ਜੂਨ ’84 ਦੇ ਫ਼ੌਜੀ ਹਮਲੇ ਸਬੰਧੀ ਕੇਸ ਪ੍ਰਤੀ ਸ਼੍ਰੋਮਣੀ ਕਮੇਟੀ ਤੇ ਟਕਸਾਲ ਵਿਚ ਤਣਾਅ 

ਜੂਨ ’84 ਦੇ ਫ਼ੌਜੀ ਹਮਲੇ ਸਬੰਧੀ ਕੇਸ ਪ੍ਰਤੀ ਸ਼੍ਰੋਮਣੀ ਕਮੇਟੀ ਤੇ ਟਕਸਾਲ ਵਿਚ ਤਣਾਅ 

*ਅਦਾਲਤ ਤੋਂ ਬਾਹਰ ਕੇਂਦਰ ਸਰਕਾਰ ਨਾਲ ਸਮਝੌਤਾ ਕਰਨ ਦੀ ਗ਼ਲਤੀ ਨਾ ਕਰੇ : ਸੰਤ ਗਿਆਨੀ ਹਰਨਾਮ ਸਿੰਘ ਖਾਲਸਾ 

*ਪੰਥ ਦੀ ਮਨਜੂਰੀ ਬਿਨਾਂ ਕੋਈ ਫੈਸਲਾ ਨਹੀਂ ਲਿਆ ਜਾਵੇਗਾ - ਬੀਬੀ ਜਾਗੀਰ ਕੌਰ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਅੰਮ੍ਰਿਤਸਰ -  ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ  ਦਮਦਮੀ ਟਕਸਾਲ ਜੂਨ ’84 ਦੇ ਘੱਲੂਘਾਰੇ ਦੌਰਾਨ ਇੰਦਰਾ ਗਾਂਧੀ ਹਕੂਮਤ ਵਲੋਂ ਸ੍ਰੀ ਦਰਬਾਰ ਸਾਹਿਬ ’ਤੇ ਚਾੜੀਆਂ ਗਈਆਂ ਫੌਜਾਂ ਦਾ ਮੁਕਾਬਲਾ ਕਰਨ ਵਾਲੀ ਮੁਖ ਧਿਰ ਹੈ। ਸਿਖ ਸੰਗਤਾਂ ਅਤੇ ਦਮਦਮੀ ਟਕਸਾਲ ਦੀ ਸਹਿਮਤੀ ਬਿਨਾ ਕੇਂਦਰ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ। ਉਨਾਂ ਕਿਹਾ ਕਿ ਫੌਜੀ ਹਮਲੇ ’ਚ ਹੋਏ ਨੁਕਸਾਨ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰ ਸਰਕਾਰ ਖਿਲਾਫ ਕੀਤੇ ਗਏ ਮੁਕੱਦਮੇ ਸੰਬੰਧੀ ਦਿਲੀ ਹਾਈ ਕੋਰਟ ਵੱਲੋਂ ਦੋਹਾਂ ਪਾਰਟੀਆਂ ਨੂੰ ਆਪਸੀ ਸਹਿਮਤੀ ਨਾਲ ਮਾਮਲਾ ਹੱਲ ਕਰ ਲੈਣ ਦੀ ਕੀਤੀ ਗਈ ਪੇਸ਼ਕਸ਼ ਪ੍ਰਤੀ ਸਮਝੌਤੇ ਦੀਆਂ ਸੰਭਾਵਨਾਵਾਂ ਨੂੰ ਤਲਾਸ਼ ਰਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਦਮਦਮੀ ਟਕਸਾਲ ਆਗਾਹ ਕਰਦਿਆਂ ਕਿਹਾ ਹੈ ਕਿ ਉਹ ਇਸ ਬਾਰੇ ਅਦਾਲਤ ਤੋਂ ਬਾਹਰ ਸਮਝੌਤਾ ਕਰਨ ਦਾ ਜੋਖ਼ਮ ਨਾ ਉਠਾਉਣ ਕਿਉਂਕਿ ਇਹ ਮਾਮਲਾ ਕੇਵਲ ਮਾਲੀ ਨੁਕਸਾਨ ਦੇ ਮੁਆਵਜ਼ੇ ਦਾ ਹੀ ਨਹੀਂ ਸਗੋਂ ਸਿੱਖ ਕੌਮ ਦੀ ਆਨ ਸ਼ਾਨ ਅਤੇ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। 

ਉਨ੍ਹਾਂ ਕਿਹਾ ਕਿ ਜੂਨ ’84 ਦੌਰਾਨ ਕਾਂਗਰਸ ਦੀ ਇੰਦਰਾ ਗਾਂਧੀ ਹਕੂਮਤ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਨਿਸ਼ਾਨਾ ਬਣਾ ਕੇ ਸ੍ਰੀ ਦਰਬਾਰ ਸਾਹਿਬ ’ਤੇ ਤੋਪਾਂ ਟੈਂਕਾ ਨਾਲ ਹਮਲਾ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨਾ, ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੋਲੀਆਂ ਮਾਰਨੀਆਂ, ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰ ਰਹੇ ਰਾਗੀ ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨਾ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪੁਰਬ ਮਨਾਉਣ ਆਈਆਂ ਹਜ਼ਾਰਾਂ ਨਿਰਦੋਸ਼ ਸੰਗਤਾਂ ਸ਼ਰਧਾਲੂਆਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਏ ਜਾਣ ਨਾਲ ਉਨ੍ਹਾਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ। ਇਸ ਕੌਮੀ ਦੁਖਾਂਤ ਨਾਲ ਦੁਨੀਆ ਭਰ ਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ। ਜਿਸ ਦਾ ਦਰਦ ਅੱਜ ਵੀ ਸਿੱਖ ਹਿਰਦਿਆਂ ’ਚ ਬਰਕਰਾਰ ਦੇਖਿਆ ਜਾ ਸਕਦਾ ਹੈ।  ਉਨ੍ਹਾਂ ਕਿਹਾ ਕਿ ਉਕਤ ਵੱਡੇ ਨੁਕਸਾਨ ਲਈ ਆਰਥਿਕ ਭਰਪਾਈ ਮਸਲੇ ਦਾ ਕੋਈ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਉਸ ਵਕਤ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਇਸ ਹਮਲੇ ਨੂੰ ਲੈ ਕੇ ਕੇਂਦਰ ਖਿਲਾਫ ਵਿੱਤੀ ਹਰਜਾਨੇ ਦਾ ਕੇਸ ਦਾਇਰ ਕਰਨ ਪਿੱਛੇ ਕੀਤੇ ਗਏ ਹਮਲੇ ਪ੍ਰਤੀ ਸਮੁੱਚੇ ਨੁਕਸਾਨ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ’ਤੇ ਪਾਉਂਦਿਆਂ ਉਸ ਤੋਂ ਇਹ ਸਵੀਕਾਰ ਕਰਾਉਣਾ ਸੀ ਕਿ ਗੁਰ ਅਸਥਾਨਾਂ ’ਤੇ ਕੀਤੇ ਗਏ ਫ਼ੌਜੀ ਹਮਲੇ ਪੂਰੀ ਤੌਰ ’ਤੇ ਨਜਾਇਜ਼ ਸੀ।  ਉਨ੍ਹਾਂ ਕਿਹਾ ਕਿ ਇਕ ਵੱਡੀ ਤੇ ਤਸੱਲੀ ਵਾਲੀ ਗਲ ਇਹ ਵੀ ਹੈ ਕਿ ਕੇਸ 35- 36 ਸਾਲ ਲੰਮਾ ਚੱਲਣ ਦੇ ਬਾਵਜੂਦ ਅੱਜ ਇਸ ਸਥਿਤੀ ਵਿਚ ਹੈ ਕਿ ਜਿਸ ਤੋਂ ਇਹ ਸਪਸ਼ਟ ਹੋਵੇਗਾ ਕਿ ਉਸ ਸਮੇਂ ਕਾਂਗਰਸ ਦੀ ਹਕੂਮਤ ਦੀ ਵੱਡੀ ਗ਼ਲਤੀ ਕਾਰਨ ਹੀ ਤੀਸਰਾ ਘੱਲੂਘਾਰਾ ਵਾਪਰਿਆ। ਸੰਸਾਰ ਦੀ ਸਮੁੱਚਾ ਸਿੱਖ ਜਗਤ ਉਕਤ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅਖ਼ਬਾਰਾਂ ਰਾਹੀਂ ਪਤਾ ਲਗਾ ਹੈ ਕਿ ਦਿਲੀ ਹਾਈ ਕੋਰਟ ਵੱਲੋਂ ਉਕਤ ਕੇਸ ਸੰਬੰਧੀ ਦੋਹਾਂ ਧਿਰਾਂ ਸ਼੍ਰੋਮਣੀ ਕਮੇਟੀ ਅਤੇ ਕੇਂਦਰ ਸਰਕਾਰ ਨੂੰ ਇਹ ਰਾਏ ਦਿੱਤੀ ਗਈ ਕਿ ਦੋਹਾਂ ਹੀ ਧਿਰਾਂ ਚਾਹੁਣ ’ਤੇ ਅਦਾਲਤ ਤੋਂ ਬਾਹਰ ਆਪਸ ਵਿਚ ਬੈਠ ਕੇ ਇਸ ਮਸਲੇ ਦਾ ਹੱਲ ਕਰ ਲੈਣ। 

ਜਦਕਿ  ਕੇਂਦਰ ਸਰਕਾਰ ਇਹ ਪ੍ਰਸਤਾਵ ਸ਼੍ਰੋਮਣੀ ਕਮੇਟੀ ਨੂੰ ਪਿਛਲੇ ਸਾਲ ਦੇ ਚੁੱਕੀ ਹੈ। ਪਰ ਦਮਦਮੀ ਟਕਸਾਲ ਸਮੁੱਚੇ ਪੰਥ ਨੂੰ ਅਤੇ ਵਿਸ਼ੇਸ਼ ਕਰ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਅਗਾਊਂ ਸੁਚੇਤ ਕਰਦੀ ਹੈ ਕਿ ਉਹ ਇਸ ਪੰਥ ਦੀ ਆਨ ਸ਼ਾਨ ਦੇ ਮਾਮਲੇ ’ਚ ਪੰਥ ਦੀਆਂ ਭਾਵਨਾਵਾਂ ਨੂੰ ਸਮਝੇ। ਇਹ ਮਾਮਲਾ ਜਿੱਥੇ ਸਮੁੱਚੇ ਪੰਥ ਨਾਲ ਜੁੜਿਆ ਹੋਇਆ ਹੈ ਉੱਥੇ ਵਿਸ਼ੇਸ਼ ਤੋਰ ’ਤੇ ਦਮਦਮੀ ਟਕਸਾਲ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਦਾਲਤ ਤੋਂ ਬਾਹਰ ਕਿਸੇ ਕਿਸਮ ਦਾ ਸਮਝੌਤਾ ਪੰਥ ਪਰਵਾਨ ਨਹੀਂ ਕਰੇਗਾ। ਇਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨਾਲ ਭਾਈ ਜਸਵੀਰ ਸਿੰਘ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਅਜੈਬ ਸਿੰਘ ਅਭਿਆਸੀ ਅਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।ਦੂਜੇ ਪਾਸੇ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਉਹਨਾਂ ਪੰਥ ਦੀ ਮਨਜੂਰੀ ਬਿਨਾਂ ਕੋਈ ਫੈਸਲਾ ਨਹੀਂ ਲਿਆ।ਹੂਣ ਵੀ ਉਹ ਫੈਸਲਾ ਲੈਣਗੇ ਜੋ ਪੰਥ ਨੂੰ ਮਨਜੂਰ ਹੋਵੇਗਾ।