ਮੱਕੜ ਅਤੇ ਸਾਬਕਾ ਡੀਜੀਪੀ ਵਿਰਕ ਸਣੇ ਕਈ ਆਗੂ ਭਾਜਪਾ ਵਿਚ ਸ਼ਾਮਲ

ਮੱਕੜ ਅਤੇ ਸਾਬਕਾ ਡੀਜੀਪੀ ਵਿਰਕ ਸਣੇ ਕਈ ਆਗੂ ਭਾਜਪਾ ਵਿਚ ਸ਼ਾਮਲ

* ਮਿਸ਼ਨ ਪੰਜਾਬ ਤਹਿਤ ਭਾਜਪਾ ਸਿੱਖ ਚਿਹਰੇ ਤਲਾਸ਼ਣ ਲੱਗੀ 

ਅੰਮ੍ਰਿਤਸਰ ਟਾਈਮਜ਼

ਜਲੰਧਰਭਾਰਤੀ ਜਨਤਾ ਪਾਰਟੀ ਨੇ ਆਗਾਮੀ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਸਿਆਸੀ ਪੈਰ ਜਮਾਉਣ ਲਈ ਸਿੱਖ ਚਿਹਰੇ ਤਲਾਸ਼ਣੇ ਸ਼ੁਰੂ ਕਰ ਦਿੱਤੇ ਹਨ। ਸੀਨੀਅਰ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸਾਬਕਾ ਡੀਜੀਪੀ ਸਰਬਦੀਪ ਸਿੰਘ ਵਿਰਕ, ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਤੇ ਅਕਾਲੀ ਆਗੂ ਅਵਤਾਰ ਸਿੰਘ ਜ਼ੀਰਾ, ਉਦਯੋਗਪਤੀ ਹਰਚਰਨ ਸਿੰਘ ਰਣੌਤਾ ਅਤੇ ‘ਆਪ’ ਆਗੂ ਗੁਰਪ੍ਰੀਤ ਸਿੰਘ ਭੱਟੀ ਆਦਿ  ਭਾਜਪਾ ਵਿੱਚ ਸ਼ਾਮਲ ਹੋ ਗਏ। ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਦਿੱਲੀ ਵਿਚ ਇਨ੍ਹਾਂ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਆਮਦ ਨਾਲ ਪੰਜਾਬ ਵਿਚ ਪਾਰਟੀ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ। ਦੱਸਣਯੋਗ ਹੈ ਕਿ ਜਲੰਧਰ ਕੈਂਟ ਤੋਂ ਚੋਣ ਲੜਨ ਵਾਲੇ ਸਰਬਜੀਤ ਸਿੰਘ ਮੱਕੜ ਸ਼੍ਰੋਮਣੀ ਅਕਾਲੀ ਦਲ ਨਾਲ ਉਦੋਂ ਤੋਂ ਨਾਰਾਜ਼ ਚੱਲੇ ਆ ਰਹੇ ਸਨ ਜਦੋਂ ਤੋਂ ਅਕਾਲੀ ਦਲ ਨੇ ਜਲੰਧਰ ਕੈਂਟ ਤੋਂ ਜਗਬੀਰ ਸਿੰਘ ਬਰਾੜ ਨੂੰ ਉਮੀਦਵਾਰ ਐਲਾਨਿਆ ਹੈ। ਮੱਕੜ ਨੇ ਕਿਹਾ ਕਿ ਉਹ ਜਲਦੀ ਹੀ ਜਲੰਧਰ ਕੈਂਟ ਵਿਚ ਵੱਡਾ ਸਮਾਗਮ ਕਰਕੇ ਆਪਣੇ ਸਾਥੀਆਂ ਨੂੰ ਭਾਜਪਾ ਵਿਚ ਸ਼ਾਮਲ ਕਰਨਗੇ। ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਅੰਦੋਲਨ ਕਰਕੇ ਭਾਜਪਾ ਪੰਜਾਬ ਵਿਚੋਂ ਪੂਰੀ ਤਰ੍ਹਾਂ ਉੱਖੜ ਚੁੱਕੀ ਸੀ। ਮਨਜਿੰਦਰ ਸਿੰਘ ਸਿਰਸਾ ਦੀ ਸ਼ਮੂਲੀਅਤ ਮਗਰੋਂ ਭਾਜਪਾ ਨੇ ਪੰਜਾਬ ਵਿਚ ਆਪਣੀ ਸਰਗਰਮੀ ਇਕਦਮ ਤੇਜ਼ ਕਰ ਦਿੱਤੀ ਹੈ।  ਭਾਜਪਾ ਦੀ ਇਸ ਸਰਗਰਮੀ ਤੋਂ ਸ਼੍ਰੋਮਣੀ ਅਕਾਲੀ ਦਲ ਅੰਦਰੋ-ਅੰਦਰੀ ਕਾਫ਼ੀ ਖ਼ੌਫ਼ ਵਿਚ ਜਾਪ ਰਿਹਾ ਹੈ। ਸੂਤਰਾਂ ਮੁਤਾਬਕ ਗਜੇਂਦਰ ਸ਼ੇਖਾਵਤ ਅਜੇ ਹੋਰ ਵੱਡੀ ਗਿਣਤੀ ਆਗੂਆਂ ਨੂੰ ਭਾਜਪਾ ਵਿਚ ਸ਼ਾਮਲ ਕਰਨਗੇ । ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਅਤੇ ਖ਼ਾਸ ਕਰਕੇ ਟਕਸਾਲੀ ਪਰਿਵਾਰਾਂ ’ਤੇ ਨਿਗ੍ਹਾ ਟਿਕਾ ਰੱਖੀ ਹੈ, ਜਿਨ੍ਹਾਂ ਨੂੰ ਪਾਰਟੀ ਦੇ ਸਿੱਖ ਚਿਹਰਿਆਂ ਵਜੋਂ ਚੋਣ ਮੈਦਾਨ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਸੂਤਰਾਂ ਅਨੁਸਾਰ ਭਾਜਪਾ ਸਿੱਖ ਭਾਈਚਾਰੇ ਵਿਚ ਬਣੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਪੂਰੀ ਵਾਹ ਲਾ ਰਹੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਭਾਜਪਾ ਨਾਲੋਂ ਵੀ ਕਾਹਲੇ ਦਿਖ ਰਹੇ ਹਨ ਅਤੇ ਭਾਜਪਾ ਨਾਲ ਮਿਲ ਕੇ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ। ਕਾਂਗਰਸ ਦੀ ਸੰਸਦ ਮੈਂਬਰ ਪਰਨੀਤ ਕੌਰ ਨੇ ਵੀ ਅੱਜ ਦਿੱਲੀ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਹੈ। ਉਧਰ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਦਿਆਲ ਸੋਢੀ ਨੇ ਕਿਹਾ ਕਿ ਪਾਰਟੀ ਨੇ ਪੰਜਾਬ ਵਿਚ ਮੀਟਿੰਗਾਂ ਦਾ ਜ਼ਿਲ੍ਹਾ ਵਾਈਜ਼ ਅਤੇ ਹਲਕਾ ਵਾਈਜ਼ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।ਭਾਜਪਾ ਦੀ ਸਮਸਿਆ ਪਿੰਡਾਂ ਵਿਚ ਆਪਣੀ ਪਾਰਟੀ ਮਜਬੂਤ ਕਰਨ ਦੀ ਹੈ।ਪਰ ਉਹ ਇਸ ਪਖੋਂ ਕਮਜੋਰ ਹੈ।ਪਰ ਭਾਜਪਾ ਦੇ ਇਸ ਕਦਮ ਨਾਲ ਅਕਾਲੀ ਦਲ ਨੂੰ ਵਡਾ ਨੁਕਸਾਨ ਹੋਵੇਗਾ।ਇਸ ਲਈ ਬਾਦਲ ਦਲ ਨੂੰ ਪੰਥ ਤੇ ਅਕਾਲੀ ਦਲ ਮਜਬੂਤ ਕਰਨਾ ਪਵੇਗਾ।ਇਹ ਚੋਣ ਅਕਾਲੀ ਦਲ ਦੇ ਭਵਿਖ ਲਈ ਚੈਲਿੰਜ ਹੈ।