ਨਿਊਯਾਰਕ ਦੀ ਵਿਧਾਨ ਸਭਾ ਨੇ ਕਸ਼ਮੀਰੀ ਸੰਘਰਸ਼ ਦੇ ਹੱਕ ਵਿਚ ਮਤਾ ਪਾਸ ਕੀਤਾ

ਨਿਊਯਾਰਕ ਦੀ ਵਿਧਾਨ ਸਭਾ ਨੇ ਕਸ਼ਮੀਰੀ ਸੰਘਰਸ਼ ਦੇ ਹੱਕ ਵਿਚ ਮਤਾ ਪਾਸ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਕਸ਼ਮੀਰ ਦੇ ਹੱਕਾਂ ਲਈ ਅਵਾਜ਼ ਚੁੱਕਦਿਆਂ ਅਮਰੀਕਾ ਦੇ ਸੂਬੇ ਨਿਊਯਾਰਕ ਦੀ ਵਿਧਾਨ ਸਭਾ ਨੇ ਇਕ ਮਤਾ ਪਾਸ ਕਰਦਿਆਂ ਸੂਬੇ ਦੇ ਗਵਰਨਰ ਐਂਡਰਿਊ ਕਿਊਮੋ ਤੋਂ ਮੰਗ ਕੀਤੀ ਹੈ ਕਿ ਪੰਜ ਫਰਵਰੀ ਦੇ ਦਿਨ ਨੂੰ 'ਕਸ਼ਮੀਰੀ ਅਮਰੀਕੀ ਦਿਹਾੜੇ' ਵਜੋਂ ਮਨਾਉਣ ਦਾ ਐਲਾਨ ਕੀਤਾ ਜਾਵੇ। ਜ਼ਿਕਰਯੋਗ ਹੈ ਕਿ 5 ਫਰਵਰੀ ਨੂੰ ਪਾਕਿਸਤਾਨ ਵੱਲੋਂ ਕਸ਼ਮੀਰ ਏਕਤਾ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ ਅਤੇ ਕਸ਼ਮੀਰੀਆਂ ਵੱਲੋਂ ਆਪਣੀ ਅਜ਼ਾਦੀ ਲਈ ਕੀਤੇ ਜਾ ਰਹੇ ਸੰਘਰਸ਼ ਦੇ ਸਮਰਥਨ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। 

ਕੀ ਕਹਿੰਦਾ ਹੈ ਇਹ ਮਤਾ?
ਇਹ ਮਤਾ ਵਿਧਾਨ ਸਭਾ ਦੇ 13 ਮੈਂਬਰਾਂ ਵੱਲੋਂ ਪੇਸ਼ ਕੀਤਾ ਗਿਆ ਜਿਸਨੂੰ ਅਵਾਜ਼ ਮੱਤ ਨਾਲ ਵਿਧਾਨ ਸਭਾ ਨੇ ਸਹਿਮਤੀ ਦਿੱਤੀ। ਇਸ ਮਤੇ 'ਚ ਕਿਹਾ ਗਿਆ ਹੈ ਕਿ ਕਸ਼ਮੀਰੀ ਭਾਈਚਾਰੇ ਨੇ ਔਖ ਝੱਲ ਕੇ ਵੀ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਖ਼ੁਦ ਨੂੰ ਨਿਊਯਾਰਕ ਪਰਵਾਸੀ ਭਾਈਚਾਰੇ ਦੇ ਅਹਿਮ ਥੰਮ੍ਹ ਵਜੋਂ ਸਥਾਪਿਤ ਕੀਤਾ ਹੈ। ਇਸ ਦੇ ਨਾਲ ਹੀ ਮਤੇ ਵਿਚ ਕਿਹਾ ਗਿਆ ਹੈ ਕਿ ਨਿਊਯਾਰਕ ਮਨੁੱਖੀ ਹੱਕਾਂ ਨੂੰ ਤਰਜੀਹ ਦੇਣ, ਸਾਰੇ ਕਸ਼ਮੀਰੀ ਲੋਕਾਂ ਨੂੰ ਧਾਰਮਿਕ ਤੇ ਭਾਵਨਾਵਾਂ ਪ੍ਰਗਟਾਉਣ ਦੀ ਆਜ਼ਾਦੀ ਦੇਣ ਦੀ ਹਾਮੀ ਭਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਮੱਦਾਂ ਅਮਰੀਕੀ ਸੰਵਿਧਾਨ ਮੁਤਾਬਕ ਹਨ।

ਭਾਰਤ ਨੇ ਇਤਰਾਜ਼ ਪ੍ਰਗਟ ਕੀਤਾ
ਭਾਰਤ ਸਰਕਾਰ ਨੇ ਨਿਊਯਾਰਕ ਵਿਧਾਨ ਸਭਾ ਦੇ ਇਸ ਮਤੇ 'ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਕਿ ‘ਨਿੱਜੀ ਹਿੱਤਾਂ’ ਖਾਤਰ ਕੁਝ ਲੋਕ ਜੰਮੂ ਕਸ਼ਮੀਰ ਦੇ ਅਮੀਰ ਸਭਿਆਚਾਰਕ ਤੇ ਸਮਾਜਿਕ ਤਾਣੇ-ਬਾਣੇ ਨੂੰ ਗਲਤ ਢੰਗ ਨਾਲ ਪੇਸ਼ ਕਰ ਕੇ ਲੋਕਾਂ ਨੂੰ ਵੰਡ ਰਹੇ ਹਨ। ਮਤੇ ਉਤੇ ਟਿੱਪਣੀ ਕਰਦਿਆਂ ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀ ਨੇ ਕਿਹਾ ‘ਅਮਰੀਕਾ ਵਾਂਗ ਭਾਰਤ ਵੀ ਲੋਕਤੰਤਰ ਹੈ ਤੇ 130 ਕਰੋੜ ਭਾਰਤ ਵਾਸੀਆਂ ਦੀ ਬਹੁਲਵਾਦੀ ਨੈਤਿਕਤਾ ਮਾਣ ਕਰਨ ਯੋਗ ਹੈ।’ ਇਸ ਦੇ ਨਾਲ ਹੀ ਭਾਰਤ ਨੇ ਕਿਹਾ ਕਿ ਸਣੇ ਜੰਮੂ ਕਸ਼ਮੀਰ ਦੇਸ਼ ਆਪਣੀ ਵਿੰਭਿਨਤਾ ਤੇ ਅਮੀਰ ਸਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਉਂਦਾ ਹੈ। ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਭਾਰਤੀ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਿਊਯਾਰਕ ਸੂਬੇ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਭਾਰਤੀ-ਅਮਰੀਕੀ ਭਾਈਵਾਲੀ ਨਾਲ ਜੁੜੇ ਸਾਰੇ ਮੁੱਦਿਆਂ ’ਤੇ ਰਾਬਤਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਰਵਾਸੀ ਭਾਰਤੀਆਂ ਦੇ ਹਰ ਵਰਗ ਨੂੰ ਨਾਲ ਜੋੜਿਆ ਜਾਵੇਗਾ।

ਪਾਕਿਸਤਾਨ ਨੇ ਮਤੇ ਦਾ ਸਵਾਗਤ ਕੀਤਾ
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਨਿਊਯਾਰਕ ਵਿਧਾਨ ਸਭਾ ਦਾ ਇਹ ਮਤਾ ਸਵਾਗਤਯੋਗ ਹੈ ਅਤੇ ਇਸ ਨਾਲ ਸਪਸ਼ਟ ਹੁੰਦਾ ਹੈ ਕਿ ਭਾਰਤ ਕਸ਼ਮੀਰੀ ਲੋਕਾਂ ਦੇ ਮਨੁੱਖੀ ਹੱਕਾਂ ਦਾ ਜਿਹੜਾ ਘਾਣ ਕਰ ਰਿਹਾ ਹੈ ਉਸ 'ਤੇ ਪਰਦਾ ਨਹੀਂ ਪਾ ਸਕਦਾ। ਇਸ ਮਾਮਲੇ ’ਤੇ ਨਿਊਯਾਰਕ ਸਥਿਤ ਪਾਕਿਸਤਾਨੀ ਦੂਤਾਵਾਸ ਦੀ ਅਫਸਰ ਆਇਸ਼ਾ ਅਲੀ ਨੇ ਬਿਆਨ ਜਾਰੀ ਕਰਦਿਆਂ ਮਤਾ ਪੇਸ਼ ਕਰਨ ਵਾਲੇ ਮੈਂਬਰਾਂ ਤੇ ਇਸ ਮਤੇ ਦੀ ਵਕਾਲਤ ਕਰਨ ਵਾਲੇ ਅਮਰੀਕੀ-ਪਾਕਿਸਤਾਨੀਆਂ ਦੀ ਸ਼ਲਾਘਾ ਕੀਤੀ ਹੈ।