ਅੰਦੋਲਨ ਵਾਲੀ ਥਾਂ ਤੋਂ ਮੁੜੀਆਂ ਗੁਰੂ ਦੀਆਂ ਲਾਡਲੀਆਂ ਫ਼ੌਜਾਂ

ਅੰਦੋਲਨ ਵਾਲੀ ਥਾਂ ਤੋਂ ਮੁੜੀਆਂ ਗੁਰੂ ਦੀਆਂ ਲਾਡਲੀਆਂ ਫ਼ੌਜਾਂ

ਅੰਮ੍ਰਿਤਸਰ ਟਾਈਮਜ਼    

ਸੋਨੀਪਤ : ਖੇਤੀ ਸੁਧਾਰ ਕਾਨੂੰਨ ਵਿਰੋਧੀ ਪ੍ਰਦਰਸ਼ਨ ’ਚ ਸ਼ੁਰੂ ਤੋਂ ਹੀ ਡਟੇ ਰਹੇ ਨਿਹੰਗ ਸਿੰਘਾਂ ਨੇ ਹੁਣ ਘਰ ਵਾਪਸੀ ਸ਼ੁਰੂ ਕਰ ਦਿੱਤੀ ਹੈ। ਇਕ ਦਿਨ ਪਹਿਲਾਂ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਜਾਰੀ ਰੱਖਣ ਦੇ ਐਲਾਨ ਦੇ ਬਾਵਜੂਦ ਕੁੰਡਲੀ ਬੈਰੀਅਰ ’ਤੇ ਮਹੀਨਿਆਂ ਤੋਂ ਛਾਉਣੀਆਂ ਪਾਈ ਬੈਠੇ ਨਿਹੰਗ ਸਿੰਘਾਂ ਨੇ ਬੀਤੇ ਐਤਵਾਰ ਨੂੰ ਦੋ ਟਰੱਕਾਂ ’ਚ ਸਾਮਾਨ ਤੇ ਆਪਣੇ ਘੋੜਿਆਂ ਨੂੰ ਲੱਦ ਕੇ ਵਾਪਸੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਸਰਕਾਰ ਨੇ ਉਨ੍ਹਾਂ ਦੀ ਮੰਗ ਮੰਨ ਲਈ ਹੈ। ਹੋਰਨਾਂ ਛੋਟੀਆਂ-ਮੋਟੀਆਂ ਮੰਗਾਂ ’ਤੇ ਸੰਯੁਕਤ ਕਿਸਾਨ ਮੋਰਚਾ ਫ਼ੈਸਲਾ ਲਵੇਗਾ।ਐਤਵਾਰ ਨੂੰ ਕੁੰਡਲੀ ਦੇ ਟੀਡੀਆਈ ਮਾਲ ਕੋਲ ਧਰਨਾ ਦੇ ਰਹੇ ਗੁਰਦਾਸਪੁਰ ਦੇ ਪੰਥ ਅਕਾਲੀ ਗੁਰੂ ਨਾਨਕ ਨਾਂ ਦੀ ਨਿਹੰਗ ਜਥੇਬੰਦੀ ਨੇ ਵਾਪਸੀ ਦਾ ਐਲਾਨ ਕਰ ਦਿੱਤਾ। ਨਿਹੰਗ ਜਥੇਦਾਰਾਂ ਨੇ ਨਾ ਸਿਰਫ਼ ਆਪਣਾ ਸਾਮਾਨ ਟਰੱਕਾਂ ਵਿਚ ਲੱਦ ਲਿਆ ਬਲਕਿ ਘੋੜਿਆਂ ਨੂੰ ਵੀ ਟਰੱਕਾਂ ਵਿਚ ਚੜ੍ਹਾ ਕੇ ਵਾਪਸੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਘਟਨਾ ਸਥਾਨ ’ਤੇ ਬਣਾਏ ਆਪਣੇ ਆਰਜ਼ੀ ਆਸ਼ਿਆਨੇ ਤੋਂ ਪੂਰਾ ਸਮਾਨ ਸਮੇਟ ਲਿਆ ਤੇ ਤੰਬੂ ਵੀ ਪੁੱਟ ਲਏ। ਨਿਹੰਗਾਂ ਨੇ ਇਕ ਟਰੱਕ ’ਚ ਸਾਮਾਨ ਲੋਡ ਕੀਤਾ ਜਦਕਿ ਦੂਜੇ ਵਿਚ ਆਪਣੇ ਘੋੜਿਆਂ ਨੂੰ ਚੜ੍ਹਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਅੰਦੋਲਨ ਖੇਤੀ ਕਾਨੂੰਨਾਂ ਵਿਰੁੱਧ ਸ਼ੁਰੂ ਹੋਇਆ ਸੀ। ਸਰਕਾਰ ਨੇ ਕਾਨੂੰਨ ਵਾਪਸ ਲੈ ਕੇ ਉਨ੍ਹਾਂ ਦੀ ਮੰਗ ਮੰਨ ਲਈ ਹੈ। ਹੁਣ ਉਨ੍ਹਾਂ ਨੂੰ ਜਾਣ ਦੇ ਹੁਕਮ ਹੋਏ ਹਨ। ਬਾਕੀ ਛੋਟੀਆਂ-ਮੋਟੀਆਂ ਮੰਗਾਂ ਨੂੰ ਸੰਯੁਕਤ ਕਿਸਾਨ ਮੋਰਚਾ ਦੇਖੇਗਾ। ਉਨ੍ਹਾਂ ਦੇ ਅੰਦੋਲਨ ਦੇ ਚੱਲਦਿਆਂ ਸਰਕਾਰ ਨੇ ਨਰਮ ਰੁਖ ਅਪਣਾਉਂਦਿਆਂ ਦੂਜੀਆਂ ਮੰਗਾਂ ’ਤੇ ਵੀ ਗੱਲਬਾਤ ਸ਼ੁਰੂ ਕੀਤੀ ਹੈ। ਕਮੇਟੀ ਗਠਿਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇਸ ਲਈ ਇਸ ਤਰ੍ਹਾਂ ਹੁਣ ਅੰਦੋਲਨ ਚਲਾਉਣ ਦੀ ਕੋਈ ਤੁੱਕ ਨਹੀਂ ਰਹਿ ਜਾਂਦੀ।

ਗੁਰਦੁਆਰੇ ਮੱਥਾ ਟੇਕ ਦੇ ਅਦਾ ਕੀਤਾ ਸ਼ੁਕਰਾਨਾ

ਦੋ ਦਿਨ ਪਹਿਲਾਂ ਨਿਹੰਗ ਸਿੰਘਾਂ ਨੇ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਮੱਥਾ ਟੇਕਿਆ ਸੀ। ਮੰਨਿਆ ਜਾ ਰਿਹਾ ਹੈ ਕਿ ਨਿਹੰਗ ਸਿੰਘ ਇਸ ਅੰਦੋਲਨ ਦੀ ਜਿੱਤ ਮੰਨਦੇ ਹੋਏ ਵਾਪਸੀ ਤੋਂ ਪਹਿਲਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕਰਨ ਪੁੱਜੇ ਸਨ। ਕੁੰਡਲੀ ਬੈਰੀਅਰ ’ਤੇ ਮੌਜੂਦ ਹੋਰਨਾਂ ਨਿਹੰਗ ਜਥੇਬੰਦੀਆਂ ਵਿਚ ਵੀ ਵਾਪਸੀ ਨੂੰ ਲੈ ਕੇ ਵਿਚਾਰ-ਚਰਚਾ ਸ਼ੁਰੂ ਹੋ ਗਈ ਹੈ। 

ਬੰਦ ਹੋ ਚੁੱਕਾ ਹੈ ਸਭ ਤੋਂ ਵੱਡਾ ਲੰਗਰ

ਕੁੰਡਲੀ ਬੈਰੀਅਰ ਸਥਿਤ ਧਰਨੇ ਵਾਲੀ ਥਾਂ ’ਤੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਹੁਣ ਹੌਲੀ-ਹੌਲੀ ਘੱਟ ਹੁੰਦੀ ਜਾ ਰਹੀ ਹੈ। ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਪਿੱਛੋਂ ਹੀ ਕੁੰਡਲੀ ਬੈਰੀਅਰ ’ਤੇ ਬੈਠੇ ਪ੍ਰਦਰਸ਼ਨਕਾਰੀਆਂ ਨੇ ਆਪਣਾ ਸਾਮਾਨ ਸਮੇਟਣਾ ਸ਼ੁਰੂ ਕਰ ਦਿੱਤਾ ਸੀ। ਕਈ ਪ੍ਰਦਰਸ਼ਕਾਰੀ ਤਾਂ ਵਾਪਸ ਪਰਤ ਵੀ ਗਏ ਹਨ। ਅੰਦੋਲਨ ਵਾਲੀ ਥਾਂ ’ਤੇ ਚੱਲ ਰਿਹਾ ਸਭ ਤੋਂ ਵੱਡਾ ਲੰਗਰ ਵੀ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਦੋ ਦਿਨ ਪਹਿਲਾਂ ਹੀ ਬੰਦ ਹੋ ਗਿਆ ਹੈ।