ਦਿੱਲੀ ’ਚ ਲੜਕੀ ਨਾਲ ਵਾਪਰੀ ਵਹਿਸ਼ੀਪੁਣੇ ਦਾ ਕਾਰਾ ਜ਼ੁਲਮ ਦੀ ਸਿਖਰ ਤੇ ਔਰਤ ਵਿਰੋਧੀ ਮਾਨਸਿਕਤਾ : ਬੀਬੀ ਰਾਜਵਿੰਦਰ ਕੌਰ ਰਾਜੂ

ਦਿੱਲੀ ’ਚ ਲੜਕੀ ਨਾਲ ਵਾਪਰੀ ਵਹਿਸ਼ੀਪੁਣੇ ਦਾ ਕਾਰਾ ਜ਼ੁਲਮ ਦੀ ਸਿਖਰ ਤੇ ਔਰਤ ਵਿਰੋਧੀ ਮਾਨਸਿਕਤਾ : ਬੀਬੀ ਰਾਜਵਿੰਦਰ ਕੌਰ ਰਾਜੂ

ਕੇਂਦਰੀ ਘੱਟ ਗਿਣਤੀ ਕਮਿਸ਼ਨ ਤੇ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਫੌਰੀ ਕਦਮ ਚੁੱਕਣ ਦੀ ਮੰਗ

ਅੰਮ੍ਰਿਤਸਰ ਟਾਈਮਜ਼

ਜਲੰਧਰ : ਦਿੱਲੀ ਵਿੱਚ ਬੀਤੇ ਦਿਨ ਸਿੱਖ ਨੌਜਵਾਨ ਲੜਕੀ ਨਾਲ ਵਾਪਰੀ ਵਹਿਸ਼ੀਪੁਣੇ ਦੀ ਕਾਰਵਾਈ ਅਣਮਨੁੱਖੀ ਤਸ਼ੱਦਦ, ਜ਼ੁਲਮ ਦੀ ਸਿਖਰ ਅਤੇ ਔਰਤ ਵਿਰੋਧੀ ਮਾਨਸਿਕਤਾ ਦਾ ਕਾਰਾ ਹੈ ਜਿਸ ਕਰਕੇ ਅਬਲਾ ਔਰਤ ਨਾਲ ਬੇਹੱਦ ਮਾੜਾ ਕੁਕਰਮ ਕਰਨ ਵਾਲੇ ਦੋਸ਼ੀਆਂ ਨੂੰ ਮਿਸਾਲੀ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।ਇੱਥੇ ਜਾਰੀ ਇੱਕ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਸੂਬਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਇਸ ਤਰਾਂ ਕਿਸੇ ਮਨੁੱਖ ਨੂੰ ਬੇਪੱਤ ਅਤੇ ਜ਼ਲੀਲ ਕਰਨਾ ਮਾਨਵੀ ਕਦਰਾਂ-ਕੀਮਤਾਂ ਦੀ ਘੋਰ ਉਲੰਘਣਾ ਹੈ ਜਿਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। ਉਨਾਂ ਮੰਗ ਕੀਤੀ ਕਿ ਇਸ ਰੂਹ ਕੰਬਾਊ ਕਾਰੇ ਪ੍ਰਤੀ ਦਿੱਲੀ ਸਟੇਟ ਘੱਟ ਗਿਣਤੀ ਕਮਿਸ਼ਨ ਅਤੇ ਕੇਂਦਰੀ ਘੱਟ ਗਿਣਤੀ ਕਮਿਸ਼ਨ ਸਮੇਤ ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਹਾਲੇ ਤੱਕ ਵੀ ਚੁੱਪ ਹੈ ਜਿੰਨਾਂ ਨੂੰ ਤੁਰੰਤ ਫੌਰੀ ਕਦਮ ਚੁੱਕਣਾ ਚਾਹੀਦਾ ਹੈ।ਉਨਾਂ ਕਿਹਾ ਕਿ ਨੌਜਵਾਨ ਲੜਕੀ ਨਾਲ ਸ਼ਰੇਆਮ ਬੇਹੁਰਮਤੀ ਕਰਨ ਪਿੱਛੋਂ ਕੇਸ ਕਤਲ ਕਰਕੇ ਮੂੰਹ ਕਾਲਾ ਕਰਕੇ ਸ਼ਰੇਆਮ ਘੁੰਮਾਉਣ ਦੀ ਜੋ ਮਨੁੱਖਤਾ ਤੋਂ ਡਿੱਗੀ ਹੋਈ ਹਰਕਤ ਦੋਸ਼ੀਆਂ ਨੇ ਕੀਤੀ ਹੈ ਉਹ ਸਮਾਜ ਦੇ ਮੂੰਹ ਉਤੇ ਕਲੰਕ ਤੋਂ ਘੱਟ ਨਹੀਂ।

 ਦਿੱਲੀ ਵਿੱਚ ਵਾਪਰੀ ਇਸ ਮੰਦਭਾਗੀ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦੇ ਹੋਏ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਕੀ ਹੋ ਸਕਦਾ ਹੈ ਕਿ ਇੱਕ ਬੇਵੱਸ ਅਤੇ ਇਕੱਲੀ ਲੜਕੀ ਨਾਲ ਸਮੂਹਿਕ ਰੂਪ ਵਿੱਚ ਜ਼ੁਲਮ ਕੀਤਾ ਗਿਆ। ਹਿਰਦੇ ਵਲੂੰਦਰਨ ਵਾਲਾ ਇਹ ਸ਼ਰਮਨਾਕ ਕਾਰਾ ਦਿੱਲੀ ਤੇ ਕੇਂਦਰ ਸਰਕਾਰ ਦੋਹਾਂ ਦੇ ਮੂੰਹ ਉਤੇ ਚਪੇੜ ਹੈ ਅਤੇ ਇਸ ਅਣਮਨੁੱਖੀ ਘਟਨਾ ਨੇ ਦਿੱਲੀ ਪੁਲਿਸ ਨੂੰ ਸ਼ਰਮਸਾਰ ਕੀਤਾ ਹੈ। ਮਹਿਲਾ ਕਿਸਾਨ ਨੇਤਾ ਬੀਬੀ ਰਾਜੂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਾ ਜਾਵੇ ਅਤੇ ਕੱਲੇ-ਕੱਲੇ ਦੋਸ਼ੀ ਦੀ ਪਛਾਣ ਕਰਕੇ ਹਰ ਇੱਕ ਮੁਜ਼ਰਮ ਨੂੰ ਮਿਸਾਲੀ ਅਤੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਹੋਰ ਸਮਾਜ ਦਾ ਦੁਸ਼ਮਣ ਅਜਿਹਾ ਕਰਨ ਦੀ ਸੋਚੇ ਵੀ ਨਾ।