ਕਰਨਾਟਕ ਦੇ ਸ਼ਹਿਰ ਬੰਗਲੌਰ ਵਿੱਚ ਪ੍ਰਾਈਵੇਟ ਕਾਲਜ ਵਿੱਚ ਸਿੱਖ ਵਿਦਿਆਰਥੀਆਂ ਤੇ ਦਸਤਾਰਾਂ ਅਤੇ ਚੁੰਨੀਆਂ ਲੈਣ ਉਤੇ ਲਗਾਈ ਗਈ ਪਾਬੰਦੀ ਸਿੱਖ ਧਰਮ ਵਿੱਚ ਸਿੱਧਾ ਦਖਲ਼— ਜਥੇਦਾਰ ਪੰਜੋਲੀ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਧਰਮ ਮਨੁੱਖ ਦਾ ਨਿੱਜੀ ਮਾਮਲਾ ਹੈ ਅਤੇ ਭਾਰਤ ਦਾ ਸੰਵਿਧਾਨ ਮਨੁੱਖ ਨੂੰ ਆਪਣੇ ਧਰਮ ਦੀਆਂ ਰਹੂ ਰੀਤਾਂ ਨੂੰ ਮੰਨਣ ਦੀ ਪੂਰਨ ਅਜ਼ਾਦੀ ਦਿੰਦਾ ਹੈ।ਕੁਝ ਕੱਟੜ ਲੋਕ ਅਤੇ ਸੰਸਥਾਵਾਂ ਧਰਮ ਦੀਆਂ ਮਹਾਨ ਕਦਰਾਂ ਕੀਮਤਾ ਦਾ ਅਪਮਾਨ ਕਰਕੇ ਮਨੁੱਖੀ ਭਾਈਚਾਰੇ ਵਿੱਚ ਨਫ਼ਰਤ ਫੈਲਾ ਰਹੀਆਂ ਹਨ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਬੰਗਲੌਰ ਦੇ ਇਕ ਪ੍ਰਾਈਵੇਟ ਕਾਲਜ ਵਲੋਂ ਸਿੱਖ ਵਿਦਿਆਰਥੀਆਂ ਦੇ ਦਸਤਾਰਾਂ ਅਤੇ ਚੁੰਨੀਆਂ ਲੈਣ ਉਤੇ ਲਗਾਈ ਗਈ ਪਾਬੰਦੀ ਦਾ ਗੰਭੀਰ ਨੋਟਿਸ ਲੈਦਿਆਂ ਕਿਹਾ ਕਿ ਇਹ ਕਾਰਵਾਈ ਸਿੱਖ ਧਰਮ ਵਿੱਚ ਸਿੱਧੀ ਦਖਲ ਅੰਦਾਂਜੀ ਹੈ ਜਿਸਨੂੰ ਕਦਾਚਿੱਤ ਵੀ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਦੇਸ਼ ਦੇ ਗ੍ਰਹਿ ਮੰਤਰੀ ਨੂੰ ਅਪੀਲ ਕਰਦਿਆਂ ਸ੍ਰ. ਪੰਜੋਲੀ ਨੇ ਕਿਹਾ ਕਿ ਇਹੋ ਜਿਹੀਆਂ ਸੰਸਥਾਵਾਂ ਜਿਹੜੀਆਂ ਦੂਜੇ ਧਰਮਾਂ ਦੀਆਂ ਪ੍ਰੰਪਰਾਵਾਂ ਨੂੰ ਮੰਨਣ ਅਤੇ ਪਹਿਰਾਵਾਂ ਪਹਿਨਣ ਉਤੇ ਪਾਬੰਦੀ ਲਗਾਉਂਦੀਆਂ ਹਨ ਉਹ ਜਿਥੇ ਸਮਾਜ ਵਿੱਚ ਨਫਰਤ ਪੈਦਾ ਕਰਦੀਆਂ ਹਨ ਉਥੇ ਉਨਾਂ ਦੀ ਕਾਰਜ ਵਿਧੀ ਵੀ ਦੇਸ਼ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਮੈ ਸਮਝਦਾ ਹਾਂ ਕਿ ਇਹੋ ਜਿਹੀਆਂ ਸੰਸਥਾਵਾਂ ਉਤੇ ਤੁਰੰਤ ਪਾਬੰਧੀ ਲਗਾਉਣੀ ਚਾਹੁੰਦੀ ਹੈ ਜਿਹੜੀਆਂ ਸਮਾਜ ਨੂੰ ਤੋੜਨ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖਤਰਾ ਪੈਦਾ ਕਰਦੀਆਂ ਹਨ। ਸ੍ਰੋਮਣੀ ਕਮੇਟੀ ਵਲੋਂ ਇਸ ਸਬੰਧੀ ਕਰਨਾਟਕਾ ਦੇ ਮੁੱਖ ਮੰਤਰੀ ਨੂੰ ਮਿਲਣ ਲਈ ਇਕ ਡੈਲੀਗੇਸ਼ਨ ਵੀ ਭੇਜਿਆ ਗਿਆ ਹੈ। ਜਥੇਦਾਰ ਪੰਜੋਲੀ ਨੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਹਰ ਸੂਬੇ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਅਤੇ ਗਵਰਨਰ ਨੂੰ ਇਕ ਸਰਕੂਲਰ ਭੇਜ਼ ਕੇ ਸੁਨੇਹਾ ਭੇਜਣ ਦਾ ਯਤਨ ਕਰਨ ਕਿ ਧਰਮ ਮਨੁੱਖ ਦਾ ਨਿੱਜੀ ਮਾਮਲਾ ਹੈ। ਇਸ ਲਈ ਕਿਸੇ ਵੀ ਸਕੂਲ ਕਾਲਜ ਜਾਂ ਯੂਨੀਵਰਸਿਟੀ ਵਿੱਚ ਕਿਸੇ ਵੀ ਵਿਦਿਆਰਥੀ ਦੇ ਧਾਰਮਿਕ ਪਹਿਰਾਵੇ ਉਤੇ ਪਾਬੰਧੀ ਨਾ ਲਗਾਈ ਜਾਵੇ।
ਜਥੇਦਾਰ ਪੰਜੋਲੀ ਨੇ ਦੱਸਿਆ ਕਿ ਇਸ ਸਬੰਧੀ ਅਤੇ ਸਿੱਖ ਧਰਮ ਦੇ ਹੋਰ ਬਹੁਤ ਸਾਰੇ ਮਾਮਲਿਆਂ ਸਬੰਧੀ ਸ੍ਰੋਮਣੀ ਕਮੇਟੀ ਦਾ ਇਕ ਡੇਲੀਗੇਸ਼ਨ ਜਲਦੀ ਹੀ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਿਲਣ ਦਾ ਯਤਨ ਵੀ ਕਰੇਗਾ।
Comments (0)