ਬੱਚਿਆਂ ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ

ਬੱਚਿਆਂ ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ

ਤੇਰ੍ਹਾਂ ਸਾਲ ਤੋਂ ਛੋਟੇ ਲਗਭਗ 2.8 ਫੀਸਦੀ ਬੱਚੇ ਤੇ 13 ਤੋਂ 18 ਸਾਲ ਦੇ 5.6 ਫੀਸਦੀ ਬੱਚੇ ਢਹਿੰਦੀ ਕਲਾ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਗਿਣਤੀ ਭਾਵੇਂ ਵੱਡਿਆਂ ਦੇ ਹਿਸਾਬ ਨਾਲ ਜ਼ਿਆਦਾ ਨਾ ਜਾਪੇ ਪਰ ਵੱਡੇ ਹੋ ਕੇ ਇਹ ਬੀਮਾਰੀ ਲੰਮੇ ਸਮੇਂ ਤੱਕ ਰਹਿਣ ਵਾਲੀ ਬਣ ਜਾਂਦੀ ਹੈ। ਇਸੇ ਲਈ ਇਸ ਨੂੰ ਵੇਲੇ ਸਿਰ ਪਛਾਣ ਕੇ ਤੁਰੰਤ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਨ੍ਹਾਂ ਬੱਚਿਆਂ ਵਿੱਚੋਂ 60 ਫੀਸਦੀ ਨੂੰ ਅੱਗੋਂ ਸਾਰੀ ਉਮਰ ਢਹਿੰਦੀ ਕਲਾ ਜਕੜੀ ਰੱਖ ਸਕਦੀ ਹੈ ਜਾਂ ਫਿਰ ਨਿੱਕੀ ਜਿਹੀ ਗੱਲ ਉੱਤੇ ਹੀ ਖ਼ੁਦਕੁਸ਼ੀ ਕਰਨ ਦੇ ਖ਼ਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ ਤੇ ਬਹੁਤੇ ਖ਼ੁਦਕੁਸ਼ੀ ਕਰ ਵੀ ਜਾਂਦੇ ਹਨ।

ਢਹਿੰਦੀ ਕਲਾ ਵਿਚ ਬੱਚੇ ਦੀ ਸਿਹਤ ਉੱਤੇ ਕਾਫ਼ੀ ਮਾੜਾ ਅਸਰ ਪੈ ਜਾਂਦਾ ਹੈ। ਮਾਨਸਿਕ ਪੱਖੋਂ, ਲੋਕਾਂ ਨਾਲ ਮੇਲ ਜੋਲ ਕਰਨ ਵਿਚ, ਦੋਸਤੀਆਂ ਗੰਢਣ, ਰਿਸ਼ਤੇ ਨਿਭਾਉਣ, ਆਦਿ ਸਭ ਉੱਤੇ ਇਸ ਦਾ ਅਸਰ ਪੈਂਦਾ ਹੈ।

ਕਾਰਨ:-
1. ਜੇ ਟੱਬਰ ਵਿਚ ਪਹਿਲਾਂ ਵੀ ਕਿਸੇ ਨੂੰ ਇਹ ਰੋਗ ਹੋਵੇ ਤਾਂ ਉਸ ਘਰ ਦੇ ਬੱਚਿਆਂ ਵਿਚ ਇਸ ਰੋਗ ਦੇ ਆਸਾਰ ਤਿੰਨ ਗੁਣਾ ਵੱਧ ਹੁੰਦੇ ਹਨ।
2. ਜੇ ਘਰ ਵਿਚ ਲੜਾਈ ਹੁੰਦੀ ਰਹਿੰਦੀ ਹੋਵੇ
3. ਮਾਪੇ ਬੱਚੇ ਉੱਤੇ ਲੋੜੋਂ ਵੱਧ ਦਬਾਓ ਪਾਉਂਦੇ ਜਾਂ ਝਿੜਕਦੇ ਰਹਿੰਦੇ ਹੋਣ
4. ਘਰੇਲੂ ਹਿੰਸਾ
5. ਹਮੇਸ਼ਾ ਨਕਾਰਾਤਮਕ ਗੱਲ ਕਰਨੀ
6. ਇਕ ਬੱਚੇ ਨੂੰ ਦੂਜੇ ਤੋਂ ਵੱਧ ਤਰਜੀਹ ਦੇਣੀ
7. ਉਸ ਪਾਸੇ ਪੜ੍ਹਨ ਵੱਲ ਧੱਕਣਾ ਜਿਸ ਪਾਸੇ ਬੱਚਾ ਨਾ ਚਾਹੁੰਦਾ ਹੋਵੇ
8. ਪੜ੍ਹਾਈ ਵਿਚ ਘੱਟ ਨੰਬਰ ਆਉਣੇ
9. ਨਸ਼ਾ ਕਰਨਾ
10. ਛੋਟੀ ਉਮਰ ਵਿਚ ਵਿਆਹੇ ਜਾਣਾ ਜਾਂ ਗਰਭ ਠਹਿਰ ਜਾਣਾ
11. ਭੱਦੀ ਛੇੜਛਾੜ
12. ਸਰੀਰਕ ਸ਼ੋਸ਼ਣ
13. ਘਰੋਂ ਬਾਹਰ ਕੱਢੇ ਜਾਣਾ
14. ਪੈਸੇ ਦੀ ਤੰਗੀ
15. ਬੱਚਿਆਂ ਵਿਚ ਤਿੰਨ ਤੋਂ ਪੰਜ ਸਾਲ ਦੀ ਉਮਰ ਵਿੱਚ ਸ਼ੱਕਰ ਰੋਗ ਜਾਂ ਦਮੇ ਦਾ ਰੋਗ ਹੋ ਜਾਣ ਉੱਤੇ
16. ਪੰਜ ਸਾਲ ਦੇ ਬੱਚੇ ਨੂੰ ਕਲਾਸ ਵਿਚ ਬਾਕੀ ਬੱਚਿਆਂ ਅੱਗੇ ਝਿੜਕ ਕੇ ਸਜ਼ਾ ਦਿੱਤੀ ਜਾਣੀ ਜਿਵੇਂ ਖੜ੍ਹੇ ਕਰੀ ਰੱਖਣਾ ਜਾਂ ਕਲਾਸ ਵਿੱਚੋਂ ਬਾਹਰ ਕੱਢਣਾ
17. ਬੇਟੀ ਨੂੰ ਬੇਲੋੜੀ ਸਮਝਣਾ
18. ਜਵਾਨ ਹੋਣ ਵੇਲੇ ਦੀ ਹਾਰਮੋਨਾਂ ਵਿਚਲੀ ਤਬਦੀਲੀ
19. ਜੰਮਣ ਸਮੇਂ ਘੱਟ ਭਾਰ ਦਾ ਹੋਣਾ
20. ਜੇ ਮਾਂ ਦੀ ਉਮਰ 18 ਸਾਲ ਤੋਂ ਘੱਟ ਹੋਵੇ ਤਾਂ ਅਜਿਹੇ ਬੱਚਿਆਂ ਵਿਚ ਢਹਿੰਦੀ ਕਲਾ ਵੱਧ ਹੁੰਦੀ ਹੈ
21. ਮਾਈਗਰੇਨ ਸਿਰ ਪੀੜ ਹੋਣੀ
22. ਮੋਟਾਪਾ
23. ਘਬਰਾਹਟ ਰਹਿਣੀ
24. ਡਰਪੋਕ ਹੋਣਾ
25. ਨੀਂਦਰ ਠੀਕ ਨਾ ਆਉਣੀ
26. ਦੱਬੂ ਹੋਣਾ
27. ਸਰੀਰਕ ਕਮਜ਼ੋਰੀ
28. ਸੂਰਜ ਦੀ ਰੌਸ਼ਨੀ ਘੱਟ ਮਿਲਣੀ
29. ਕਸਰਤ ਘੱਟ ਕਰਨੀ
30. ਦੋਸਤ ਮਾਰ ਕੁਟਾਈ ਕਰਨ ਵਾਲੇ ਹੋਣੇ
31. ਮਾਂ ਜਾਂ ਦੋਸਤ ਦੀ ਮੌਤ
32. ਪੈਸੇ ਦੀ ਕਿੱਲਤ
33. ਬਹੁਤਾ ਮਿੱਠਾ ਖਾਣ ਦੇ ਸ਼ੌਕੀਨ ਬੱਚਿਆਂ ਵਿਚ
34. ਜਿਸ ਨਾਲ ਪਿਆਰ ਹੋਣਾ ਉਸ ਵੱਲੋਂ ਦੁਰਕਾਰਿਆ ਜਾਣਾ

ਕਿਵੇਂ ਲੱਭੀਏ:-
ਬੱਚਿਆਂ ਦੀ ਸਕੂਲ ਵਿਚਲੀ ਰਿਪੋਰਟ, ਆਂਢੀਆਂ-ਗੁਆਂਢੀਆਂ ਦੀਆਂ ਸ਼ਿਕਾਇਤਾਂ ਤੇ ਬੱਚੇ ਵੱਲੋਂ ਇਕ ਪ੍ਰੋਫਾਰਮਾ ਭਰਵਾਏ ਜਾਣ ਨਾਲ ਮਾਪੇ ਕੁੱਝ ਹੱਦ ਤੱਕ ਇਸ ਬੀਮਾਰੀ ਬਾਰੇ ਆਪੇ ਪਤਾ ਲਾ ਸਕਦੇ ਹਨ।

1. ਉਦਾਸੀ :-
          0-ਬਿਲਕੁਲ ਉਦਾਸ ਨਹੀਂ।
          1-ਜ਼ਿਆਦਾ ਸਮੇਂ ਉਦਾਸੀ ਮਹਿਸੂਸ ਹੋਣੀ।
          2-ਹਰ ਵੇਲੇ ਉਦਾਸੀ ਮਹਿਸੂਸ ਹੋਣੀ।
          3-ਰੋਣ ਨੂੰ ਦਿਲ ਕਰਨਾ ਤੇ ਬਹੁਤ ਜ਼ਿਆਦਾ ਉਦਾਸੀ ਹੋਣੀ।
2. ਮਾੜੇ ਵਿਚਾਰ:-
           0-ਮੈਨੂੰ ਕੋਈ ਫਿਕਰ ਫਾਕਾ ਨਹੀਂ।
           1-ਮੈਨੂੰ ਆਪਣੇ ਕੈਰੀਆਰ ਬਾਰੇ ਬਹੁਤ ਚਿੰਤਾ ਹੋਣ ਲੱਗ ਪਈ ਹੈ।
           2-ਸਭ ਕੁੱਝ ਮੇਰੇ ਹਿਸਾਬ ਨਾਲ ਨਹੀਂ ਹੋ ਰਿਹਾ।
           3-ਮੇਰਾ ਭਵਿੱਖ ਹਨ੍ਹੇਰਾ ਹੈ। ਕੋਈ ਰਾਹ ਨਹੀਂ ਲੱਭ ਰਿਹਾ।
3. ਪਿਛਲੀ ਵਾਰ ਦਾ ਫੇਲ੍ਹ ਹੋਣਾ :-    
                   0-ਕੋਈ ਗੱਲ ਨਹੀਂ।
                   1-ਮੈਨੂੰ ਆਪਣਾ ਫੇਲ੍ਹ ਹੋਣਾ ਚੁੱਭਦਾ ਹੈ।
                   2-ਮੈਨੂੰ ਤਾਂ ਹਰ ਵਾਰ ਆਪਣਾ ਫੇਲ੍ਹ ਹੋਣਾ ਦਿਸਦਾ ਰਹਿੰਦਾ ਹੈ।
                   3-ਮੈਂ ਤਾਂ ਬਿਲਕੁਲ ਨਕਾਰਾ ਤੇ ਜ਼ਿੰਦਗੀ ਤੋਂ ਹਾਰਿਆ ਇਨਸਾਨ ਹਾਂ।
4. ਆਪਣੇ ਆਪ ਪ੍ਰਤੀ ਨਕਾਰਾਤਮਕ ਸੋਚ:-
                           0-ਮੈਂ ਬਿਲਕੁਲ ਠੀਕ ਹਾਂ।
                           1-ਆਤਮ ਵਿਸ਼ਵਾਸ ਦੀ ਘਾਟ ਲੱਗ ਰਹੀ ਹੈ।
                           2-ਮੇਰੇ ਵਿਚ ਬਹੁਤ ਕਮੀਆਂ ਹਨ।
                           3-ਮੈਂ ਨਖਿੱਧ ਹਾਂ।
5. ਆਪਣੀ ਨੁਕਤਾਚੀਨੀ ਕਰਨੀ :-    
                     0-ਮੈਂ ਆਪਣੇ ਵਿਚ ਵਾਧੂ ਨੁਕਸ ਨਹੀਂ ਲੱਭ ਰਿਹਾ।
                    1-ਮੈਨੂੰ ਆਪਣੇ ਵਿਚ ਪਹਿਲਾਂ ਨਾਲੋਂ ਵੱਧ ਨੁਕਸ ਦਿਸਦੇ ਹਨ।
                    2-ਮੈਨੂੰ ਆਪਣੇ ਵਿਚ ਨਿਰੇ ਨੁਕਸ ਹੀ ਦਿਸ ਰਹੇ ਹਨ।
                    3-ਜੋ ਵੀ ਕੁੱਝ ਮਾੜਾ ਹੁੰਦਾ ਹੈ, ਸਭ ਮੇਰੇ ਕਰਕੇ ਹੀ ਹੁੰਦਾ ਹੈ।
6. ਖ਼ੁਦਕੁਸ਼ੀ ਦੇ ਵਿਚਾਰ :-
             0-ਮੇਰਾ ਖ਼ੁਦਕੁਸ਼ੀ ਕਰਨ ਦਾ ਕੋਈ ਵਿਚਾਰ ਨਹੀਂ।
             1-ਮੈਨੂੰ ਖ਼ਿਆਲ ਤਾਂ ਆਉਂਦੇ ਹਨ, ਪਰ ਮੈਂ ਮਰਨਾ ਨਹੀਂ ਚਾਹੁੰਦਾ।
             2-ਮੇਰਾ ਮਰਨ ਨੂੰ ਦਿਲ ਕਰਦਾ ਹੈ।
             3-ਬਸ ਮੌਕਾ ਮਿਲ ਜਾਏ, ਮੈਂ ਖ਼ੁਦਕੁਸ਼ੀ ਕਰ ਲੈਣੀ ਹੈ।
7. ਦਿਲਚਸਪੀ ਘਟਣੀ :-
            0-ਮੈਂ ਦੂਜਿਆਂ ਨਾਲ ਘੁਲ ਮਿਲ ਰਿਹਾ ਹਾਂ।
            1-ਮੇਰਾ ਕਿਸੇ ਨੂੰ ਮਿਲਣ ਦਾ ਘੱਟ ਦਿਲ ਕਰਦਾ ਹੈ।
            2-ਮੇਰਾ ਹੋਰ ਚੀਜ਼ਾਂ ਵੱਲ ਬਹੁਤ ਧਿਆਨ ਨਹੀਂ ਜਾਂਦਾ।
            3-ਨਾ ਮੈਂ ਕਿਸੇ ਨੂੰ ਮਿਲਣਾ ਹੈ ਨਾ ਕੁੱਝ ਹੋਰ ਕਰਨਾ ਹੈ।

ਨਤੀਜੇ :-
    0-3 ਨੰਬਰ- ਢਹਿੰਦੀ ਕਲਾ ਦੇ ਨਾ ਬਰਾਬਰ ਅੰਸ਼
    4-6 ਨੰਬਰ- ਢਹਿੰਦੀ ਕਲਾ ਦੇ ਕੁੱਝ ਲੱਛਣ
    7-9 ਨੰਬਰ- ਬਿਮਾਰੀ ਵਧ ਗਈ ਹੈ
    10-21 ਨੰਬਰ- ਬਿਮਾਰੀ ਹੱਦੋਂ ਜ਼ਿਆਦਾ ਵੱਧ ਚੁੱਕੀ ਹੈ।

ਜਵਾਨ ਹੋ ਰਹੇ ਬੱਚਿਆਂ ਵਿਚ ਸ਼ੁਰੂਆਤੀ ਦੌਰ ਵਿਚ ਥਕੇਵਾਂ, ਬੋਰੀਅਤ ਮਹਿਸੂਸ ਹੋਣੀ, ਨਿਕੰਮਾਪਨ, ਨਿਠੱਲਾ, ਨੀਂਦਰ ਵੱਧ ਆਉਣੀ, ਭਾਰ ਘਟਣ ਲੱਗ ਜਾਣਾ, ਸ਼ਰਾਬ ਪੀਣ ਲੱਗ ਪੈਣਾ, ਨਸ਼ਾ ਕਰਨਾ, ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨੀ, ਕਦੇ ਖ਼ੁਸ਼ੀ ਮਹਿਸੂਸ ਨਾ ਹੋਣੀ, ਆਦਿ ਵੇਖੇ ਜਾ ਸਕਦੇ ਹਨ।

ਛੋਟੇ ਬੱਚਿਆਂ ਵਿਚ ਸਰੀਰਕ ਪੀੜਾਂ, ਸਿਰ ਪੀੜ, ਡਰ, ਘਬਰਾਹਟ, ਭੈੜੇ ਸੁਫ਼ਨੇ ਆਉਣੇ, ਪੜ੍ਹਾਈ ਵਿਚ ਦਿਲ ਘੱਟ ਲੱਗਣਾ, ਸਕੂਲ ਜਾਣ ਤੋਂ ਭੱਜਣਾ, ਘਰ ਅੰਦਰ ਕਿਸੇ ਚੋਰ ਜਾਂ ਡਾਕੂ ਦੇ ਵੜਨ ਦੇ ਖ਼ਿਆਲ ਆਉਣ ਲੱਗ ਪੈਣੇ, ਸੱਪ ਜਾਂ ਹੋਰ ਜਾਨਵਰਾਂ ਵੱਲੋਂ ਕੱਟੇ ਜਾਣ ਦੇ ਖ਼ਿਆਲ ਆਉਣੇ, ਮਾਪਿਆਂ ਦੇ ਮਰਨ ਦਾ ਡਰ, ਬਹੁਤ ਜ਼ਿਆਦਾ ਉਦਾਸੀ ਮਹਿਸੂਸ ਕਰਨੀ, ਚਿੜਚਿੜਾਪਨ, ਲੜਨਾ, ਜ਼ਿੱਦੀ ਬਣ ਜਾਣਾ, ਮਰਨ ਦਾ ਖ਼ਿਆਲ ਆਉਣਾ, ਬੀਮਾਰ ਜਾਂ ਥੱਕਿਆ ਮਹਿਸੂਸ ਕਰਨਾ, ਖੇਡਣ ਨੂੰ ਦਿਲ ਨਾ ਕਰਨਾ, ਆਦਿ ਹੋ ਸਕਦੇ ਹਨ।

ਇਲਾਜ ਤੋਂ ਪਹਿਲਾਂ:-
ਅਜਿਹੇ ਬੱਚੇ ਦੇ ਇਲਾਜ ਤੋਂ ਪਹਿਲਾਂ ਉਸ ਦੇ ਕੁੱਝ ਟੈਸਟ ਕਰਨੇ ਜ਼ਰੂਰੀ ਹੁੰਦੇ ਹਨ ਕਿਉਂਕਿ ਕੁੱਝ ਹੋਰ ਬੀਮਾਰੀਆਂ ਵਿਚ ਵੀ ਅਜਿਹੇ ਲੱਛਣ ਦਿਸ ਸਕਦੇ ਹਨ, ਜਿਵੇਂ ਥਾਇਰਾਇਡ ਹਾਰਮੋਨਾਂ ਦਾ ਵਧਣਾ ਜਾਂ ਘੱਟ ਹੋ ਜਾਣਾ, ਲਹੂ ਦੀ ਕਮੀ, ਕੁੱਝ ਦਵਾਈਆਂ ਦੇ ਮਾੜੇ ਅਸਰ, ਕੈਂਸਰ, ਕਰੌਨਿਕ ਫਟੀਗ ਸਿੰਡਰੋਮ, ਏਡਜ਼, ਪੀਲੀਆ, ਅੰਤੜੀਆਂ ਦੇ ਰੋਗ, ਦਿਮਾਗ਼ੀ ਬੀਮਾਰੀ, ਬੀਟਾ ਬਲੌਕਰ ਦਵਾਈਆਂ, ਗਰਭ ਰੋਕੂ ਦਵਾਈਆਂ, ਸਟੀਰਾਇਡ, ਆਈਸੋਟਰੈਟੀਨਾਇਨ ਦਵਾਈ, ਟਿਕ ਕੇ ਨਾ ਬਹਿ ਸਕਣ ਦੀ ਬੀਮਾਰੀ, ਖਾਣੇ ਦੇ ਰੋਗ (ਬੂਲੀਮੀਆ, ਐਨੋਰੈਕਸੀਆ ਨਰਵੋਜ਼ਾ), ਸਕੀਜ਼ੋਫਰੀਨੀਆ, ਹੈਰੋਇਨ (ਚਿੱਟਾ) ਦੀ ਵਰਤੋਂ ਆਦਿ ਵੀ ਅਜਿਹੇ ਲੱਛਣਾਂ ਦਾ ਕਾਰਨ ਹੋ ਸਕਦੇ ਹਨ।

ਇਲਾਜ:-
ਬੱਚੇ ਦੀ ਢਹਿੰਦੀ ਕਲਾ ਦਾ ਇਲਾਜ ਤੁਰੰਤ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਦੀ ਦੇਖ-ਰੇਖ ਹੇਠਾਂ ਸ਼ੁਰੂ ਕਰਵਾਉਣਾ ਜ਼ਰੂਰੀ ਹੈ ਤੇ ਇਹ ਲੰਮੇ ਸਮੇਂ ਤਕ ਜਾਰੀ ਵੀ ਰੱਖਣਾ ਚਾਹੀਦਾ ਹੈ। ਜਦ ਬੱਚਾ ਪੂਰੀ ਤਰ੍ਹਾਂ ਠੀਕ ਹੋ ਜਾਵੇ, ਉਸ ਤੋਂ ਬਾਅਦ ਵੀ ਛੇ ਮਹੀਨੇ ਹੋਰ ਤਕ ਇਲਾਜ ਜ਼ਰੂਰ ਜਾਰੀ ਰੱਖਣਾ ਹੁੰਦਾ ਹੈ।

ਇਸ ਦੇ ਬਾਵਜੂਦ ਵੀ 34 ਤੋਂ 60 ਫੀਸਦੀ ਵਿਚ ਇਹ ਲੱਛਣ ਦੁਬਾਰਾ ਸ਼ੁਰੂ ਹੋ ਸਕਦੇ ਹਨ। ਇਸੇ ਲਈ ਘਰ ਦਾ ਮਾਹੌਲ ਖ਼ੁਸ਼ਗਵਾਰ ਰੱਖਣਾ ਜ਼ਰੂਰੀ ਹੈ ਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਲੋੜੀਂਦਾ ਸਮਾਂ ਵੀ ਜ਼ਰੂਰ ਦੇਣ ਤੇ ਉਨ੍ਹਾਂ ਦੀਆਂ ਗੁੰਝਲਾਂ ਸੁਲਣਾ ਦੇਣ। ਖੇਡਾਂ ਵੱਲ ਵੱਧ ਰੁਝਾਨ ਕਰਵਾਉਣ ਅਤੇ ਬੱਚੇ ਨੂੰ ਆਪਣੀ ਮਰਜ਼ੀ ਦਾ ਕਿੱਤਾ ਚੁਣਨ ਦਾ ਹੱਕ ਜ਼ਰੂਰ ਦੇਣਾ ਚਾਹੀਦਾ ਹੈ।

ਡਾ. ਹਰਸ਼ਿੰਦਰ ਕੌਰ, ਐਮ. ਡੀ.
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783