ਸ਼ਿਕਾਗੋ ਦੇ ਇਕ ਘਰ ਵਿਚ ਚੱਲੀਆਂ ਗੋਲੀਆਂ

ਸ਼ਿਕਾਗੋ ਦੇ ਇਕ ਘਰ ਵਿਚ ਚੱਲੀਆਂ ਗੋਲੀਆਂ
ਸ਼ਿਕਾਗੋ ਦੇ ਇਕ ਘਰ ਵਿਚ ਗੋਲੀਆਂ ਚੱਲਣ ਉਪਰੰਤ ਮੌਕੇ 'ਤੇ ਪੁੱਜੀ ਪੁਲਿਸ

 ਤਿੰਨ ਔਰਤਾਂ ਸਮੇਤ 4 ਮਰੇ, 4 ਜ਼ਖਮੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ) ਸ਼ਿਕਾਗੋ ਦੇ ਦੱਖਣ ਵਿਚ ਇਕ ਘਰ ਵਿਚ ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਹੋਈ ਗੋਲੀਬਾਰੀ ਵਿਚ ਤਿੰਨ ਔਰਤਾਂ ਤੇ ਇਕ ਮਰਦ ਦੀ ਮੌਤ ਹੋ ਗਈ ਜਦ ਕਿ ਤਿੰਨ ਵਿਅਕਤੀ ਤੇ  ਇਕ  ਔਰਤ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਇਹ ਘਟਨਾ ਲੰਘੇ ਦਿਨ ਤੜਕਸਾਰ 6 ਵਜੇ ਦੇ ਆਸ ਪਾਸ ਐਂਗਲਵੁੱਡ ਖੇਤਰ ਵਿਚ ਇਕ ਰਿਹਾਇਸ਼ੀ ਘਰ ਵਿਚ ਵਾਪਰੀ ਜਿਥੇ ਕੁਝ ਲੋਕ ਇਕੱਠੇ ਹੋਏ ਸਨ। ਬੋਲ ਕਬੋਲ ਉਪਰੰਤ ਗੋਲੀਆਂ ਚਲ ਗਈਆਂ। ਇਹ ਇਕੱਠ ਕਿਉਂ ਕੀਤਾ ਗਿਆ ਸੀ ਇਸ ਬਾਰੇ ਸਪੱਸ਼ਟ ਨਹੀਂ ਹੋ ਸਕਿਆ। ਸ਼ਿਕਾਗੋ ਪੁਲਿਸ ਸੁਪਰਡੈਂਟ ਡੇਵਿਡ ਬਰਾਊਨ ਨੇ ਕਿਹਾ ਹੈ ਕਿ ਅਜੇ ਤੱਕ ਅਜਿਹਾ ਨਹੀਂ ਲੱਗ ਰਿਹਾ ਕਿ  ਘਟਨਾ ਵਿਚ ਕੋਈ ਸ਼ੱਕੀ ਵਿਅਕਤੀ ਸ਼ਾਮਿਲ ਹੈ। ਪੀੜਤ ਹੀ ਮੌਕੇ ਦੇ ਗਵਾਹ ਹਨ ਪਰੰਤੂ ਜ਼ਖਮੀਆਂ ਦਾ ਅਜੇ ਇਲਾਜ਼ ਚੱਲ  ਰਿਹਾ ਹੈ ਇਸ ਲਈ ਕਿਸੇ ਦੇ ਵੀ ਬਿਆਨ ਨਹੀਂ ਲਏ ਜਾ ਸਕੇ। ਉਨਾਂ ਕਿਹਾ ਹੈ ਕਿ ਘਟਨਾ ਸਥਾਨ ਤੋਂ ਵੱਡੀ ਮਾਤਰਾ ਵਿਚ ਜਿੰਦਾ ਕਾਰਤੂਸ ਤੇ ਚੱਲੀਆਂ ਗੋਲੀਆਂ ਦੇ ਖੋਲ ਮਿਲੇ ਹਨ। ਉਨਾਂ ਕਿਹਾ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜਿਸ ਤੋਂ ਕਿਸੇ ਬਾਹਰਲੇ ਵਿਅਕਤੀ ਦੇ ਘਰ ਵਿਚ ਧੱਕੇ ਨਾਲ ਦਾਖਲ ਹੋਣ ਦਾ ਪਤਾ ਲੱਗਦਾ ਹੋਵੇ। ਉਨਾਂ ਦਸਿਆ ਕਿ ਘਟਨਾ ਸਮੇ ਘਰ ਵਿਚ ਅਨੇਕਾਂ ਫੋਨ ਆਉਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਜ਼ਖਮੀਆਂ ਦੇ ਬਿਆਨਾਂ ਉਪਰੰਤ ਹੀ ਕੋਈ ਸਿੱਟਾ ਕੱਢਿਆ ਜਾ ਸਕੇਗਾ। ਪੁਲਿਸ ਨੇ ਮਾਰੇ ਗਏ ਤੇ ਜ਼ਖਮੀ ਹੋਏ ਲੋਕਾਂ ਦੇ ਨਾਂ ਜਨਤਿਕ ਨਹੀਂ ਕੀਤੇ ਹਨ। ਇਥੇ ਜਿਕਰਯੋਗ ਹੈ ਕਿ ਅਮਰੀਕਾ ਦੇ 6 ਰਾਜਾਂ ਵਿਚ ਇਸ ਸਾਲ ਗੋਲੀਆਂ ਚੱਲਣ ਦੀਆਂ 272 ਘਟਨਾਵਾਂ ਵਾਪਰ ਚੁੱਕੀਆਂ ਹਨ।