ਮਿਨੀਪੋਲਿਸ ਵਿਚ ਕਾਲੇ ਵਿਅਕਤੀ ਦੀ ਪੁਲਿਸ ਗੋਲੀ ਨਾਲ ਹੋਈ ਮੌਤ ਉਪਰੰਤ ਪ੍ਰਦਰਸ਼ਨ

ਮਿਨੀਪੋਲਿਸ ਵਿਚ ਕਾਲੇ ਵਿਅਕਤੀ ਦੀ ਪੁਲਿਸ ਗੋਲੀ ਨਾਲ ਹੋਈ ਮੌਤ ਉਪਰੰਤ ਪ੍ਰਦਰਸ਼ਨ
ਪੁਲਿਸ ਗੋਲੀ ਨਾਲ ਮਾਰੇ ਗਏ ਡੌਂਟ ਰਾਈਟ ਦੀ ਮਾਂ ਖੱਬੇ ਕੇਟੀ ਰਾਈਟ ਤੇ ਹੋਰ ਪਰਿਵਾਰਕ ਮੈਂਬਰ ਪ੍ਰੱਤਕਾਰਾਂ ਨਾਲ ਗੱਲਬਾਤ ਦੌਰਾਨ

 40 ਗ੍ਰਿਫਤਾਰ

* ਗੋਲੀ ਮਾਰਨ ਵਾਲੇ ਪੁਲਿਸ ਅਧਿਕਾਰੀ ਤੇ ਪੁਲਿਸ ਮੁੱਖੀ ਵੱਲੋਂ ਅਸਤੀਫ਼ਾ *

*ਪ੍ਰਦਰਸ਼ਨ ਗੈਰ ਕਾਨੂੰਨੀ ਕਰਾਰ*

ਬਰੁਕਲਿਨ ਸੈਂਟਰ, ਮਿਨੀਪੋਲਿਸ  (ਹੁਸਨ ਲੜੋਆ ਬੰਗਾ)ਮਿਨੀਪੋਲਿਸ ਵਿਚ ਪੁਲਿਸ ਵੱਲੋਂ ਚਲਾਈ ਗੋਲੀ ਨਾਲ 20 ਸਾਲਾ ਕਾਲੇ ਵਿਅਕਤੀ ਡੌਂਟ ਰਾਈਟ ਦੀ ਹੋਈ ਮੌਤ ਉਪਰੰਤ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਇਨਸਾਫ ਦੀ ਮੰਗ ਕੀਤੀ ਗਈ। ਪ੍ਰਦਰਸ਼ਨ ਦੌਰਾਨ ਪੁਲਿਸ ਨੇ 40 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। 

ਪ੍ਰਦਰਸ਼ਨਕਾਰੀਆਂ ਨਾਲ ਟਕਰਾਅ ਦੌਰਾਨ 

ਬਰੁੱਕਲਿਨ ਸੈਂਟਰ ਪੁਲਿਸ ਸਟੇਸ਼ਨ ਵਿਖੇ ਪ੍ਰਦਰਸ਼ਨ ਕਾਰੀ ਇਕੱਠੇ ਹੋਏ ਜਿਨਾਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਉਨਾਂ ਉਪਰ ਮਿਰਚਾਂ ਦੀ ਸਪਰੇਅ ਕੀਤੀ ਗਏ ਤੇ ਫਲੈਸ਼ ਬੰਬ ਸੁੱਟੇ ਗਏ। ਲੋਕ ਉਸ ਸਥਾਨ 'ਤੇ ਇਕੱਠੇ ਹੋਏ ਜਿਥੇ ਡੌਂਟ ਰਾਈਟ ਨੂੰ ਗੋਲੀ ਮਾਰੀ ਗਈ ਸੀ। ਉਥੇ ਸਥਾਪਿਤ ਕੀਤੇ ਡੌਂਟ ਰਾਈਟ ਦੇ ਬੁੱਤ ਉਪਰ ਫੁੱਲਾਂ ਨਾਲ ਸ਼ਰਧਾਂਜਲੀ ਦਿੱਤੀ ਗਈ। ਮੋਮਬੱਤੀਆਂ ਜਗਾਈਆਂ ਗਈਆਂ। ਲੋਕਾਂ ਨੇ ਵੱਖ ਵੱਖ ਸੁਨੇਹਿਆਂ ਨਾਲ ਰਾਈਟ ਨੂੰ ਯਾਦ ਕੀਤਾ। ਰਾਈਟ ਦੀ ਮਾਂ ਕੇਟੀ ਰਾਈਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਦਾ ਸਭ ਕੁੱਝ ਖੋਹ ਲਿਆ ਗਿਆ ਹੈ। ਉਹ ਬਹੁਤ ਹੀ ਪਿਆਰਾ ਤੇ ਹਮੇਸ਼ਾਂ ਖੁਸ਼ ਰਹਿਣ ਵਾਲਾ ਮਨੁੱਖ ਸੀ।

ਮਿਨੀਪੋਲਿਸ ਵਿਚ ਪੁਲਿਸ ਨੇ ਪ੍ਰਦਰਸ਼ਨਾਂ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਹੈ । ਅਮਰੀਕਾ ਦੇ  ਹੋਰ ਸ਼ਹਿਰਾਂ ਵਿਚ ਵੀ ਇਨਸਾਫ ਨੂੰ ਲੈ ਕੇ ਪ੍ਰਦਰਸ਼ਨਾਂ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ। ਪਿਛਲੇ ਸਾਲ ਮਈ ਵਿਚ ਇਸੇ ਸ਼ਹਿਰ ਵਿਚ ਹੀ ਪੁਲਿਸ ਹੱਥੋਂ ਜਾਰਜ ਫਲਾਇਡ ਨਾਮੀ ਕਾਲਾ ਵਿਅਕਤੀ ਮਾਰਿਆ ਗਿਆ ਸੀ ਜਿਸ ਤੋਂ ਬਾਅਦ ਨਸਲੀ ਨਿਆਂ ਤੇ ਪੁਲਿਸ ਦੇ ਅਤਿਆਚਾਰਾਂ ਵਿਰੁੱਧ ਵਿਆਪਕ ਪ੍ਰਦਰਸ਼ਨ ਹੋਏ ਸਨ। 'ਬਲੈਕ ਲਿਵਜ਼ ਮੈਟਰ' ਦੇ ਬੈਨਰ ਹੇਠ ਜਗਾ-ਜਗਾ ਲੋਕਾਂ ਨੇ ਕਾਲਿਆਂ ਨਾਲ ਹੁੰਦੇ ਭੇਦਭਾਵ ਤੇ ਹੁੰਦੀਆਂ ਵਧੀਕੀਆਂ ਨੂੰ ਲੈ ਕੇ ਇਨਸਾਫ ਦੀ ਮੰਗ ਨੂੰ ਲੈ ਕੇ ਵਿਖਾਵੇ ਕੀਤੇ ਸਨ। ਇਸ ਅੰਦੋਲਨ ਨੇ ਅਮਰੀਕੀਆਂ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਰਖ ਦਿੱਤਾ ਸੀ।

ਪੁਲਿਸ ਅਧਿਕਾਰੀ ਵੱਲੋਂ ਅਸਤੀਫਾ

 26 ਸਾਲਾ ਪੁਲਿਸ ਅਧਿਕਾਰੀ ਕਿਮ ਪੌਟਰ ਜਿਸ ਵੱਲੋਂ ਮਿਨੀਪੋਲਿਸ ਨੀਮ ਸ਼ਹਿਰੀ ਖੇਤਰ ਵਿਚ ਇਕ ਪੁਲਿਸ ਨਾਕਾਬੰਦੀ 'ਤੇ ਡੌਂਟ ਰਾਈਟ ਨਾਮੀ ਕਾਲੇ ਵਿਅਕਤੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ, ਨੇ ਅਸਤੀਫਾ ਦੇ ਦਿੱਤਾ ਹੈ। ਇਹ ਐਲਾਨ ਮੇਅਰ ਮਾਈਕ ਇਲੀਓਟ ਨੇ ਕੀਤਾ ਹੈ। 

ਡੌਂਟ ਰਾਈਟ                                           ਕਿਮ ਪੌਟਰ

ਮੇਅਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਨੇ ਪੁਲਿਸ ਅਧਿਕਾਰੀ ਨੂੰ ਅਸਤੀਫਾ ਦੇਣ ਲਈ ਨਹੀਂ ਕਿਹਾ ਸੀ ਪਰ ਉਹ ਖੁਦ ਹੀ ਅਸਤੀਫਾ ਦੇ ਗਈ ਹੈ। ਪੌਟਰ ਨੇ ਆਪਣੇ ਅਸਤੀਫੇ ਵਿਚ ਲਿਖਿਆ ਹੈ 'ਮੈ ਇਕ ਪੁਲਿਸ ਅਧਿਕਾਰੀ ਵਜੋਂ ਹਰ ਪਲ ਨੂੰ ਪਿਆਰ ਕੀਤਾ ਹੈ ਤੇ ਆਪਣੀ ਪੂਰੀ ਸਮਰੱਥਾ ਨਾਲ ਭਾਈਚਾਰੇ ਦੀ ਸੇਵਾ ਕੀਤੀ ਹੈ ਪਰੰਤੂ ਮੈ ਵਿਸ਼ਵਾਸ਼ ਕਰਦੀ ਹਾਂ ਕਿ ਮੇਰੇ ਵੱਲੋਂ ਤੁਰੰਤ ਅਸਤੀਫਾ ਦੇਣਾ ਭਾਈਚਾਰੇ, ਵਿਭਾਗ ਤੇ ਮੇਰੇ ਸਾਥੀ ਅਫਸਰਾਂ ਦੇ ਹਿੱਤ ਵਿਚ ਰਹੇਗਾ। ਉਸ ਤੋਂ ਬਾਅਦ ਸ਼ਹਿਰ ਦੇ ਪੁਲਿਸ ਮੁੱਖੀ ਟਿਮ ਗੈਨਨ ਵੀ ਅਸਤੀਫ਼ਾ ਦੇ ਗਏ।