ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਨਹੀਂ ਨਿਭਾਏ, ਕਿਸਾਨਾਂ ਦੇ ਮੁੱਦਿਆਂ 'ਤੇ ਨਹੀਂ ਕੀਤਾ ਕੋਈ ਕੰਮ: ਸੰਯੁਕਤ ਕਿਸਾਨ ਮੋਰਚਾ

ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਨਹੀਂ ਨਿਭਾਏ, ਕਿਸਾਨਾਂ ਦੇ ਮੁੱਦਿਆਂ 'ਤੇ ਨਹੀਂ ਕੀਤਾ ਕੋਈ ਕੰਮ: ਸੰਯੁਕਤ ਕਿਸਾਨ ਮੋਰਚਾ

 ਸਰਕਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਅਤੇ ਉਨ੍ਹਾਂ ਦੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):-ਸੰਯੁਕਤ ਕਿਸਾਨ ਮੋਰਚੇ ਦੇ ਕੁਝ ਆਗੂਆਂ ਨੇ ਅਜ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਨਹੀਂ ਨਿਭਾਏ ਜਾਣ ਦਾ ਦੋਸ਼ ਲਗਾਇਆ ਹੈ ਉਨ੍ਹਾਂ ਵਲੋਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਸ਼ਿਵ ਕੁਮਾਰ ਸ਼ਰਮਾ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਤੇ ਕੋਈ ਕਮੇਟੀ ਨਹੀਂ ਬਣਾਈ ਗਈ ਹੈ। ਕਿਸਾਨਾਂ ਤੋਂ ਕੇਸ ਵੀ ਵਾਪਸ ਨਹੀਂ ਲਏ ਗਏ। ਉਨ੍ਹਾਂ ਕਿਹਾ ਕਿ ਬਿਜਲੀ ਬਿੱਲ ਦੇ ਮੁੱਦੇ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਪਰਾਲੀ ਦੇ ਮੁੱਦੇ 'ਤੇ ਸਰਕਾਰ ਨੇ ਕੁਝ ਨਹੀਂ ਕੀਤਾ। ਸ਼ਿਵ ਕੁਮਾਰ ਨੇ ਕਿਹਾ ਕਿ ਸਰਕਾਰ ਨੇ ਪੰਜ ਨੁਕਤਿਆਂ 'ਤੇ ਵਾਅਦੇ ਦੀ ਉਲੰਘਣਾ ਕੀਤੀ ਹੈ। ਇਸ ਪ੍ਰੈੱਸ ਕਾਨਫਰੰਸ ਵਿੱਚ ਰਾਕੇਸ਼ ਟਿਕੈਤ, ਡਾ: ਦਰਸ਼ਨ ਪਾਲ, ਹਨਨ ਮੱਲ੍ਹਾ, ਜਗਜੀਤ ਸਿੰਘ ਡੱਲੇਵਾਲ ਅਤੇ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਸ਼ਮੂਲੀਅਤ ਕੀਤੀ । ਕਿਸਾਨ ਆਗੂ ਹਨਨ ਮੌਲਾ ਨੇ ਕਿਹਾ ਕਿ ਅਸੀਂ ਹੁਣ ਪਿੰਡ-ਮੁਹੱਲੇ ਦੀ ਪੱਧਰ 'ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਾਂਗੇ ।  ਯੋਗੇਂਦਰ ਯਾਦਵ ਨੇ ਕਿਹਾ ਕਿ ਲਖੀਮਪੁਰ 'ਚ ਕਿਸਾਨਾਂ ਨੂੰ ਕੁਚਲਿਆ ਗਿਆ, ਪਰ ਸਰਕਾਰ ਨੇ ਇਸ 'ਤੇ ਕੁਝ ਨਹੀਂ ਕੀਤਾ। ਸਰਕਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਅਤੇ ਉਨ੍ਹਾਂ ਦੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਨਾਲ ਹੀ ਉੱਤਰ ਪ੍ਰਦੇਸ਼ ਸਰਕਾਰ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਖੀਮਪੁਰ ਮਾਮਲੇ ਨੇ ਭਾਜਪਾ ਦਾ ਗ੍ਰਾਫ ਹੇਠਾਂ ਲਿਆਂਦਾ ਹੈ। ਹੁਣ ਇਸ ਦਾ ਅਸਰ ਪੂਰੇ ਦੇਸ਼ 'ਚ ਦੇਖਣ ਨੂੰ ਮਿਲੇਗਾ। ਲਖੀਮਪੁਰ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਅੰਦੋਲਨ ਹੋਰ ਤੇਜ਼ ਕਰਾਂਗੇ।

ਯੋਗੇਂਦਰ ਯਾਦਵ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਇਸ ਬਜਟ ਨੂੰ ਕਿਸਾਨਾਂ ਤੋਂ ਬਦਲੇ ਦੀ ਕਾਰਵਾਈ ਵਜੋਂ ਦੇਖਦਾ ਹੈ। ਇਹ ਸਰਕਾਰ ਹੰਕਾਰੀ ਹੈ। ਸੰਯੁਕਤ ਕਿਸਾਨ ਮੋਰਚਾ ਨੂੰ ਇਸ ਸਰਕਾਰ ਦੇ ਕਿਸਾਨ ਵਿਰੋਧੀ ਸਟੈਂਡ ਤੋਂ ਪ੍ਰੇਸ਼ਾਨੀ ਹੈ। ਉਨ੍ਹਾਂ ਕਿਹਾ, ਅਸੀਂ ਇੱਕ ਪ੍ਰਸ਼ਨ ਪੱਤਰ ਤਿਆਰ ਕੀਤਾ ਹੈ, ਜੋ ਅਸੀਂ ਲੋਕਾਂ ਨੂੰ ਦੇਵਾਂਗੇ ਅਤੇ ਵੋਟਾਂ ਮੰਗਣ ਆਉਣ ਵਾਲਿਆਂ ਨੂੰ ਇਹ ਸਵਾਲ ਪੁੱਛਣ ਦੀ ਅਪੀਲ ਕਰਾਂਗੇ। ਇਹ ਪੇਪਰ ਪਿੰਡ-ਪਿੰਡ ਵੰਡਿਆ ਜਾਵੇਗਾ। ਅਸੀਂ ਕਿਸੇ ਪਾਰਟੀ ਲਈ ਵੋਟਾਂ ਮੰਗਣ ਨਹੀਂ ਜਾ ਰਹੇ।ਜੋਗਿੰਦਰ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਨਵੀਂ ਪਾਰਟੀ ਬਣਾਉਣ ਵਾਲੇ ਜਥਾਬੰਦੀ ਅਤੇ ਐੱਸਕੇਐੱਮ ਨਾਲੋਂ ਨਾਤਾ ਤੋੜ ਲਿਆ ਹੈ। ਇਸ ਦੇ ਨਾਲ ਹੀ ਰਾਕੇਸ਼ ਟਿਕੈਤ ਨੇ ਕਿਹਾ ਕਿ ਪੂਰੇ ਦੇਸ਼ 'ਚ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਨਹੀਂ ਹੋ ਰਹੀ ਹੈ। ਅਸੀਂ ਸੰਯੁਕਤ ਕਿਸਾਨ ਮੋਰਚਾ ਦੀ ਤਰਫੋਂ ਇੱਕ ਅਪੀਲ ਜਾਰੀ ਕਰ ਰਹੇ ਹਾਂ। ਸੰਯੁਕਤ ਕਿਸਾਨ ਮੋਰਚਾ ਨੇ ਫੈਸਲਾ ਕੀਤਾ ਹੈ ਕਿ ਅਸੀਂ ਵੋਟਰਾਂ ਨੂੰ ਕਿਸਾਨ ਵਿਰੋਧੀ ਭਾਜਪਾ ਨੂੰ ਸਬਕ ਸਿਖਾਉਣ ਦੀ ਅਪੀਲ ਕਰਾਂਗੇ।