੰਘ ਲਾਸ ਏਂਜਲਸ, ਪਾਕਿਸਤਾਨ ਤਹਿਰੀਕ-ਏ- ਇਨਸਾਫ ਪਾਰਟੀ ਦੇ ਮੀਤ ਪ੍ਰਧਾਨ ਫਾਰੂਖ ਅਰਸ਼ਦ, ਪੀਟੀਆਈ ਕੈਲੇਫੋਰਨੀਆ ਦੇ ਪ੍ਰਧਾਨ ਸਈਦ ਚੌਧਰੀ, ਫਿਲਮ ਦਾ ਬਲੈਕ ਪਿੰ੍ਰਸ ਦੇ ਨਿਰਮਾਤਾ ਜਸਜੀਤ ਸਿੰਘ ਤੇ ਗੁਰਦੁਆਰਾ ਫਰੀਮੌਂਟ ਦੇ ਸਾਬਕਾ ਸੁਪਰੀਮ ਕੌਂਸਲ ਮੈਂਬਰ ਜਸਦੇਵ ਸਿੰਘ ਪ੍ਰਮੁੱਖ ਸਨ। 

ਡਾਕਟਰ ਪ੍ਰਿਤਪਾਲ ਸਿੰਘ ਹੁਰਾਂ ਪਾਕਿਸਤਾਨ ਦੇ ਗੁਰਧਾਮਾਂ ਵਿਚ ਪੀਣ ਵਾਲੇ ਸਾਫ ਪਾਣੀ ਦੀਆਂ ਮਸ਼ੀਨਾਂ ਲਾਉਣ ਦੀ ਸੇਵਾ ਬਾਰੇ ਜ਼ਿੰਮੇਵਾਰੀ ਲਈ, ਜਿਸ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ.ਓਬਰਾਏ ਦਾ ਸਹਿਯੋਗ ਸ਼ਾਮਲ ਹੋਵੇਗਾ। ਗਵਰਨਰ ਸਰਵਰ ਨੇ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਸਿੱਖ ਕੌਮ ਦੇ ਇਤਿਹਾਸਕ ਗੁਰਧਾਮਾਂ ਦੀ ਸੇਵਾ ਸੰਭਾਲ ਵਿਚ ਕੋਈ ਕਸਰ ਨਹੀਂ ਛੱਡ ਰਹੀ। ਤੁਸੀਂ ਇਸ ਸਾਲ ਉਥੇ ਆਵੋ। ਆਪ ਆ ਕੇ ਵੇਖੋਗੇ ਤਾਂ ਮਹਿਸੂਸ ਕਰੋਗੇ ਕਿ  ਸਮੂਹ ਇਤਿਹਾਸਕ ਗਰਦੁਆਰਿਆਂ ਦੀ ਸੇਵਾ ਸੰਭਾਲ ਵੱਡੇ ਪੱਧਰ ਉਤੇ ਹੋ ਰਹੀ ਹੈ। ਨਵੀਆਂ ਸੜਕਾਂ ਬਣ ਰਹੀਆਂ ਹਨ, ਰਿਹਾਇਸ਼ੀ ਸਰਾਵਾਂ ਬਣ ਰਹੀਆਂ ਹਨ। ਨਵੇਂ ਰੇਲਵੇ ਸਟੇਸ਼ਨ ਬਣ ਰਹੇ ਹਨ। ਕਰਤਾਰਪੁਰ ਸਾਹਿਬ ਦੇ ਲਾਂਘੇ ਵਾਸਤੇ ਜੰਗੀ ਪੱਧਰ ਉਤੇ ਕੰਮ ਹੋ ਰਿਹਾ ਹੈ। ਵੀਜ਼ੇ ਲੈਣ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਵੇਗੀ। ਸੁਰੱਖਿਆ ਦਾ ਖਾਸ ਖਿਆਲ ਰੱਖਿਆ ਜਾਵੇਗਾ। 

ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇ ਪੰਜਾਬ ਸਰਕਾਰ ਇਸ ਵਾਰ ਬਾਬਾ ਗੁਰੂ ਨਾਨਕ ਸਾਹਿਬ ਦੇ 550 ਸਾਲਾ ਜਨਮ ਦਿਨ ਨੂੰ ਯਾਦਗਾਰੀ  ਬਣਾਉਣਾ ਚਾਹੁੰਦੀ ਹੈ ਤੇ ਇਹ ਆਪ ਸਭ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ। ਕੈਲੀਫੋਰਨੀਆ ਭਰ ਵਿਚੋਂ ਪਹੁੰਚੇ ਪਤਵੰਤੇ ਸੱਜਣਾਂ ਨੇ ਗਵਰਨਰ ਤੇ ਉਨ੍ਹਾਂ ਦੀ ਬੇਗਮ ਨੂੰ ਯਾਦਗਾਰੀ ਪਲੇਟਾਂ ਦੇ ਕੇ ਸਨਮਾਨਿਤ ਕੀਤਾ। ਗਵਰਨਰ ਹਰ ਮੇਜ਼ ਉਤੇ ਜਾ ਕੇ ਸਭ ਨੂੰ ਨਿੱਜੀ ਤੌਰ ‘ਤੇ ਮਿਲੇ ਅਤੇ ਨਨਕਾਣਾ ਸਾਹਿਬ ਆਉਣ ਦਾ ਸੱਦਾ ਦਿੱਤਾ।  
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ