ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਵੱਲੋਂ ਕਿਸਾਨ ਆਗੂਆਂ ਦੇ ਗਲਤ ਫੈਸਲਿਆਂ ਦੀ ਨਿਖੇਧੀ

ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਵੱਲੋਂ ਕਿਸਾਨ ਆਗੂਆਂ ਦੇ ਗਲਤ ਫੈਸਲਿਆਂ ਦੀ ਨਿਖੇਧੀ

ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਨੇ ਕਿਸਾਨ ਸੰਘਰਸ਼ ਚਲਾ ਰਹੇ ਆਗੂਆਂ ਦੇ ਆਪ ਹੁਦਰੇ ਫੈਸਲਿਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਜਥੇਬੰਦੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਹੈ ਕਿ ਜਿਸ ਦਿਨ ਦਾ ਪੰਜਾਬ ਤੋਂ ਕਿਸਾਨ ਮੋਰਚਾ ਅਰੰਭ ਹੋਇਆ ਹੈ ਇਸ ਦੀ ਅਗਵਾਈ ਕਰਨ ਵਾਲੇ ਆਗੂ ਮੋਰਚੇ ਦੀ ਸਫਲਤਾ ਨਾਲੋਂ ਆਪਣੀ ਹਉਮੈਂ ਨੂੰ ਜਿਆਦਾ ਪੱਠੇ ਪਾ ਰਹੇ ਹਨ। 50 ਸਾਲਾਂ ਦੇ ਤਜਰਬੇ ਦਾ ਦਬਕਾ ਮਾਰਕੇ ਇਹ ਕਿਸਾਨ ਆਗੂ ਪੈਰ ਪੈਰ ਤੇ ਗਲਤ ਫੈਸਲੇ ਲੈਂਦੇ ਰਹੇ ਅਤੇ ਭੋਲੇ ਭਾਲੇ ਕਿਸਾਨਾਂ ਨੂੰ ਧੋਖਾ ਦੇਂਦੇ ਰਹੇ।

ਪੰਜਾਬ ਵਿੱਚ ਵੀ ਇਨ੍ਹਾਂ ਨੇ ਕਿਸਾਨੀ ਨੂੰ ਕੋਈ ਸਾਂਝਾ ਪਰੋਗਰਾਮ ਨਾ ਦਿੱਤਾ। ਕਦੇ ਟੋਲ ਪਲਾਜ਼ੇ ਬੰਦ ਕਰ ਦਿਉ ਜੀ ਕਦੇ ਖੋਲ੍ਹ ਦਿਉ ਜੀ, ਕਦੇ ਰੇਲ ਗੱਡੀਆਂ ਬੰਦ ਕਰ ਦਿਉ ਜੀ ਕਦੇ ਚਲਾ ਦਿਉ ਜੀ। ਫਿਰ ਦਿੱਲੀ ਕੂਚ ਕਰਨ ਦਾ ਐਲਾਨ ਕਰਕੇ ਕਿਸਾਨ ਆਗੂ ਆਪ ਹਰਿਆਣੇ ਦੀਆਂ ਹੱਦਾਂ ਉੱਤੇ ਹੀ ਬੈਠ ਜਾਣ ਦਾ ਗੁਪਤ ਫੈਸਲਾ ਕਰ ਬੈਠੇ।

ਸਿੱਖ ਸੰਗਤ ਦੇ ਦਬਾਅ ਅਧੀਨ ਜਦੋਂ ਇਹ ਦਿੱਲੀ ਪਹੁੰਚੇ ਤਾਂ ਵੀ ਸਰਕਾਰ ਵੱਲੋਂ ਵਿਛਾਏ ਜਾਲ ਵਿੱਚ ਫਸਣ ਲਈ ਕਾਹਲੇ ਪਏ ਹੋਏ ਸਨ। ਪਰ ਸਿਦਕੀ ਨੌਜਵਾਨਾਂ ਦੇ ਸਿਰੜ ਅੱਗੇ ਇਨ੍ਹਾਂ ਨੂੰ ਝੁਕਣਾਂ ਪਿਆ। ਫਿਰ ਵਾਰ ਵਾਰ ਮੋਰਚੇ ਦੌਰਾਨ ਇਨ੍ਹਾਂ ਕਿਸਾਨ ਆਗੂਆਂ ਵੱਲੋਂ ਸਿੱਖ ਧਰਮ ਦੀ, ਸਿੱਖ ਇਤਿਹਾਸ ਦੀ ਅਤੇ ਸਿੱਖ ਚਿੰਨ੍ਹਾਂ ਦੀ ਬੇਇਜ਼ਤੀ ਜਾਣਬੁੱਝ ਕੇ ਕੀਤੀ ਜਾਂਦੀ ਰਹੀ। ਸੰਗਤਾਂ ਦੇ ਰੋਹ ਤੋਂ ਬਾਅਦ ਇਹ ਮੁਆਫੀਆਂ ਵੀ ਮੰਗਦੇ ਰਹੇ।

ਹੁਣ 26 ਜਨਵਰੀ ਦੀ ਟਰੈਕਟਰ ਰੈਲੀ ਦਾ ਸੱਦਾ ਦੇ ਕੇ ਇਨ੍ਹਾਂ ਨੇ ਵੱਡੀ ਗਿਣਤੀ ਵਿੱਚ ਸੰਗਤ ਨੂੰ ਪੰਜਾਬ ਤੋਂ ਬੁਲਾ ਲਿਆ ਪਰ ਉਸ ਲਈ ਆਪਣੀ ਜਿੰਮੇਵਾਰੀ ਤੋਂ ਪੂਰੀ ਤਰ੍ਹਾਂ ਭੱਜ ਕੇ ਸੰਗਤਾਂ ਦੀ ਪਿੱਠ ਵਿੱਚ ਛੁਰਾ ਮਾਰਿਆ। ਆਪਣੀਆਂ ਨਾਕਾਮੀਆਂ ਲੁਕਾਉਣ ਲਈ ਹੁਣ ਕਿਸਾਨ ਆਗੂਆਂ ਨੇ ਮੋਰਚੇ ਲਈ ਦਿਨ ਰਾਤ ਕੰਮ ਕਰਨ ਵਾਲੇ ਨੌਜਵਾਨਾਂ ਉੱਤੇ ਗਦਾਰੀਆਂ ਦੇ ਫਤਵੇ ਲਾਉਣੇ ਅਰੰਭ ਕਰ ਦਿੱਤੇ ਹਨ।

ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਸਮਝਦੀ ਹੈ ਕਿ ਕਿਸਾਨ ਆਗੂ ਇਸ ਮੋਰਚੇ ਦੀ ਏਕਤਾ ਕਾਇਮ ਰੱਖਣ ਵਿੱਚ ਬੁਰੀ ਤਰ੍ਹਾਂ ਨਾਕਾਮ ਸਿੱਧ ਹੋਏ ਹਨ ਅਤੇ ਹੁਣ ਉਹ ਆਪਣੀਆਂ ਕਮਜ਼ੋਰੀਆਂ ਉੱਤੇ ਪਰਦਾ ਪਾਉਣ ਲਈ ਨਫਰਤ ਭਰਪੂਰ ਬਿਆਨਬਾਜੀ ਕਰ ਰਹੇ ਹਨ। ਇਸ ਤਰ੍ਹਾਂ ਉਹ ਇੱਕ ਵਾਰ ਫਿਰ ਸੰਗਤ ਨਾਲ ਧੋਖਾ ਕਰ ਰਹੇ ਹਨ। ਅਸੀਂ ਇਸ ਵਰਤਾਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ।

ਅਸੀਂ ਭਾਰਤੀ ਸਟੇਟ ਦੀਆਂ ਦਮਨਕਾਰੀ ਨੀਤੀਆਂ ਦੀ ਵੀ ਸਖਤ ਨਿਖੇਧੀ ਕਰਦੇ ਹਾਂ। ਕਿਸਾਨਾਂ ਤੇ ਪੁਲਿਸ ਜਬਰ, ਉਨ੍ਹਾਂ ਦਾ ਪਾਣੀ,ਬਿਜਲੀ ਅਤੇ ਇੰਟਰਨੈਟ ਬੰਦ ਕਰਨ ਅਤੇ ਮੁਢਲੀਆਂ ਸਹੂਲਤਾਂ ਤੋਂ ਵਿਰਵਾ ਕਰਨ ਦੀ ਵੀ ਸਖਤ ਨਿਖੇਧੀ ਕਰਦੇ ਹਾਂ। ਨਜਾਇਜ ਹਿਰਾਸਤ ਵਿੱਚ ਲਏ ਕਿਸਾਨਾਂ ਦੀ ਰਿਹਾਈ ਦੀ ਮੰਗ ਕਰਦੇ ਹਾਂ। ਅਸੀਂ ਕੌਮਾਂਤਰੀ ਸੰਸਥਾਵਾਂ ਅਤੇ ਵਿਦੇਸੀ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਰਤ ਸਰਕਾਰ ਵੱਲੋਂ ਸ਼ਾਂਤਮਈ ਸੰਘਰਸ਼ ਉੱਤੇ ਹੋ ਜੁਲਮ ਨੂੰ ਰੋਕਣ ਲਈ ਅਵਾਜ਼ ਬੁਲੰਦ ਕਰਨ।

ਅਮਰਜੀਤ ਸਿੰਘ ਖਾਲੜਾ

ਜੋਗਿੰਦਰ ਸਿੰਘ ਬੱਲ

ਸਤਨਾਮ ਸਿੰਘ

ਰਾਜਿੰਦਰ ਸਿੰਘ ਸੰਧੂ

ਅਵਤਾਰ ਸਿੰਘ