ਪੰਜਾਬ ਤੋਂ ਸੈਂਟਰਲ ਇੰਡੀਆ ਤੱਕ ਸਾਰੇ ਰਾਜਨੀਤਕ ਕੈਦੀ ਰਿਹਾਅ ਅਤੇ ਕਾਲ਼ੇ ਕਠੌਰ ਕਨੂੰਨ ਰੱਦ ਹੋਣ - ਸੰਘਰਸ਼ਸ਼ੀਲ ਕੌਮਾਂ

ਪੰਜਾਬ ਤੋਂ ਸੈਂਟਰਲ ਇੰਡੀਆ ਤੱਕ ਸਾਰੇ ਰਾਜਨੀਤਕ ਕੈਦੀ ਰਿਹਾਅ ਅਤੇ ਕਾਲ਼ੇ ਕਠੌਰ ਕਨੂੰਨ ਰੱਦ ਹੋਣ - ਸੰਘਰਸ਼ਸ਼ੀਲ ਕੌਮਾਂ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ:ਕੰਵਰਪਾਲ ਸਿੰਘ ) : ਮਨੁੱਖੀ ਅਧਿਕਾਰ ਦਿਵਸ ਮੌਕੇ ਦਲ ਖ਼ਾਲਸਾ ਦੇ ਸੱਦੇ 'ਤੇ ਪਹੁੰਚੇ ਸੰਘਰਸ਼ਸ਼ੀਲ ਕੌਮਾਂ ਸਿੱਖ, ਤਾਮਿਲ, ਨਾਗਾ, ਤ੍ਰਿਪੁਰਾ, ਕਸ਼ਮੀਰੀ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੇ ਨੁਮਾਇੰਦਿਆਂ ਨੇ ਸੰਜੋਗ ਹੋਟਲ 'ਚ ਹੋਈ ਕਨਵੈਨਸ਼ਨ 'ਚ ਸੰਬੋਧਨ ਹੁੰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਯੂ.ਏ.ਪੀ.ਏ., ਅਫਸਪਾ, ਪੀ.ਐੱਸ.ਏ ਵਰਗੇ ਕਠੋਰ ਕਾਲੇ ਕਾਨੂੰਨਾਂ ਨੂੰ ਰੱਦ ਅਤੇ ਸਾਰੇ ਰਾਜਨੀਤਿਕ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ। ਮਰਹੂਮ ਐੱਸ.ਏ.ਆਰ. ਗਿਲਾਨੀ ਦੇ ਬੇਟੇ ਐਡਵੋਕੇਟ ਆਤਿਫ਼ ਗਿਲਾਨੀ ਨੂੰ ਉਹਨਾਂ ਦੇ ਪਿਤਾ ਵੱਲੋਂ ਮਨੁੱਖੀ ਅਧਿਕਾਰਾਂ ਦੇ ਖੇਤਰ 'ਚ ਪਾਏ ਯੋਗਦਾਨ ਪ੍ਰਤੀ ਸਨਮਾਨਿਤ ਕੀਤਾ ਗਿਆ।ਆਗੂਆਂ ਅਤੇ ਕਾਰਕੁੰਨਾਂ ਨੇ ੧੦ ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ, ਜੂਨ ੧੯੮੪ ਦੇ ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ-ਦੀਦਾਰੇ ਕੀਤੇ ਅਤੇ ਅਗਲੇ ਦਿਨ ਡੇਰਾ ਬਾਬਾ ਨਾਨਕ ਜਾ ਕੇ ਭਾਰਤ ਵਾਲੇ ਪਾਸਿਓਂ ਕਰਤਾਰਪੁਰ ਸਾਹਿਬ ਲਾਂਘੇ ਦੇ ਦਰਸ਼ਨ ਵੀ ਕੀਤੇ ਤੇ ਅਰਦਾਸ ਕਰਦਿਆਂ ਕਿਹਾ ਕਿ ਪਿਆਰ ਅਤੇ ਸਾਂਝ ਦਾ ਪ੍ਰਤੀਕ ਇਹ ਲਾਂਘਾ ਸਦਾ ਖੁੱਲ੍ਹਾ ਰਹੇ। 

ਇਸ ਮੌਕੇ ਦਲ ਖਾਲਸਾ ਦੇ ਸੀਨੀਅਰ ਆਗੂ ਸ. ਕੰਵਰਪਾਲ ਸਿੰਘ ਨੇ ਕਿਹਾ ਕਿ ਭਾਰਤ ਬਹੁਤ ਤੇਜ਼ੀ ਨਾਲ ਤਾਨਾਸ਼ਾਹੀ, ਬਹੁ-ਗਿਣਤੀਵਾਦ ਅਤੇ ਪੁਲਿਸ ਰਾਜ ਵੱਲ ਵਧ ਰਿਹਾ ਹੈ। ਇਸ ਨੂੰ ਤਾਨਾਸ਼ਾਹੀ ਰਾਜ ਬਣਾਉਣ ਵਿਚ ਨਿਆਂਇਕ, ਕਾਰਜਕਾਰੀ ਅਤੇ ਪ੍ਰਸ਼ਾਸਨਿਕ ਮਸ਼ੀਨਰੀ ਬਰਾਬਰ ਦੀ ਭਾਗੀਦਾਰ ਹੈ। ਪਾਰਟੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਸ਼ਮੀਰ ਤੋਂ ਲੈ ਕੇ ਨਾਗਾਲੈਂਡ ਅਤੇ ਤ੍ਰਿਪੁਰਾ ਤੱਕ, ਪੰਜਾਬ ਤੋਂ ਲੈ ਕੇ ਤਾਮਿਲਨਾਡੂ ਤੱਕ, ਸਾਰੀਆਂ ਸੰਘਰਸ਼ਸ਼ੀਲ ਕੌਮਾਂ ਅਤੇ ਵੱਖਰੇ ਵਿਚਾਰ ਰੱਖਣ ਵਾਲੇ ਸਮੂਹਾਂ, ਵਿਅਕਤੀਆਂ, ਪੱਤਰਕਾਰਾਂ ਦੇ ਨਾਗਰਿਕ ਅਤੇ ਰਾਜਨੀਤਿਕ ਅਧਿਕਾਰਾਂ ਨੂੰ ਬੁਰੀ ਤਰ੍ਹਾਂ ਖਤਮ ਕੀਤਾ ਜਾ ਰਿਹਾ ਹੈ।ਨਾਗਾਲੈਂਡ ਪੀਪਲਜ਼ ਮੂਵਮੈਂਟ ਫਾਰ ਹਿਊਮਨ ਰਾਈਟਸ ਦੇ ਆਗੂ ਕਰੋਮੇ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਭਾਰਤ ਸਰਕਾਰ ਨਾਗਾਲੈਂਡ ਸਮੱਸਿਆ ਨੂੰ ਹੱਲ ਕਰਨ ਲਈ ਸਾਡੇ ਲੋਕਾਂ ਨਾਲ ਹੋਈ ਸੰਧੀ ਨੂੰ ਲਾਗੂ ਨਾ ਕਰਨ ਦੀ ਬਦਨੀਤੀ ਅਤੇ ਅੜੀਅਲ ਰਵੱਈਆ ਅਖਤਿਆਰ ਕਰੀ ਬੈਠੀ ਹੈ।ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਤੇ ਵਕੀਲ ਈਮਾਨ ਸਿੰਘ ਖਾਰਾ ਨੇ ਕਿਹਾ ਕਿ ਪੰਜਾਬ ਵਿੱਚ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਉਲਝਾ ਕੇ ਤੰਗ ਪ੍ਰੇਸ਼ਾਨ, ਤਸ਼ੱਦਦ ਕਰਨ ਅਤੇ ਯੂ.ਏ.ਪੀ.ਏ ਵਰਗੇ ਕਾਲੇ ਕਾਨੂੰਨਾਂ ਵਿਚ ਗ੍ਰਿਫ਼ਤਾਰ ਕਰਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਪੰਜਾਬ ਦੇ ਇੱਕ ਤਿਹਾਈ ਤੋਂ ਵੱਧ ਹਿੱਸੇ ਨੂੰ ਸੀਮਾ ਸੁਰੱਖਿਆ ਬਲ ਦੇ ਅਧਿਕਾਰ ਖੇਤਰ ਅਧੀਨ ਕਰ ਦਿੱਤਾ ਗਿਆ ਹੈ। ਐਨ.ਆਈ.ਏ ਨੂੰ ਦਿੱਤੀਆਂ ਅੰਨ੍ਹੀਆਂ ਤਾਕਤਾਂ ਦਾ ਸਿਆਸੀ ਕਾਰਕੁੰਨਾਂ ਵਿਰੁੱਧ ਗਲਤ ਇਸਤੇਮਾਲ ਹੋ ਰਿਹਾ ਹੈ। ਕਸ਼ਮੀਰ ਦੇ ਅਵਾਮੀ ਇਤਿਹਾਦ ਪਾਰਟੀ ਦੇ ਬੁਲਾਰੇ ਸ਼ੀਬਾਨ ਨੇ ਮੰਚ 'ਤੇ ਸੰਬੋਧਨ ਹੁੰਦਿਆਂ  ਕਿਹਾ ਕਿ ਕਸ਼ਮੀਰ ਵਿੱਚੋਂ ਧਾਰਾ 370 ਅਤੇ 35 ਏ ਨੂੰ ਰੱਦ ਕਰਨ ਤੋਂ ਬਾਅਦ, ਕਸ਼ਮੀਰੀਆਂ ਨੂੰ ਘਰਾਂ ਵਿੱਚੋਂ ਬਾਹਰ ਨਿਕਲਣ ਦੀ ਆਜ਼ਾਦੀ ਨਹੀਂ ਹੈ। ਆਜ਼ਾਦੀ ਦੀ ਗੱਲ ਕਰਨ ਅਤੇ ਭਾਰਤੀ ਸਟੇਟ ਨਾਲੋਂ ਵੱਖਰੀ ਸੁਰ ਰੱਖਣ ਵਾਲੇ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਭਾਰਤੀ ਸੁਰੱਖਿਆ ਬਲਾਂ ਨੂੰ ਕਸ਼ਮੀਰੀ ਲੋਕਾਂ 'ਤੇ ਅੱਤਿਆਚਾਰ ਕਰਨ ਦੀਆਂ ਖੁੱਲੀਆਂ ਤਾਕਤਾਂ ਦਿੱਤੀਆਂ ਗਈਆਂ ਹਨ। ਮਰਦਾਂ, ਔਰਤਾਂ ਅਤੇ ਬੱਚਿਆਂ 'ਤੇ ਤਸ਼ੱਦਦ ਕੀਤੇ ਜਾ ਰਹੇ ਹਨ, ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਜਾ ਰਹੇ ਹਨ। ਪੂਨੇ ਦੀ ਜੇਲ੍ਹ 'ਚ ਨਜ਼ਰਬੰਦ ਰਾਜਨੀਤਿਕ ਕੈਦੀ ਪ੍ਰੋਫੈਸਰ ਜੀ.ਐੱਨ. ਸਾਈਂ ਬਾਬਾ ਦੀ ਸੁਪਤਨੀ ਵਸੰਤਾ ਨੇ ਆਪਣੇ ਪਤੀ ਦੇ ਕੇਸ ਅਤੇ ਪਰਿਵਾਰ ਉੱਤੇ ਜੋ ਸਰਕਾਰ ਦਮਨ ਚੱਲਿਆ ਉਸ ਬਾਰੇ ਬੜੀ ਭਾਵੁਕਤਾ ਨਾਲ ਆਪਣਾ ਦਰਦ ਸਾਂਝਾ ਕੀਤਾ ਅਤੇ ਸਾਰਿਆਂ ਤੋਂ ਮੰਗ ਕੀਤੀ ਕਿ ਉਹ ਉਹਨਾਂ ਦੇ ਪਤੀ ਨੂੰ ਇਨਸਾਫ਼ ਦਿਵਾਉਣ ਵਿੱਚ ਮਦਦਗਾਰ ਹੋਣ। ਤ੍ਰਿਪੁਰਾ ਪੀਪਲ ਫ਼ਰੰਟ ਦੇ ਮੀਤ ਪ੍ਰਧਾਨ ਮਨਹਰੀ ਜਮਾਤੀਆ ਨੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਤ੍ਰਿਪੁਰਾ ਦੇ ਆਦਿਵਾਸੀਆਂ ਦੇ ਹੱਕਾਂ ਨੂੰ ਲਤਾੜਿਆ ਜਾ ਰਿਹਾ ਹੈ। ਅਸੀਂ ਲੋਕ ਆਪਣੀ ਹੋੰਦ ਦੀ ਲੜ੍ਹਾਈ ਲੜ ਰਹੇ ਹਨ। ਸਾਡੇ ਲੋਕਾਂ ਦੀ ਭਾਸ਼ਾ, ਸੱਭਿਆਚਾਰ, ਜੰਗਲ ਅਤੇ ਜ਼ਮੀਨ ਸਰਕਾਰੀ ਬਦਨੀਤੀ ਕਾਰਨ ਗ਼ੈਰ-ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀਆਂ ਨੇ ਹੜੱਪ ਲਈ ਹੈ।ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਕੁਮਾਰ ਸੰਜੇ ਸਿੰਘ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਤਾਕਤਾਂ ਦੇ ਕੇਂਦਰੀਕਰਨ ਦੀ ਨੀਤੀ ਲਗਾਤਾਰ ਜਾਰੀ ਹੈ, ਸੂਬਿਆਂ ਦੇ ਅਧਿਕਾਰਾਂ ਨੂੰ ਖੋਹ ਕੇ ਕੇਂਦਰ ਆਪਣੇ ਅਧੀਨ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਈਮਾਨ ਸਿੰਘ ਮਾਨ ਨੇ ਕਿਹਾ ਕਿ ਮੁਸਲਮਾਨਾਂ ਅਤੇ ਦਲਿਤਾਂ ਨੂੰ ਹਾਸ਼ੀਏ ਉੱਤੇ ਧੱਕਿਆ ਜਾ ਰਿਹਾ ਹੈ। ਭਾਵੇਂ ਇਹ ਉਨ੍ਹਾਂ ਦੇ ਨਾਗਰਿਕ ਅਧਿਕਾਰਾਂ ਦੀ ਗੱਲ ਹੋਵੇ ਜਾਂ ਰਾਜਨੀਤਿਕ ਅਧਿਕਾਰਾਂ ਦੀ, ਉਨ੍ਹਾਂ ਨੂੰ ਦਬਾਇਆ ਜਾ ਰਿਹਾ ਹੈ।  ਇਹ ਲੋਕ ਡਰ ਦੇ ਮਾਹੌਲ ਵਿੱਚ ਜਿਉਣ ਲਈ ਮਜਬੂਰ ਕਰ ਦਿੱਤੇ ਗਏ ਹਨ ।ਨਾਮ ਤਾਮਿਲਰ ਕਚੀ ਤਾਮਿਲਨਾਡੂ ਦੇ ਪ੍ਰਮੁੱਖ ਆਗੂ ਸ੍ਰੀ ਸੀਮਾਨ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਪੁਲਿਸ ਨੂੰ ਸੰਘਰਸ਼ ਕਰ ਰਹੇ ਲੋਕਾਂ ਉੱਤੇ ਖੁੱਲ੍ਹੇਆਮ ਤਸ਼ੱਦਦ ਕਰਨ ਦੀ ਸਰਕਾਰੀ ਸ਼ਹਿ ਪ੍ਰਾਪਤ ਹੈ। ਕਿਸੇ ਵੀ ਸੂਬੇ ਦੁਆਰਾ ਇਨ੍ਹਾਂ ਫੋਰਸਾਂ ਨੂੰ ਮਨੁੱਖੀ ਅਧਿਕਾਰਾਂ ਦੇ ਸਿਧਾਂਤਾਂ ਨੂੰ ਸਵੀਕਾਰ ਕਰਨ ਲਈ ਸਿਖਲਾਈ ਦੇਣ ਲਈ ਕੋਈ ਯਤਨ ਨਹੀਂ ਕੀਤਾ ਜਾ ਰਿਹਾ।

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਭਾਰਤ ਦੇ ਗ੍ਰਹਿ ਰਾਜ ਮੰਤਰੀ ਨੂੰ ਲਖੀਮਪੁਰ ਖੇੜੀ ਦੇ ਕਿਸਾਨਾਂ, ਜਿਨ੍ਹਾਂ ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਦੇ ਘਿਨਾਉਣੇ ਕਤਲ ਵਿੱਚ ਉਸਦੀ ਭੂਮਿਕਾ ਲਈ ਬਰਖਾਸਤ ਨਹੀਂ ਕੀਤਾ ਗਿਆ ਹੈ।ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਅੱਜ ਸਮਾਂ ਹੈ ਕਿ ਭਾਰਤੀ ਰਾਜ ਦੀ ਕੇਂਦਰੀਕਰਨ ਦੀ ਪ੍ਰਕਿਰਿਆ ਅਤੇ ਵਧ ਰਹੀ ਅਸਹਿਣਸ਼ੀਲਤਾ ਨੂੰ ਚੁਣੌਤੀ ਦੇਣ ਲਈ ਸੰਘਰਸ਼ਸ਼ੀਲ ਕੌਮਾਂ, ਲੋਕਾਂ ਅਤੇ ਖੇਤਰੀ ਪਛਾਣਾਂ ਇਕਜੁੱਟ ਹੋਣ।ਇਸ ਮੌਕੇ ਜੁਗਰਾਜ ਸਿੰਘ ਪਿੰਡ ਵਾਂ, ਪ੍ਰੋ ਜਗਮੋਹਨ ਸਿੰਘ, ਭਗਵੰਤ ਸਿੰਘ ਸਿਆਲਕਾ, ਨੌਜਵਾਨ ਆਗੂ ਕੰਵਰ ਚੜਤ ਸਿੰਘ, ਅਕਾਲ ਫ਼ੈਡਰੇਸ਼ਨ ਦੇ ਪ੍ਰਧਾਨ ਨਰਾਇਣ ਸਿੰਘ ਚੌੜਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਪ੍ਰੋਫੈਸਰ ਮਹਿੰਦਰਪਾਲ ਸਿੰਘ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ, ਅੰਗਦ ਸਿੰਘ ਕਸ਼ਮੀਰ, ਗਿਆਨੀ ਕੇਵਲ ਸਿੰਘ, ਬਲਜੀਤ ਸਿੰਘ ਖ਼ਾਲਸਾ, ਸੰਦੀਪ ਕੌਰ, ਸਰਬਜੀਤ ਸਿੰਘ ਘੁਮਾਣ, ਗੁਰਦੀਪ ਸਿੰਘ ਕਾਲਕਟ, ਜਸਬੀਰ ਸਿੰਘ ਖੰਡੂਰ, ਰਣਵੀਰ ਸਿੰਘ, ਪਰਮਜੀਤ ਸਿੰਘ ਟਾਂਡਾ, ਗੁਰਨਾਮ ਸਿੰਘ ਮੂਨਕਾਂ, ਬਾਬਾ ਹਰਦੀਪ ਸਿੰਘ ਮਹਿਰਾਜ, ਜਗਜੀਤ ਸਿੰਘ ਖੋਸਾ ਆਦਿ ਹਾਜ਼ਰ ਸਨ।